ਖਰੜ ਫਲਾਈਓਵਰ ’ਤੇ ਚੱਲਦੀ ਕਾਰ ਨੂੰ ਲੱਗੀ ਅੱਗ, ਪਲਾਂ ’ਚ ਗੱਡੀ ਸੜ ਕੇ ਸੁਆਹ

Monday, Apr 01, 2024 - 02:16 PM (IST)

ਖਰੜ (ਰਣਬੀਰ) : ਖਰੜ-ਚੰਡੀਗੜ੍ਹ ਫਲਾਈਓਵਰ ਗੋਪਾਲ ਸਵੀਟਸ ਸਾਹਮਣੇ ਅਚਾਨਕ ਇਕ ਕਾਰ ਨੂੰ ਅੱਗ ਲੱਗ ਗਈ। ਇਸ ਦੀ ਸੂਚਨਾ ਮਿਲਦਿਆਂ ਹੀ ਫਾਇਰ ਬ੍ਰਿਗੇਡ ਵੱਲੋਂ ਮੌਕੇ 'ਤੇ ਪੁੱਜ ਕੇ ਅੱਗ ਉੱਤੇ ਕਾਬੂ ਪਾ ਲਿਆ ਗਿਆ ਪਰ ਇਸ ਤੋਂ ਪਹਿਲਾਂ ਕਾਰ ਪੂਰੀ ਤਰ੍ਹਾਂ ਨੁਕਸਾਨੀ ਜਾ ਚੁੱਕੀ ਸੀ। ਫਾਇਰ ਟੈਂਡਰ ਟੀਮ ਦੀ ਅਗਵਾਈ ਕਰ ਰਹੇ ਨਿਖਿਲ ਪਾਠਕ ਨੇ ਦੱਸਿਆ ਕਿ ਉਨ੍ਹਾਂ ਨੂੰ ਐਤਵਾਰ ਸਵੇਰੇ ਕਰੀਬ 6 ਵਜੇ ਘਟਨਾ ਸਬੰਧੀ ਜਾਣਕਾਰੀ ਮਿਲੀ ਕਿ ਖਰੜ-ਚੰਡੀਗੜ੍ਹ ਫਲਾਈਓਵਰ ’ਤੇ ਇਕ ਕਾਰ ਨੂੰ ਅੱਗ ਲੱਗੀ ਹੈ।

ਉਨ੍ਹਾਂ ਦੀ ਟੀਮ ਮੌਕੇ ’ਤੇ ਪੁੱਜੀ ’ਤੇ 15 ਮਿੰਟ ਦੀ ਮਸ਼ੱਕਤ ਮਗਰੋਂ ਅੱਗ 'ਤੇ ਕਾਬੂ ਪਾ ਲਿਆ ਗਿਆ। ਪਰ ਉਦੋਂ ਤੱਕ ਅੱਗ ਕਾਰਨ ਕਾਰ ਬੁਰੀ ਤਰ੍ਹਾਂ ਸੜ ਕੇ ਸੁਆਹ ਹੋ ਚੁੱਕੀ ਸੀ। ਮੌਕੇ ਤੋਂ ਮਿਲੀ ਜਾਣਕਾਰੀ ਮੁਤਾਬਕ ਈਕੋ ਸਪੋਰਟਸ ਕੰਪਨੀ ਦੀ ਉਕਤ ਕਾਰ ’ਚ ਨਾਇਜੀਰੀਅਨ ਮੂਲ ਦੇ ਵਿਅਕਤੀ ਸਵਾਰ ਸਨ।

ਜਿਨ੍ਹਾਂ ਬਾਰੇ ਪਤਾ ਲੱਗਾ ਹੈ ਕਿ ਅੱਗ ਲੱਗਣ ਮਗਰੋਂ ਉਹ ਸਾਰੇ ਉਥੋਂ ਦੀ ਖ਼ਿਸਕ ਗਏ ਸਨ। ਇਸ ਘਟਨਾ ਕਾਰਨ ਫਲਾਈਓਵਰ ਉਤੋਂ ਦੀ ਲੰਘਣ ਵਾਲੇ ਹੋਰਨਾਂ ਵਾਹਨ ਚਾਲਕਾਂ ’ਚ ਹਫੜਾ-ਦਫੜੀ ਜਿਹਾ ਮਾਹੌਲ ਬਣ ਗਿਆ। ਜਿਸ ਦਾ ਪਤਾ ਚੱਲਦਿਆਂ ਹੀ ਪੁਲਸ ਵੀ ਮੌਕੇ ਉੱਤੇ ਪੁੱਜ ਗਈ ਅਤੇ ਟ੍ਰੈਫਿਕ ’ਤੇ ਕਾਬੂ ਪਾਇਆ। ਕਾਰ ਨੂੰ ਅੱਗ ਕਿਵੇਂ ਲੱਗੀ, ਇਸ ਦਾ ਅਜੇ ਤੱਕ ਪਤਾ ਨਹੀਂ ਲੱਗ ਸਕਿਆ। ਪੁਲਸ ਕਾਰ ਦੇ ਚੈਸੀ ਨੰਬਰ ਦੀ ਮਦਦ ਨਾਲ ਮਾਲਕ ਦਾ ਪਤਾ ਲਗਾਉਣ ਦੀ ਕੋਸ਼ਿਸ਼ ਕਰ ਰਹੀ ਹੈ।
 


Babita

Content Editor

Related News