IPL 2024 : ਪੰਜਾਬ ਕਿੰਗਜ਼ ਵਿਰੁੱਧ ਲਖਨਊ ਨੂੰ ਕਰਨੀ ਹੋਵੇਗੀ ਆਲਰਾਊਂਡ ਕੋਸ਼ਿਸ਼

Friday, Mar 29, 2024 - 09:05 PM (IST)

IPL 2024 : ਪੰਜਾਬ ਕਿੰਗਜ਼ ਵਿਰੁੱਧ ਲਖਨਊ ਨੂੰ ਕਰਨੀ ਹੋਵੇਗੀ ਆਲਰਾਊਂਡ ਕੋਸ਼ਿਸ਼

ਲਖਨਊ– ਕੇ. ਐੱਲ. ਰਾਹੁਲ ਦੀ ਅਗਵਾਈ ਵਾਲੀ ਲਖਨਊ ਸੁਪਰ ਜਾਇੰਟਸ ਦੀ ਟੀਮ ਜਦੋਂ ਸ਼ਨੀਵਾਰ ਨੂੰ ਇੱਥੇ ਇੰਡੀਅਨ ਪ੍ਰੀਮੀਅਰ ਲੀਗ (ਆਈ. ਪੀ. ਐੱਲ.) ਦੇ ਦੂਜੇ ਮੈਚ ਵਿਚ ਪੰਜਾਬ ਕਿੰਗਜ਼ ਨਾਲ ਭਿੜੇਗੀ ਤਾਂ ਉਸਦੀਆਂ ਨਜ਼ਰਾਂ ਹਰ ਵਿਭਾਗ ਵਿਚ ਬਿਹਤਰ ਪ੍ਰਦਰਸ਼ਨ ਕਰਨ ’ਤੇ ਲੱਗੀਆਂ ਹੋਣਗੀਆਂ। ਲਖਨਊ ਸੁਪਰ ਜਾਇੰਟਸ ਨੂੰ ਚੰਡੀਗੜ੍ਹ ਵਿਚ ਰਾਜਸਥਾਨ ਰਾਇਲਜ਼ ਵਿਰੁੱਧ ਪਹਿਲੇ ਮੈਚ ਵਿਚ 20 ਦੌੜਾਂ ਨਾਲ ਹਾਰ ਦਾ ਸਾਹਮਣਾ ਕਰਨਾ ਪਿਆ ਸੀ। ਇਸ ਮੈਚ ਵਿਚ ਕਰੁਣਾਲ ਪੰਡਯਾ ਨੂੰ ਛੱਡ ਕੇ ਲਖਨਊ ਦੇ ਸਾਰੇ ਗੇਂਦਬਾਜ਼ਾਂ ਨੇ ਦੌੜਾਂ ਦਿੱਤੀਆਂ ਸਨ ਤੇ ਉਹ ਪ੍ਰਭਾਵਿਤ ਨਹੀਂ ਕਰ ਸਕੇ। ਮਾਰਕ ਵੁਡ ਤੇ ਡੇਵਿਡ ਵਿਲੀ ਦੀ ਗੈਰ-ਹਾਜ਼ਰੀ ਵਿਚ ਲਖਨਊ ਦੇ ਤੇਜ਼ ਗੇਂਦਬਾਜ਼ ਕਮਜ਼ੋਰ ਦਿਸੇ, ਜਿਨ੍ਹਾਂ ਵਿਚ ਮੋਹਸਿਨ ਖਾਨ, ਨਵੀਨ ਉਲ ਹੱਕ ਤੇ ਯਸ਼ ਠਾਕੁਰ ਦੇ ਜ਼ਿੰਮੇਵਾਰੀ ਚੁੱਕਣ ਦੀ ਉਮੀਦ ਸੀ।
