ਦਾਜ ''ਚ ਕਾਰ ਨਾ ਲਿਆਉਣ ''ਤੇ ਵਿਆਹੁਤਾ ਨੂੰ ਤੇਲ ਪਾ ਕੇ ਸਾੜਨ ਦੀ ਕੋਸ਼ਿਸ਼

01/17/2018 12:31:55 PM

ਗੁਰਦਾਸਪੁਰ (ਵਿਨੋਦ) - ਕਸਬਾ ਕਲਾਨੌਰ 'ਚ ਸਹੁਰੇ ਪਰਿਵਾਰ ਵੱਲੋਂ ਨੂੰਹ ਨੂੰ ਦਾਜ 'ਚ ਕਾਰ ਨਾ ਲਿਆਉਣ ਕਾਰਨ ਤੇਲ ਪਾ ਕੇ ਸਾੜਨ ਦੀ ਕੋਸ਼ਿਸ਼ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਕਮਿਊਨਿਟੀ ਹੈਲਥ ਸੈਂਟਰ ਕਲਾਨੌਰ ਵਿਚ ਇਲਾਜ ਅਧੀਨ ਗੁਰਮੀਤ ਕੌਰ ਪੁੱਤਰੀ ਅਜੀਤ ਸਿੰਘ ਨੇ ਆਪਣੀ ਮਾਤਾ ਚਰਨਜੀਤ ਕੌਰ ਸਮੇਤ ਦੱਸਿਆ ਕਿ ਉਸ ਦੇ ਪਤੀ, ਸਹੁਰੇ, ਸੱਸ ਤੇ ਭੂਆ ਵੱਲੋਂ ਲੋਹੜੀ ਵਾਲੀ ਰਾਤ ਨੂੰ ਦਾਜ ਵਿਚ ਕਾਰ ਨਾ ਮਿਲਣ 'ਤੇ ਉਸ ਨਾਲ ਕੁੱਟਮਾਰ ਕੀਤੀ ਅਤੇ ਉਸ ਦੇ ਪੈਰਾਂ ਨੂੰ ਬੰਨ੍ਹ ਕੇ ਉਸ 'ਤੇ ਤੇਲ ਪਾ ਕੇ ਸਾੜਨ ਦੀ ਕੋਸ਼ਿਸ਼ ਕੀਤੀ ਗਈ। ਪੀੜਤ ਗੁਰਮੀਤ ਕੌਰ ਦੀ ਮਾਤਾ ਨੇ ਦੱਸਿਆ ਕਿ ਲੋਹੜੀ ਵਾਲੀ ਰਾਤ ਨੂੰ ਉਸ ਦੀ ਲੜਕੀ ਨੇ ਫੋਨ ਕਰ ਕੇ ਉਸ ਨੂੰ ਇਥੋਂ ਲੈ ਜਾਣ ਦੀ ਮੰਗ ਕੀਤੀ ਅਤੇ ਜਦੋਂ ਰਾਤ ਸਮੇਂ ਉਹ ਸਹੁਰੇ ਪਿੰਡ ਕਿਲਾ ਲਾਲ ਸਿੰਘ ਗਏ ਤਾਂ ਸਹੁਰਾ ਪਰਿਵਾਰ ਨੇ ਦਰਵਾਜ਼ਾ ਤੱਕ ਨਹੀਂ ਖੋਲ੍ਹਿਆ। ਇਸਦੇ ਉਪਰੰਤ ਮਾਮਲੇ ਦੀ ਸੂਚਨਾ ਕਿਲਾ ਲਾਲ ਸਿੰਘ ਪੁਲਸ ਸਟੇਸ਼ਨ ਵਿਚ ਦਿੱਤੀ ਗਈ ਅਤੇ ਸਵੇਰੇ ਉਸ ਨੂੰ ਸਹੁਰੇ ਪਰਿਵਾਰ ਦੇ ਚੁੰਗਲ ਤੋਂ ਛੁਡਵਾ ਕੇ ਹਸਪਤਾਲ ਦਾਖ਼ਲ ਕਰਵਾਇਆ। 
ਪੀੜਤ ਲੜਕੀ ਗੁਰਮੀਤ ਕੌਰ ਨੇ ਦੱਸਿਆ ਕਿ ਇਸ ਤੋਂ ਪਹਿਲਾਂ ਵੀ ਉਸ ਦੇ ਪਤੀ ਤੇ ਸਹੁਰੇ ਪਰਿਵਾਰ ਵੱਲੋਂ ਕਈ ਵਾਰ ਦਾਜ ਦੀ ਮੰਗ ਕੀਤੀ, ਜਿਸ ਦੀ ਪੂਰਤੀ ਉਸ ਦੇ ਮਾਪਿਆਂ ਵੱਲੋਂ ਕੀਤੀ ਜਾਂਦੀ ਰਹੀ। ਪਰਿਵਾਰ ਨੇ ਦੱਸਿਆ ਕਿ ਕਈ ਵਾਰ ਲੜਕੀ ਦੇ ਸਹੁਰੇ ਪਰਿਵਾਰ ਵੱਲੋਂ ਕੁੱਟਮਾਰ ਕਰ ਕੇ ਪੰਚਾਇਤਾਂ ਤੇ ਪੁਲਸ ਸਾਹਮਣੇ ਸਮਝੌਤਾ ਕਰਵਾਇਆ ਪਰ ਸਹੁਰਾ ਪਰਿਵਾਰ ਉਨ੍ਹਾਂ ਦੀ ਲੜਕੀ ਨੂੰ ਲਗਾਤਾਰ ਪ੍ਰੇਸ਼ਾਨ ਕਰਦਾ ਰਿਹਾ ਹੈ। ਪੀੜਤ ਲੜਕੀ ਨੇ ਜ਼ਿਲਾ ਪੁਲਸ ਵਿਭਾਗ ਤੋਂ ਇਨਸਾਫ ਦੀ ਮੰਗ ਕੀਤੀ ਹੈ। ਇਸ ਸਬੰਧੀ ਜਦੋਂ ਕਿਲਾ ਲਾਲ ਸਿੰਘ ਪੁਲਸ ਸਟੇਸ਼ਨ ਇੰਚਾਰਜ ਅਮੋਲਕਦੀਪ ਸਿੰਘ ਨਾਲ ਗੱਲ ਕੀਤੀ ਗਈ ਤਾਂ ਉਨ੍ਹਾਂ ਦੱਸਿਆ ਕਿ ਪੀੜਤ ਲੜਕੀ ਦਾ ਮੈਡੀਕਲ ਕਰਵਾਇਆ ਗਿਆ ਹੈ ਅਤੇ ਉਸ ਦੇ ਬਿਆਨਾਂ ਦੇ ਆਧਾਰ 'ਤੇ ਉਚਿਤ ਕਾਰਵਾਈ ਕੀਤੀ ਜਾਵੇਗੀ।


Related News