ਚੋਰੀ ਨਾਲੇ ਸੀਨਾ ਜ਼ੋਰੀ, ਸੰਜੀਵ ਸੂਦ ਖਿਲਾਫ ਐਫ. ਆਈ. ਆਰ. ਦਰਜ

06/26/2017 5:21:10 PM

ਜਲੰਧਰ— ਸਪੀਡ ਰਿਕਾਡਸ ਦੇ ਇਕ ਗਾਣੇ ਨੂੰ ਆਪਣੀ ਮਿਊਜ਼ਿਕ ਕੰਪਨੀ ਪਰਲ ਮਿਊਜ਼ਿਕ ਦੇ ਯੂ-ਟਿਊਬ ਪੇਜ 'ਤੇ ਅਪਲੋਡ ਕਰਨ ਅਤੇ ਇਸ ਗਾਣੇ ਦੇ ਕਾਪੀ ਰਾਈਟ ਖੁਦ ਕੋਲ ਹੋਣ ਦਾ ਦਾਅਵਾ ਕਰਨਾ ਕੰਪਨੀ ਦੇ ਪਾਰਟਨਰ ਸੰਜੀਵ ਸੂਦ ਨੂੰ ਮਹਿੰਗਾ ਪਿਆ ਹੈ। ਗਾਣੇ ਦੇ ਕਾਪੀ ਰਾਈਟ ਪਰਲ ਕੋਲ ਨਾ ਹੋਣ ਦੇ ਚਲਦਿਆਂ ਸਪੀਡ ਰਿਕਾਰਡਸ ਨੇ ਸੰਜੀਵ ਸੂਦ ਖਿਲਾਫ ਫਗਵਾੜਾ ਥਾਣੇ ਵਿਚ ਧੋਖਾਧੜੀ ਦੀ ਧਾਰਾ 420 ਆਈ. ਪੀ. ਸੀ. ਅਤੇ ਕਾਪੀ ਰਾਈਟ ਐਕਟ 1957 ਦੀ ਧਾਰਾ 51\63\68 ਤਹਿਤ ਮਾਮਲਾ ਦਰਜ ਕਰਵਾ ਦਿੱਤਾ ਹੈ।
ਦਰਅਸਲ ਪਰਲ ਮਿਊਜ਼ਿਕ ਕੰਪਨੀ ਨੇ ਗਾਇਕ ਸੰਤੋਖ ਸਿੰਘ ਭੈਣੀਵਾਲ ਦਾ ਗਾਣਾ 'ਦਾਰੂ' ਆਪਣੇ ਯੂ-ਟਿਊਬ ਪੇਜ 'ਤੇ ਅਪਲੋਡ ਕੀਤਾ ਹੈ ਅਤੇ ਨਾਲ ਹੀ ਯੂ-ਟਿਊਬ ਨੂੰ ਇਸ ਗੱਲ ਦੀ ਸ਼ਿਕਾਇਤ ਕਰ ਦਿੱਤੀ ਕਿ ਗਾਣੇ ਦੇ ਕਾਪੀ ਰਾਈਟ ਪਰਲ ਮਿਊਜ਼ਿਕ ਕੋਲ ਹਨ ਅਤੇ ਸਪੀਡ ਰਿਕਾਰਡਸ ਦੇ ਯੂ-ਟਿਊਬ ਪੇਜ 'ਤੇ ਕੰਪਨੀ ਵਲੋਂ ਅਪਲੋਡ ਕੀਤਾ ਗਿਆ ਗਾਣਾ ਵੀ ਗੈਰ ਕਾਨੂੰਨੀ ਹੈ। ਇਸ ਦੇ ਜਵਾਬ ਵਿਚ ਸਪੀਡ ਰਿਕਾਰਡਸ ਨੇ ਪਰਲ ਮਿਊਜ਼ਿਕ ਪਾਸੋਂ ਗਾਣੇ ਦੇ ਕਾਪੀ ਰਾਈਟ ਹੋਣ ਦੇ ਸਬੂਤ ਮੰਗੇ ਤਾਂ ਪਰਲ ਮਿਊਜ਼ਿਕ ਸਬੂਤ ਪੇਸ਼ ਨਹੀਂ ਕਰ ਸਕਿਆ ਹੈ।
