''ਕੌਣ ਬਣੇਗਾ ਕਰੋੜਪਤੀ'' ''ਚ 5 ਕਰੋੜ ਜਿੱਤਣ ਵਾਲੇ ਸੁਸ਼ੀਲ ਕੁਮਾਰ ਬਣਨਗੇ ਸਰਕਾਰੀ ਟੀਚਰ

09/22/2017 5:30:08 PM

ਪਟਨਾ— 'ਕੌਣ ਬਣੇਗਾ ਕਰੋੜਪਤੀ' 'ਚ 5 ਕਰੋੜ ਰੁਪਏ ਜਿੱਤ ਕੇ ਚਰਚਾ 'ਚ ਆਏ ਬਿਹਾਰ ਦੇ ਮੋਤੀਹਾਰੀ ਦੇ ਸੁਸ਼ੀਲ ਕੁਮਾਰ ਹੁਣ ਸਰਕਾਰੀ ਅਧਿਆਪਕ ਬਣਨਗੇ। ਸੁਸ਼ੀਲ ਕੁਮਾਰ ਨੇ ਅਧਿਆਪਕ ਯੋਗਤਾ ਪ੍ਰੀਖਿਆ (ਟੀ.ਈ.ਟੀ.) 'ਚ ਸਫ਼ਲਤਾ ਹਾਸਲ ਕਰ ਲਈ ਹੈ। ਵੀਰਵਾਰ ਨੂੰ ਜਾਰੀ ਹੋਏ ਟੀ.ਈ.ਟੀ. ਨਤੀਜੇ 'ਚ ਸੁਸ਼ੀਲ ਕੁਮਾਰ ਨੂੰ 140 'ਚੋਂ 100 ਅੰਕ ਹਾਸਲ ਹੋਏ ਹਨ। 
ਸੁਸ਼ੀਲ ਕੁਮਾਰ ਨੇ ਆਪਣੇ ਫੇਸਬੁੱਕ ਅਕਾਊਂਟ 'ਤੇ ਆਪਣਾ ਸਕੋਰ ਕਾਰਡ ਸ਼ੇਅਰ ਕਰਦੇ ਹੋਏ ਲਿਖਿਆ ਹੈ ਕਿ ਪਤਨੀ ਦੇ ਕਹਿਣ 'ਤੇ ਪ੍ਰਦੇਸ਼ ਦੀ ਸਿੱਖਿਆ ਯੋਗਤਾ ਪ੍ਰੀਖਿਆ 'ਚ ਸ਼ਾਮਲ ਹੋਇਆ ਸੀ। ਹਾਲਾਂਕਿ ਉਨ੍ਹਾਂ ਨੇ ਇਹ ਵੀ ਲਿਖਿਆ ਹੈ ਕਿ ਨੌਕਰੀ ਬਾਰੇ ਅਜੇ ਸੋਚਿਆ ਨਹੀਂ ਹੈ। ਹਾਲਾਂਕਿ ਸੁਸ਼ੀਲ ਕੁਮਾਰ ਦੇ ਇਸ ਫੇਸਬੁੱਕ ਸਟੇਟਸ 'ਤੇ ਤਾਰ ਉਨ੍ਹਾਂ ਦੇ ਸ਼ੁੱਭ ਚਿੰਤਕਾਂ ਵੱਲੋਂ ਉਨ੍ਹਾਂ ਨੂੰ ਸ਼ੁੱਭਕਾਮਨਾਵਾਂ ਦਿੱਤੀਆਂ ਜਾ ਰਹੀਆਂ ਹਨ।
ਜ਼ਿਕਰਯੋਗ ਹੈ ਕਿ ਮੋਤੀਹਾਰੀ ਦੇ ਹਨੂੰਮਾਨਗੜ੍ਹੀ ਵਾਸੀ ਸੁਸ਼ੀਲ ਕੁਮਾਰ 2011 'ਚ ਕੌਣ ਬਣੇਗਾ ਕਰੋੜਪਤੀ ਦੀ ਹੌਟ ਸੀਟ ਤੋਂ 5 ਕਰੋੜ ਰੁਪਏ ਜਿੱਤਣ 'ਚ ਸਫ਼ਲ ਰਹੇ ਸਨ। ਇਸ ਤੋਂ ਪਹਿਲਾਂ ਸੁਸ਼ੀਲ ਨੇ ਪੜ੍ਹਾਈ ਦੇ ਨਾਲ-ਨਾਲ ਮਨਰੇਗਾ 'ਚ ਕੰਪਿਊਟਰ ਆਪਰੇਟਰ ਦੇ ਤੌਰ 'ਤੇ ਵੀ ਕੰਮ ਕੀਤਾ ਹੈ।


Related News