ਪਾਣੀ ਦੀ ਨਿਕਾਸੀ ਨਾ ਹੋਣ ਕਾਰਨ ਸੜਕਾਂ ਨੇ ਧਾਰਿਆ ਛੱਪੜ ਦਾ ਰੂਪ

06/25/2017 7:36:42 AM

ਸੁਲਤਾਨਪੁਰ ਲੋਧੀ, (ਧੀਰ)- ਪੇਂਡੂ ਲਿੰਕ ਸੜਕਾਂ 'ਤੇ ਛੱਪੜਾਂ ਤੇ ਬਰਸਾਤੀ ਪਾਣੀ ਲਈ ਵਿਭਾਗ ਵਲੋਂ ਬਣਾਈਆਂ ਹੋਈਆਂ ਪੁਲੀਆਂ ਬੰਦ ਹੋਣ ਕਾਰਨ ਜਿਥੇ ਸੜਕਾਂ 'ਤੇ ਖੜ੍ਹੇ ਪਾਣੀ ਨੇ ਛੱਪੜ ਦਾ ਰੂਪ ਧਾਰਿਆ ਹੋਇਆ ਹੈ, ਉਥੇ ਰਸਤੇ ਤੋਂ ਲੰਘਣ ਵਾਲੇ ਹਰੇਕ ਵਿਅਕਤੀ ਨੂੰ ਬਹੁਤ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। 'ਜਗ ਬਾਣੀ' ਨੇ ਜਦੋਂ ਸੁਲਤਾਨਪੁਰ ਲੋਧੀ-ਡੱਲਾ ਮਾਰਗ ਤੇ ਹਰਨਾਮਪੁਰ ਮਾਰਗ ਨੂੰ ਜਾਂਦੀਆਂ ਸੜਕਾਂ ਦਾ ਦੌਰਾ ਕੀਤਾ ਤੇ ਵੇਖਿਆ ਕਿ ਬੀਤੇ 3 ਦਿਨ ਪਹਿਲਾਂ ਹੋਈ ਬਾਰਿਸ਼ ਦਾ ਪਾਣੀ ਹਾਲੇ ਵੀ ਸੜਕਾਂ 'ਤੇ ਖੜ੍ਹਾ ਹੈ। ਪਾਣੀ ਦੀ ਕਿਸੇ ਵੀ ਪਾਸੇ ਨਿਕਾਸੀ ਨਾ ਹੋਣ ਕਾਰਨ ਸੜਕਾਂ ਪਾਣੀ ਦੇ ਨਾਲ ਭਰੀਆਂ ਹੋਈਆਂ ਹਨ। ਪਾਣੀ ਖੜ੍ਹਾ ਰਹਿਣ ਕਾਰਨ ਦਿਨ-ਬ-ਦਿਨ ਸੜਕਾਂ ਦੀ ਹਾਲਤ ਬਹੁਤ ਖਰਾਬ ਹੁੰਦੀ ਜਾ ਰਹੀ ਹੈ। 
ਜਾਣਕਾਰੀ ਅਨੁਸਾਰ ਕੁਝ ਕਿਸਾਨਾਂ ਨੇ ਆਪਣੇ ਨਿੱਜੀ ਮੁਫਾਦ ਖਾਤਿਰ ਸਰਕਾਰ ਵਲੋਂ ਪਾਣੀ ਦੀ ਨਿਕਾਸੀ ਲਈ ਬਣਾਈਆਂ ਹੋਈਆਂ ਪੁਲੀਆਂ ਨੂੰ ਬੰਦ ਕੀਤਾ ਹੋਇਆ ਹੈ, ਜਿਸ ਨਾਲ ਸਥਿਤੀ ਗੰਭੀਰ ਬਣੀ ਹੋਈ ਹੈ। ਪੁਲੀਆਂ ਬੰਦ ਕਾਰਨ ਜਿਥੇ ਕਈ ਕਿਸਾਨਾਂ ਦੇ ਖੇਤ ਵੀ ਇਸ ਪਾਣੀ ਦੀ ਭੇਟ ਚੜ੍ਹ ਚੁੱਕੇ ਹਨ, ਉਥੇ ਫਸਲਾਂ ਨੂੰ ਵੀ ਨੁਕਸਾਨ ਹੋਣ ਦਾ ਪੂਰਾ ਖਦਸ਼ਾ ਹੈ। ਸੜਕਾਂ ਦੇ ਨਾਲ ਬਰਮਾਂ 'ਤੇ ਵੀ ਕਈ ਕਿਸਾਨਾਂ ਨੇ ਕਬਜ਼ਾ ਕਰਕੇ ਇਸ ਨੂੰ ਆਪਣੇ ਖੇਤ ਨਾਲ ਹੀ ਸ਼ਾਮਲ ਕਰ ਲਿਆ ਹੈ। ਜਿਸ ਕਾਰਨ ਕਈ ਸੜਕਾਂ ਦੇ ਬਰਮ ਹੀ ਵਿਖਾਈ ਨਹੀਂ ਦੇ ਰਹੇ। ਲੋਕਾਂ ਨੇ ਸਰਕਾਰ ਤੇ ਪ੍ਰਸ਼ਾਸਨ ਤੋਂ ਮੰਗ ਕੀਤੀ ਕਿ ਪਾਣੀ ਦੀ ਨਿਕਾਸੀ ਦਾ ਪ੍ਰਬੰਧ ਕਰਕੇ ਪੁਲੀਆਂ ਨੂੰ ਖੋਲ੍ਹਿਆ ਜਾਵੇ ਤੇ ਅਜਿਹੇ ਕਰਨ ਵਾਲੇ ਕਿਸਾਨਾਂ ਦੇ ਖਿਲਾਫ ਕਾਰਵਾਈ ਵੀ ਕੀਤੀ ਜਾਵੇ। 


Related News