ਆਗਾਮੀ ਟੀ-20 ਵਿਸ਼ਵ ਕੱਪ ਵਿਚ ਜਗ੍ਹਾ ਬਣਾਉਣ ਵਿਚ ਰੁੱਝਿਆ ਰਵੀ ਬਿਸ਼ਨੋਈ ਟੀਮ ਦੇ ਆਈ. ਪੀ. ਐੱਲ. ਦੇ ਸ਼ੁਰੂਆਤੀ ਮੈਚ ਵਿਚ ਸਾਧਾਰਨ ਦਿਸਿਆ। ਕਪਤਾਨ ਰਾਹੁਲ ਨੇ ਵੀ ਟੀ-20 ਵਿਸ਼ਵ ਕੱਪ ਨੂੰ ਧਿਆਨ ਵਿਚ ਰੱਖਦੇ ਹੋਏ ਵਿਕਟਕੀਪਰ ਬੱਲੇਬਾਜ਼ ਦੀ ਭੂਮਿਕਾ ਨਿਭਾਉਣ ਦਾ ਫੈਸਲਾ ਕੀਤਾ ਤੇ ਵਾਪਸੀ ਵਾਲੇ ਮੈਚ ਵਿਚ 58 ਦੌੜਾਂ ਦੀ ਪਾਰੀ ਖੇਡੀ, ਜਿਸ ਨਾਲ ਉਹ ਅਗਲੇ ਮੈਚ ਵਿਚ ਇਸ ਤੋਂ ਹੋਰ ਬਿਹਤਰ ਕਰਨਾ ਚਾਹੇਗਾ। ਨਾਲ ਹੀ ਉਹ ਉਮੀਦ ਕਰੇਗਾ ਕਿ ਉਸਦਾ ਸਲਾਮੀ ਜੋੜੀਦਾਰ ਕਵਿੰਟਨ ਡੀ ਕੌਕ ਪੰਜਾਬ ਕਿੰਗਜ਼ ਵਿਰੁੱਧ ਆਪਣੀ ਸਰਵਸ੍ਰੇਸ਼ਠ ਫਾਰਮ ਵਿਚ ਵਾਪਸੀ ਕਰੇ। ਟੀਮ ਨੂੰ ਦੇਵਦੱਤ ਪੱਡੀਕਲ, ਆਯੁਸ਼ ਬਾਦੋਨੀ, ਦੀਪਕ ਹੁੱਡਾ ਤੇ ਕਰੁਣਾਲ ਤੋਂ ਵੀ ਹੇਠਲੇ ਕ੍ਰਮ ਵਿਚ ਚੰਗੇ ਪ੍ਰਦਰਸ਼ਨ ਦੀ ਉਮੀਦ ਹੋਵੇਗੀ। ਲਖਨਊ ਦੀ ਸਫਲਤਾ ਆਸਟ੍ਰੇਲੀਅਨ ਆਲਰਾਊਂਡਰ ਮਾਰਕਸ ਸਟੋਇੰਸ ਦੀ ਫਾਰਮ ’ਤੇ ਵੀ ਨਿਰਭਰ ਰਹੇਗੀ, ਜਿਹੜਾ ਪਿਛਲੇ ਸਾਲ 408 ਦੌੜਾਂ ਬਣਾ ਕੇ ਟੀਮ ਲਈ ਸਭ ਤੋਂ ਵੱਧ ਦੌੜਾਂ ਜੋੜਨ ਵਾਲਾ ਖਿਡਾਰੀ ਰਿਹਾ ਸੀ।
ਉੱਥੇ ਹੀ, ਪੰਜਾਬ ਕਿੰਗਜ਼ ਨੇ ਅਜੇ ਤਕ ਦੋ ਮੈਚਾਂ ਵਿਚੋਂ ਇਕ ਜਿੱਤ ਹਾਸਲ ਕੀਤੀ ਹੈ ਜਦਕਿ ਇਕ ਵਿਚ ਉਸ ਨੂੰ ਹਾਰ ਮਿਲੀ। ਸ਼ਿਖਰ ਧਵਨ ਦੀ ਅਗਵਾਈ ਵਾਲੀ ਟੀਮ ਨੂੰ ਪਾਵਰਪਲੇਅ ਵਿਚ ਰਨ ਰੇਟ ਵਿਚ ਤੇਜ਼ੀ ਲਿਆਉਣ ਦੀ ਲੋੜ ਹੈ ਤੇ ਅਜਿਹਾ ਤਦ ਹੋਵੇਗਾ ਜਦੋਂ ਪਹਿਲੇ ਦੋ ਮੈਚਾਂ ਵਿਚ ਅਸਫਲ ਰਹਿਣ ਵਾਲਾ ਜਾਨੀ ਬੇਅਰਸਟੋ ਧਮਾਕੇਦਾਰ ਬੱਲੇਬਾਜ਼ੀ ਕਰੇ। ਸਿਰਫ ਆਈ. ਪੀ. ਐੱਲ. ਵਿਚ ਖੇਡਣ ਵਾਲੇ ਧਵਨ ਨੂੰ ਵੀ ਅੱਗੇ ਆਪਣੀ ਸਟ੍ਰਾਈਕ ਰੇਟ ਵਿਚ ਤੇਜ਼ੀ ਲਿਆਉਣ ਦੀ ਲੋੜ ਹੈ। ਉਸ ਨੇ ਖੁਦ ਹੀ ਸਵੀਕਾਰ ਕੀਤਾ ਸੀ ਕਿ ਰਾਇਲ ਚੈਲੰਜਰਜ਼ ਬੈਂਗਲੁਰੂ ਵਿਰੁੱਧ ਬੱਲੇਬਾਜ਼ੀ ਹੌਲੀ ਰਹੀ ਸੀ। ਪ੍ਰਭਸਿਮਰਨ ਸਿੰਘ ਚੰਗੀ ਸ਼ੁਰੂਆਤ ਨੂੰ ਵੱਡੇ ਸਕੋਰ ਵਿਚ ਨਹੀਂ ਬਦਲ ਸਕਿਆ ਹੈ। ਉੱਥੇ ਹੀ, ਆਲਰਾਊਂਡਰ ਸੈਮ ਕਿਊਰੇਨ ਨੇ ਦੋਵੇਂ ਮੈਚਾਂ ਵਿਚ ਬੱਲੇ ਨਾਲ ਆਪਣੀ ਕਲਾ ਦਿਖਾਈ ਹੈ ਪਰ ਉਹ ਗੇਂਦਬਾਜ਼ੀ ਵਿਚ ਅਜਿਹਾ ਕਮਾਲ ਨਹੀਂ ਕਰ ਸਕਿਆ ਹੈ। ਉਪ ਕਪਤਾਨ ਜਿਤੇਸ਼ ਸ਼ਰਮਾ ਵੀ ਟੀ-20 ਵਿਸ਼ਵ ਕੱਪ ਟੀਮ ਵਿਚ ਜਗ੍ਹਾ ਬਣਾਉਣ ਦੀ ਕੋਸ਼ਿਸ਼ ਵਿਚ ਹੈ ਪਰ ਰਾਸ਼ਟਰੀ ਚੋਣਕਾਰਾਂ ਨੂੰ ਲੁਭਾਉਣ ਲਈ ਉਸ ਨੂੰ ਵੀ ਚੰਗਾ ਪ੍ਰਦਰਸ਼ਨ ਦਿਖਾਉਣਾ ਪਵੇਗਾ। ਤੇਜ਼ ਗੇਂਦਬਾਜ਼ੀ ਵਿਭਾਗ ਵਿਚ ਕੈਗਿਸੋ ਰਬਾਡਾ ਨੂੰ ਕਿਊਰੇਨ, ਅਰਸ਼ਦੀਪ ਸਿੰਘ ਤੇ ਹਰਸ਼ਲ ਪਟੇਲ ਤੋਂ ਹੋਰ ਵੱਧ ਸਹਿਯੋਗ ਦੀ ਉਮੀਦ ਹੋਵੇਗੀ। ਖੱਬੇ ਹੱਥ ਦਾ ਸਪਿਨਰ ਹਰਪ੍ਰੀਤ ਬਰਾੜ ਪ੍ਰਭਾਵਸ਼ਾਲੀ ਰਿਹਾ ਜਦਕਿ ਲੈੱਗ ਸਪਿਨਰ ਰਾਹੁਲ ਚਾਹਰ ਨੂੰ ਚੰਗੀ ਗੇਂਦਬਾਜ਼ੀ ਕਰਨੀ ਪਵੇਗੀ।


author

Aarti dhillon

Content Editor

Related News