ਸਪੀਡ ਰਿਕਾਰਡਸ ਦੇ ਪਾਰਟਨਰ ਅਤੇ ਡਿਜੀਟਲ ਰਾਈਟਸ ਦਾ ਕੰਮ ਦੇਖਣ ਵਾਲੇ ਰਮਨਦੀਪ ਸਿੰਘ ਦੀ ਸ਼ਿਕਾਇਤ 'ਤੇ ਇਹ ਐੱਫ. ਆਈ. ਆਰ. ਦਰਜ ਕੀਤੀ ਗਈ ਹੈ। ਰਮਨਦੀਪ ਸਿੰਘ ਨੇ ਐੱਫ. ਆਈ. ਆਰ. 'ਚ ਦੋਸ਼ ਲਗਾਇਆ ਕਿ ਸੰਤੋਖ ਸਿੰਘ ਭੈਣੀਵਾਲ ਦੇ ਜਿਸ ਗੀਤ 'ਤੇ ਪਰਲ ਰਿਕਾਰਡਸ ਨੇ ਕਾਪੀ ਰਾਈਟ ਕੀਤਾ ਹੈ ਉਹ ਗਾਣਾ ਉਨ੍ਹਾਂ 10 ਗਾਣਿਆਂ ਵਿਚੋਂ ਹੈ ਜਿਸ ਦਾ ਇਕਰਾਰਨਾਮਾ ਸਪੀਰਡ ਰਿਕਾਡਸ ਨੇ ਕਾਕਾ ਭੈਣੀਵਾਲ ਨਾਲ 31 ਮਾਰਚ 2008 ਨੂੰ ਕੀਤਾ ਸੀ। ਜਿਸ ਗਾਣੇ 'ਤੇ ਕਾਪੀ ਰਾਈਟ ਦੇ ਦੋਸ਼ ਲਗਾਏ ਗਏ ਹਨ ਉਹ ਗਾਣਾ ਜਸਕਲਿਆਣਪੁਰੀ ਦਾ ਲਿਖਿਆ ਹੈ ਅਤੇ ਇਨ੍ਹਾਂ ਗਾਣਿਆਂ ਨੂੰ ਲੈ ਕੇ ਗਾਇਕ ਅਤੇ ਕੰਪਨੀ ਵਿਚਾਲੇ ਹੋਏ ਇਕਰਾਰਨਾਮੇ ਦੇ ਸਾਰੇ ਸਬੂਤ ਸਪੀਡ ਰਿਕਾਰਡਸ ਦੇ ਕੋਲ ਹਨ। ਰਮਨਦੀਪ ਸਿੰਘ ਨੇ ਦੋਸ਼ ਲਗਾਇਆ ਕਿ 7 ਸਾਲ ਪਹਿਲਾਂ ਵੀ ਸਪੀਡ ਰਿਕਾਰਡਸ ਨੇ ਸੰਜੀਵ ਸੂਦ ਖਿਲਾਫ ਅਜਿਹੇ ਹੀ ਇਕ ਮਾਮਲੇ ਵਿਚ ਐੱਫ. ਆਈ. ਆਰ. ਦਰਜ ਕਰਵਾਈ ਸੀ ਜਿਸ ਦੀ ਬਦਲਾਖੋਰੂ ਕਾਰਵਾਈ ਤਹਿਤ ਸੰਜੀਵ ਸੂਦ ਯੂ-ਟਿਊਬ 'ਤੇ ਉਨ੍ਹਾਂ ਖਿਲਾਫ ਝੂਠੀ ਸ਼ਿਕਾਇਤ ਦਰਜ ਕਰਵਾਈ ਹੈ। ਮਾਮਲੇ ਵਿਚ ਸਪੀਡ ਰਿਕਾਰਡਸ ਨੇ ਟੂ-ਟਿਊਬ ਸਾਹਮਣੇ ਆਪਣਾ ਪੱਖ ਰੱਖ ਦਿੱਤਾ ਹੈ। ਇਸ ਪੂਰੇ ਮਾਮਲੇ ਵਿਚ 'ਜਗ ਬਾਣੀ' ਨੇ ਸੰਜੀਵ ਸੂਦ ਨਾਲ ਉਨ੍ਹਾਂ ਦੇ ਮੋਬਾਇਲ ਨੰਬਰ 'ਤੇ ਸੰਪਰਕ ਕਰਨ ਦੀ ਕੋਸ਼ਿਸ਼ ਕੀਤੀ ਪਰ ਵਾਰ-ਵਾਰ ਸੰਪਰਕ ਕਰਨ 'ਤੇ ਵੀ ਉਨ੍ਹਾਂ ਨਾਲ ਗੱਲ ਨਹੀਂ ਹੋ ਸਕੀ। ਸੰਜੀਵ ਸੂਦ ਦਾ ਇਸ ਮਾਮਲੇ ਵਿਚ ਕੋਈ ਵੀ ਪੱਖ ਹੋਵੇਗਾ 'ਜਗ ਬਾਣੀ' ਉਸ ਨੂੰ ਵੀ ਛਾਪੇਗਾ।


Related News