ਹਿਮਾਚਲ ’ਚ 72 ਘੰਟਿਆਂ ’ਚ ਹਟਾਏ 5 ਕਰੋੜ ਦੇ ਹੋਰਡਿੰਗਜ਼

Wednesday, Apr 03, 2024 - 11:48 AM (IST)

ਹਿਮਾਚਲ ’ਚ 72 ਘੰਟਿਆਂ ’ਚ ਹਟਾਏ 5 ਕਰੋੜ ਦੇ ਹੋਰਡਿੰਗਜ਼

ਸ਼ਿਮਲਾ (ਭੁਪਿੰਦਰ)- ਹਿਮਾਚਲ ਪ੍ਰਦੇਸ਼ ’ਚ ਲੋਕ ਸਭਾ ਚੋਣਾਂ ਅਤੇ ਜ਼ਿਮਨੀ ਚੋਣਾਂ ਦਾ ਐਲਾਨ ਹੋਣ ਦੇ 72 ਘੰਟਿਆਂ ਦੇ ਅੰਦਰ ਹੀ 51,302 ਹੋਰਡਿੰਗਜ਼, ਬੈਨਰਾਂ, ਪੋਸਟਰਾਂ ਆਦਿ ’ਤੇ ਬਣਾਏ ਗਏ ਇਸ਼ਤਿਹਾਰਾਂ ਨੂੰ ਹਟਾ ਦਿੱਤਾ ਗਿਆ। ਇਨ੍ਹਾਂ ਵਿਚੋਂ ਜ਼ਿਆਦਾਤਰ ਹੋਰਡਿੰਗਜ਼ ਸਬੰਧਤ ਵਿਭਾਗਾਂ ਤੇ ਲੋਕਲ ਬਾਡੀਜ਼ ਵੱਲੋਂ ਹਟਾਏ ਗਏ ਹਨ ਪਰ ਕਈ ਹੋਰਡਿੰਗਜ਼ ਜ਼ਿਲਾ ਚੋਣ ਅਧਿਕਾਰੀ ਵੱਲੋਂ ਗਠਿਤ ਟੀਮ ਨੇ ਵੀ ਹਟਾਏ ਹਨ। 10 ਫੁੱਟ×10 ਫੁੱਟ ਦੇ ਹੋਰਡਿੰਗ ਦੀ ਲਾਗਤ 9,000 ਤੋਂ 10,000 ਰੁਪਏ ਦੇ ਵਿਚਾਲੇ ਆਉਂਦੀ ਹੈ। ਹੁਣ ਤਕ ਲਗਭਗ 5 ਕਰੋੜ ਰੁਪਏ ਦੇ ਹੋਰਡਿੰਗਜ਼ ਹਟਾਏ ਜਾ ਚੁੱਕੇ ਹਨ। ਅਸਲ ’ਚ ਆਦਰਸ਼ ਚੋਣ ਜ਼ਾਬਤਾ ਲਾਗੂ ਹੋਣ ਤੋਂ ਬਾਅਦ ਸਰਕਾਰੀ ਯੋਜਨਾਵਾਂ ਅਤੇ ਸਰਕਾਰ ਨਾਲ ਸਬੰਧਤ ਜਨਤਕ ਸਥਾਨਾਂ ’ਤੇ ਲੱਗੇ ਹੋਰਡਿੰਗਜ਼ ਤੇ ਬੈਨਰਾਂ ਨੂੰ 24 ਘੰਟਿਆਂ ਅੰਦਰ ਹਟਾਉਣਾ ਹੁੰਦਾ ਹੈ। ਜੇ ਕੁਝ ਰਹਿ ਜਾਣ ਤਾਂ ਉਨ੍ਹਾਂ ਨੂੰ 48 ਘੰਟਿਆਂ ਅੰਦਰ ਹਟਾਉਣ ਦੀ ਵਿਵਸਥਾ ਹੈ। ਇਸ ਤੋਂ ਇਲਾਵਾ ਜੇ ਇਸ ਤਰ੍ਹਾਂ ਦੇ ਹੋਰਡਿੰਗਜ਼ ਨਿੱਜੀ ਜਾਇਦਾਦ ’ਤੇ ਲੱਗੇ ਹੋਣ ਤਾਂ ਉਹ 72 ਘੰਟਿਆਂ ਅੰਦਰ ਹਟਾਏ ਜਾਣੇ ਚਾਹੀਦੇ ਹਨ। ਸੂਬੇ ਵਿਚ ਸਾਰੇ ਵਿਭਾਗ ਸਰਕਾਰੀ ਯੋਜਨਾਵਾਂ ਦੇ ਵੱਡੇ-ਵੱਡੇ ਹੋਰਡਿੰਗਜ਼ ਤੇ ਬੈਨਰ ਲਾਉਂਦੇ ਹਨ ਤਾਂ ਜੋ ਲੋਕਾਂ ਨੂੰ ਇਨ੍ਹਾਂ ਬਾਰੇ ਜਾਣਕਾਰੀ ਮਿਲ ਸਕੇ। ਇਸ ਵਿਚ ਯੋਜਨਾਵਾਂ ਦੇ ਨਾਲ-ਨਾਲ ਸਰਕਾਰ ਦਾ ਗੁਣਗਾਣ ਵੀ ਹੁੰਦਾ ਹੈ। 

