ਇੰਗਲੈਂਡ ਨੇ ਨਿਊਜ਼ੀਲੈਂਡ ਨੂੰ 5 ਵਿਕਟਾਂ ਨਾਲ ਹਰਾਇਆ

03/29/2024 8:55:41 PM

ਵੈਲਿੰਗਟਨ–ਕਪਤਾਨ ਹੈਦਰ ਨਾਈਟ ਦੀ 35 ਦੌੜਾਂ ਦੀ ਪਾਰੀ ਤੇ ਨੈਟ ਸਾਈਵਰ ਬ੍ਰੰਟ ਦੇ ਆਲਰਾਊਂਡ ਪ੍ਰਦਰਸ਼ਨ ਦੇ ਦਮ ’ਤੇ ਇੰਗਲੈਂਡ ਦੀ ਮਹਿਲਾ ਟੀਮ ਨੇ ਸ਼ੁੱਕਰਵਾਰ ਨੂੰ ਖੇਡੇ ਗਏ 5ਵੇਂ ਟੀ-20 ਮੁਕਾਬਲੇ ਵਿਚ ਨਿਊਜ਼ੀਲੈਂਡ ਦੀ ਮਹਿਲਾ ਟੀਮ ਨੂੰ 5 ਵਿਕਟਾਂ ਨਾਲ ਹਰਾ ਕੇ ਸੀਰੀਜ਼ 4-1 ਨਾਲ ਜਿੱਤ ਲਈ ਹੈ।
ਇੰਗਲੈਂਡ ਦੀ ਟੀਮ ਨੇ 137 ਦੌੜਾਂ ਦੇ ਟੀਚੇ ਦਾ ਪਿੱਛਾ ਕਰਦਿਆਂ ਤੀਜੇ ਓਵਰ ਵਿਚ ਮਾਯਾ ਬੁਸ਼ੇਰ (6) ਦੀ ਵਿਕਟ ਗੁਆਈ। 8ਵੇਂ ਓਵਰ ਵਿਚ ਐਲਿਸ ਕੈਪਸੀ ਵੀ 25 ਦੌੜਾਂ ਤੇ ਉਸ ਤੋਂ ਬਾਅਦ ਡੇਨੀਅਲ ਵਾਯਟ 21 ਦੌੜਾਂ ਕੇ ਆਊਟ ਹੋ ਗਈ। ਉਸ ਸਮੇਂ ਟੀਮ ਦਾ ਸਕੋਰ 3 ਵਿਕਟਾਂ ’ਤੇ 64 ਦੌੜਾਂ ਸੀ। ਨੈਟ ਸਾਈਵਰ ਬ੍ਰੰਟ ਤੇ ਕਪਤਾਨ ਹੈਦਰ ਨਾਈਟ ਨੇ ਪਾਰੀ ਨੂੰ ਸੰਭਾਲਦੇ ਹੋਏ ਸਕੋਰ 121 ਦੌੜਾਂ ਤਕ ਲੈ ਗਈਆਂ। ਬ੍ਰੰਟ ਨੇ 27 ਗੇਂਦਾਂ ’ਚ 31 ਦੌੜਾਂ ਬਣਾਈਆਂ। ਉੱਥੇ ਹੀ, ਹੈਦਰ ਨਾਈਟ ਨੇ ਟੀਮ ਲਈ 28 ਗੇਂਦਾਂ ’ਚ ਸਭ ਤੋਂ ਵੱਧ 35 ਦੌੜਾਂ ਦੀ ਪਾਰੀ ਖੇਡੀ। ਐਮੀ ਜੋਂਸ ਤੇ ਸੋਫੀਆ ਡੰਕਲੇ 6-6 ਦੌੜਾਂ ਬਣਾ ਕੇ ਅਜੇਤੂ ਰਹੀਆਂ। ਇੰਗਲੈਂਡ ਨੇ 18.5 ਓਵਰਾਂ ਵਿਚ 5 ਵਿਕਟਾਂ ’ਤੇ 138 ਦੌੜਾਂ ਬਣਾ ਕੇ ਮੁਕਾਬਲਾ ਜਿੱਤ ਲਿਆ। ਨਿਊਜ਼ੀਲੈਂਡ ਵੱਲੋਂ ਐਮੇਲੀਆ ਕੇਰ ਨੇ 3 ਵਿਕਟਾਂ ਲਈਆਂ। ਲਿਆਹ ਤਹੁਹੂ ਤੇ ਰੋਜਮੈਰੀ ਮੇਯਰ ਨੇ 1-1 ਬੱਲੇਬਾਜ਼ ਨੂੰ ਆਊਟ ਕੀਤਾ।
