''ਆਪ'' ਛੱਡ ਕੇ ਭਾਜਪਾ ''ਚ ਜਾਣ ਵਾਲੇ ਜਲੰਧਰ ਤੋਂ ਮੌਜੂਦਾ MP ਸੁਸ਼ੀਲ ਰਿੰਕੂ ਦਾ ਦੇਖੋ ਹੁਣ ਤੱਕ ਦਾ ਸਿਆਸੀ ਸਫ਼ਰ

Thursday, Mar 28, 2024 - 04:11 AM (IST)

''ਆਪ'' ਛੱਡ ਕੇ ਭਾਜਪਾ ''ਚ ਜਾਣ ਵਾਲੇ ਜਲੰਧਰ ਤੋਂ ਮੌਜੂਦਾ MP ਸੁਸ਼ੀਲ ਰਿੰਕੂ ਦਾ ਦੇਖੋ ਹੁਣ ਤੱਕ ਦਾ ਸਿਆਸੀ ਸਫ਼ਰ

ਜਲੰਧਰ- ਆਗਾਮੀ ਲੋਕ ਸਭਾ ਚੋਣਾਂ ਤੋਂ ਪਹਿਲਾਂ ਸਿਆਸੀ ਪਾਰਟੀਆਂ 'ਚ ਆਗੂਆਂ ਦੀ ਦਲ-ਬਦਲੀ ਲਗਾਤਾਰ ਜਾਰੀ ਹੈ। ਪਹਿਲਾਂ ਜਿੱਥੇ ਕਾਂਗਰਸ ਦੇ ਸੀਨੀਅਰ ਆਗੂ ਰਾਜ ਕੁਮਾਰ ਚੱਬੇਵਾਲ ਕਾਂਗਰਸ ਦਾ ਹੱਥ ਛੱਡ ਕੇ ਆਮ ਆਦਮੀ ਪਾਰਟੀ 'ਚ ਸ਼ਾਮਲ ਹੋ ਗਏ ਸਨ, ਉੱਥੇ ਹੀ ਬੀਤੇ ਦਿਨੀਂ ਕਾਂਗਰਸ ਦੇ ਹੀ ਸੀਨੀਅਰ ਆਗੂ ਤੇ ਲੁਧਿਆਣਾ ਤੋਂ ਮੌਜੂਦਾ ਸਾਂਸਦ ਰਵਨੀਤ ਸਿੰਘ ਬਿੱਟੂ ਨੇ ਵੀ ਕਾਂਗਰਸ ਨੂੰ ਅਲਵਿਦਾ ਕਹਿ ਦਿੱਤਾ ਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਅਗਵਾਈ ਵਾਲੀ ਭਾਜਪਾ 'ਚ ਸ਼ਾਮਲ ਹੋ ਗਏ ਸਨ। 

PunjabKesari

ਇਨ੍ਹਾਂ ਤੋਂ ਬਾਅਦ ਪੰਜਾਬ 'ਚ 'ਆਪ' ਨੂੰ ਉਸ ਸਮੇਂ ਵੱਡਾ ਝਟਕਾ ਲੱਗਾ, ਜਦੋਂ ਪਾਰਟੀ ਦੇ ਸੀਨੀਅਰ ਆਗੂ ਤੇ ਜਲੰਧਰ ਤੋਂ ਮੌਜੂਦਾ ਸਾਂਸਦ ਸੁਸ਼ੀਲ ਰਿੰਕੂ ਦੇ ਨਾਲ-ਨਾਲ ਐੱਮ.ਐੱਲ.ਏ. ਸ਼ੀਤਲ ਅੰਗੁਰਾਲ ਨੇ ਵੀ ਪਾਰਟੀ ਛੱਡ ਕੇ ਭਾਜਪਾ 'ਚ ਸ਼ਾਮਲ ਹੋਣ ਦਾ ਫ਼ੈਸਲਾ ਕਰ ਲਿਆ। ਜ਼ਿਕਰਯੋਗ ਹੈ ਕਿ ਸੁਸ਼ੀਲ ਰਿੰਕੂ ਪੰਜਾਬ 'ਚ ਆਮ ਆਦਮੀ ਪਾਰਟੀ ਵੱਲੋਂ ਇਕਲੌਤੇ ਸਾਂਸਦ ਸਨ, ਜਿਸ ਕਾਰਨ ਉਨ੍ਹਾਂ ਦੇ ਇਸ ਫ਼ੈਸਲੇ ਨੇ 'ਆਪ' ਨੂੰ ਡੂੰਘੀ ਸੱਟ ਮਾਰੀ ਹੈ। ਆਓ ਜਾਣਦੇ ਹਾਂ ਸੁਸ਼ੀਲ ਰਿੰਕੂ ਦਾ ਸਿਆਸੀ ਸਫ਼ਰ ਹੁਣ ਤੱਕ ਕਿਹੋ ਜਿਹਾ ਰਿਹਾ ਹੈ-