ਸੂਬੇ ਵਿਚ ਜਿਹੜੇ ਵਿਭਾਗ ਹੋਰਡਿੰਗਜ਼ ਤੇ ਬੈਨਰ ਲਾਉਂਦੇ ਹਨ, ਉਨ੍ਹਾਂ ਵਿਚ ਪ੍ਰਮੁੱਖ ਤੌਰ ’ਤੇ ਸੂਚਨਾ ਤੇ ਲੋਕ ਸੰਪਰਕ ਵਿਭਾਗ, ਜਲ ਸ਼ਕਤੀ ਵਿਭਾਗ, ਸਮਾਜਿਕ ਨਿਆਂ ਤੇ ਅਧਿਕਾਰਤਾ ਵਿਭਾਗ, ਸਿਹਤ, ਮਹਿਲਾ ਤੇ ਬਾਲ ਵਿਕਾਸ, ਖੇਤੀਬਾੜੀ ਤੇ ਏਡਜ਼ ਕੰਟਰੋਲ ਸੁਸਾਇਟੀ ਸਮੇਤ ਹੋਰ ਵਿਭਾਗ ਅਤੇ ਨਿਗਮ ਤੇ ਬੋਰਡ ਆਪੋ-ਆਪਣੇ ਵਿਭਾਗ ਨਾਲ ਸਬੰਧਤ ਸਰਕਾਰੀ ਯੋਜਨਾਵਾਂ ਦੇ ਹੋਰਡਿੰਗ ਤੇ ਬੈਨਰ ਲਾਉਂਦੇ ਹਨ। ਪਿਛਲੇ ਲਗਭਗ ਡੇਢ ਸਾਲ ’ਚ ਸੂਬੇ ਵਿਚ ਸਰਕਾਰ ਦੇ ਗੁਣਗਾਣ ਵਾਲੇ ਕਰੋੜਾਂ ਰੁਪਿਆਂ ਦੇ ਹੋਰਡਿੰਗ ਤੇ ਬੈਨਰ ਲਾਏ ਗਏ ਹਨ। ਇਨ੍ਹਾਂ ਵਿਚੋਂ ਜ਼ਿਆਦਾਤਰ ਪੋਸਟਰ ਤੇ ਬੈਨਰ ਇਸ ਤਰ੍ਹਾਂ ਹਟਾਏ ਜਾਂਦੇ ਹਨ ਕਿ ਮੁੜ ਨਹੀਂ ਲਾਏ ਜਾ ਸਕਦੇ। ਚੋਣ ਪ੍ਰਕਿਰਿਆ ਪੂਰੀ ਹੋਣ ’ਤੇ ਇਨ੍ਹਾਂ ਨੂੰ ਮੁੜ ਨਵੇਂ ਸਿਰੇ ਤੋਂ ਲਾਇਆ ਜਾਵੇਗਾ, ਜਿਨ੍ਹਾਂ ’ਤੇ ਦੁਬਾਰਾ ਇੰਨੀ ਹੀ ਰਕਮ ਖਰਚੀ ਕਰਨੀ ਪਵੇਗੀ। ਚੋਣ ਜ਼ਾਬਤਾ ਲੱਗਣ ਤੋਂ ਬਾਅਦ ਹੋਰਡਿੰਗ, ਪੋਸਟਰ, ਬੈਨਰ ਆਦਿ ਨੂੰ ਹਟਾਉਣ ਦੇ ਬਦਲੇ ’ਚ ਕਿਸੇ ਵੀ ਤਰ੍ਹਾਂ ਦਾ ਮੁਆਵਜ਼ਾ ਦੇਣ ਦੀ ਵਿਵਸਥਾ ਨਹੀਂ ਹੈ। ਇਨ੍ਹਾਂ ਨੂੰ ਲਾਉਣ ਤੇ ਹਟਾਉਣ ਦਾ ਖਰਚਾ ਖੁਦ ਸਬੰਧਤ ਵਿਭਾਗ ਜਾਂ ਸਰਕਾਰ ਨੂੰ ਸਹਿਣ ਕਰਨਾ ਪੈਂਦਾ ਹੈ। ਜਾਣਕਾਰਾਂ ਦਾ ਕਹਿਣਾ ਹੈ ਕਿ ਜੇ ਹੋਰਡਿੰਗਜ਼-ਬੈਨਰਾਂ ਨੂੰ ਢਕ ਦਿੱਤਾ ਜਾਵੇ ਜਾਂ ਫਿਰ ਚੰਗੀ ਤਰ੍ਹਾਂ ਉਤਾਰਿਆ ਜਾਵੇ ਤਾਂ ਕਰੋੜਾਂ ਰੁਪਏ ਦਾ ਖਰਚਾ ਬਚਾਇਆ ਜਾ ਸਕਦਾ ਹੈ। ਚੋਣ ਪ੍ਰਕਿਰਿਆ ਪੂਰੀ ਹੋਣ ਤੋਂ ਬਾਅਦ ਹੋਰਡਿੰਗਜ਼ ਤੇ ਬੈਨਰਾਂ ਨੂੰ ਮੁੜ ਲਾਇਆ ਜਾ ਸਕਦਾ ਹੈ ਪਰ ਆਮ ਤੌਰ ’ਤੇ ਅਜਿਹਾ ਨਹੀਂ ਹੁੰਦਾ।

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8


author

DIsha

Content Editor

Related News