ਨਿਊਜ਼ੀਲੈਂਡ ਦੀ ਮਹਿਲਾ ਟੀਮ ਨੇ ਅੱਜ ਇੱਥੇ ਟਾਸ ਜਿੱਤ ਕੇ ਪਹਿਲਾਂ ਬੱਲੇਬਾਜ਼ੀ ਕਰਨ ਦਾ ਫੈਸਲਾ ਕੀਤਾ। ਬੱਲੇਬਾਜ਼ੀ ਕਰਨ ਉਤਰੀ ਨਿਊਜ਼ੀਲੈਂਡ ਦੀ ਸ਼ੁਰੂਆਤ ਖਰਾਬ ਰਹੀ ਤੇ ਉਸ ਨੇ ਆਪਣੀਆਂ 4 ਵਿਕਟਾਂ 31 ਦੌੜਾਂ ਦੇ ਸਕੋਰ ’ਤੇ ਗੁਆ ਦਿੱਤੀਆਂ। ਸੂਜੀ ਬੇਟਸ 11, ਬਰਨਡੀਨ ਬਿਜੁਦਿਨਾਓਟ 1, ਕਪਤਾਨ ਐਮੇਲੀਆ ਕੇਰ 5, ਜਾਰਜੀਆ ਪਿਲਮਰ 12 ਤੇ ਮੈਡੀ ਗ੍ਰੀਨ 10 ਦੌੜਾਂ ਬਣਾ ਕੇ ਆਊਟ ਹੋਈਆਂ। ਬਰੂਕ ਹੈਡਿਲੇ ਤੇ ਇਸਾਬੇਲਾ ਗੇਜ ਨੇ ਨਿਊਜ਼ੀਲੈਂਡ ਦੀ ਪਾਰੀ ਨੂੰ ਸੰਭਾਲਿਆ ਤੇ 6ਵੀਂ ਵਿਕਟ ਲਈ 56 ਦੌੜਾਂ ਦੀ ਸਾਂਝੇਦਾਰੀ ਕੀਤੀ। ਇਹ ਨਿਊਜ਼ੀਲੈਂਡ ਵੱਲੋਂ 6ਵੀਂ ਵਿਕਟ ਲਈ ਸਭ ਤੋਂ ਵੱਡੀ ਸਾਂਝੇਦਾਰੀ ਰਹੀ। ਹੈਡਿਲ ਨੇ 33 ਦੌੜਾਂ ਬਣਾਈਆਂ। ਗੇਜ ਨੇ 28 ਗੇਂਦਾਂ ’ਚ 6 ਚੌਕਿਆਂ ਤੇ 1 ਛੱਕੇ ਦੀ ਮਦਦ ਨਾਲ ਅਜੇਤੂ 51 ਦੌੜਾਂ ਦੀ ਪਾਰੀ ਖੇਡੀ। ਜੇਸ ਕੇਰ 6 ਦੌੜਾਂ ਬਣਾ ਕੇ ਅਜੇਤੂ ਰਹੀ।
ਨਿਊਜ਼ੀਲੈਂਡ ਦੀ ਟੀਮ ਨੇ ਗੇਜ ਦੀ ਸ਼ਾਨਦਾਰ ਪਾਰੀ ਦੀ ਬਦੌਲਤ ਨਿਰਧਾਰਿਤ 20 ਓਵਰਾਂ ’ਚ 6 ਵਿਕਟਾਂ ’ਤੇ 136 ਦੌੜਾਂ ਦਾ ਸਕੋਰ ਖੜ੍ਹਾ ਕੀਤਾ। ਇੰਗਲੈਂਡ ਵੱਲੋਂ ਸੋਫੀ ਐਕਲੇਸਟੋਨ ਨੇ 3 ਵਿਕਟਾਂ ਲਈਆਂ। ਨੈਟ ਸਾਈਬਰ ਨੂੰ 2 ਵਿਕਟਾਂ ਮਿਲੀਆਂ। ਸ਼ਾਰਲੈੱਟ ਡੀਨ ਨੇ ਇਕ ਬੱਲੇਬਾਜ਼ ਨੂੰ ਆਊਟ ਕੀਤਾ।


Aarti dhillon

Content Editor

Related News