ਲੰਬੇ ਸਮੇਂ ਤੱਕ ਕਾਂਗਰਸ ਵਿੱਚ ਰਹੇ ਸੁਸ਼ੀਲ ਕੁਮਾਰ ਰਿੰਕੂ 5 ਅਪ੍ਰੈਲ 2023 ਨੂੰ ਕਾਂਗਰਸ ਨੂੰ ਅਲਵਿਦਾ ਕਹਿ ਕੇ ਆਮ ਆਦਮੀ ਪਾਰਟੀ ਵਿੱਚ ਸ਼ਾਮਲ ਹੋਏ ਸਨ। ਉਨ੍ਹਾਂ ਨੂੰ 'ਆਪ' ਪਾਰਟੀ ਨੇ ਜ਼ਿਮਨੀ ਚੋਣਾਂ ਦਾ ਉਮੀਦਵਾਰ ਐਲਾਨਿਆ ਸੀ ਅਤੇ ਉਨ੍ਹਾਂ ਵੱਡੀ ਲੀਡ ਨਾਲ ਜਿੱਤ ਵੀ ਹਾਸਲ ਕੀਤੀ ਸੀ। ਸੁਸ਼ੀਲ ਕੁਮਾਰ ਰਿੰਕੂ ਦੇ ਪਿਤਾ ਲੰਬੇ ਸਮੇਂ ਤੱਕ ਕਾਂਗਰਸ ਦੇ ਕੌਂਸਲਰ ਰਹੇ ਸਨ। ਉਸ ਤੋਂ ਬਾਅਦ ਸੁਸ਼ੀਲ ਰਿੰਕੂ ਵੀ ਦੋ ਵਾਰ ਕੌਂਸਲਰ ਰਹੇ ਅਤੇ ਇਕ ਵਾਰ ਉਨ੍ਹਾਂ ਦੀ ਪਤਨੀ ਵੀ ਕੌਂਸਲਰ ਰਹੀ। 

PunjabKesari

ਜਲੰਧਰ ਪੱਛਮੀ ਦੀ ਵਿਧਾਨ ਸਭਾ ਸੀਟ ਤੋਂ ਸੁਸ਼ੀਲ ਰਿੰਕੂ ਨੇ ਪਹਿਲੀ ਵਾਰ ਚੋਣ ਲੜੀ ਸੀ। ਇਸ ਸੀਟ 'ਤੇ ਪਹਿਲਾਂ ਕਾਂਗਰਸ ਦੇ ਸੀਨੀਅਰ ਆਗੂ ਮੋਹਿੰਦਰ ਕੇ.ਪੀ. ਚੋਣ ਲੜਿਆ ਕਰਦੇ ਸਨ। ਸਾਲ 2017 ਦੀਆਂ ਵਿਧਾਨ ਸਭਾ ਚੋਣਾਂ ਵਿੱਚ ਉਨ੍ਹਾਂ ਦੀ ਟਿਕਟ ਬਦਲ ਕੇ ਜਲੰਧਰ ਪੱਛਮੀ ਸੀਟ ਸੁਸ਼ੀਲ ਕੁਮਾਰ ਰਿੰਕੂ ਨੂੰ ਦਿੱਤੀ ਗਈ ਸੀ। ਸੁਸ਼ੀਲ ਰਿੰਕੂ ਨੇ ਅਕਾਲੀ-ਭਾਜਪਾ ਸਰਕਾਰ ਵਿੱਚ ਮੰਤਰੀ ਰਹੇ ਭਗਤ ਚੁੰਨੀ ਲਾਲ ਦੇ ਪੁੱਤਰ ਮੋਹਿੰਦਰ ਪਾਲ ਭਗਤ ਨੂੰ ਹਰਾ ਕੇ ਜਿੱਤ ਹਾਸਲ ਕੀਤੀ ਸੀ। 

2022 ਦੀਆਂ ਵਿਧਾਨ ਸਭਾ ਚੋਣਾਂ ਵਿੱਚ ਜਲੰਧਰ ਪੱਛਮੀ ਤੋਂ ਮੌਜੂਦਾ ਵਿਧਾਇਕ ਸ਼ੀਤਲ ਅੰਗੁਰਾਲ ਨੇ ਸੁਸ਼ੀਲ ਰਿੰਕੂ ਨੂੰ ਹਰਾਇਆ ਸੀ, ਪਰ ਸ਼ਾਇਦ ਸਿਆਸਤ ਇਸ ਨੂੰ ਕਹਿੰਦੇ ਨੇ ਵਿਧਾਨ ਸਭਾ ਚੋਣਾਂ ਮੌਕੇ ਸੁਸ਼ੀਲ ਰਿੰਕੂ ਅਤੇ 'ਆਪ' ਵਿਧਾਇਕ ਸ਼ੀਤਲ ਅਗੁੰਰਾਲ ਆਹਮੋ-ਸਾਹਮਣੇ ਸਨ, ਪਰ ਜ਼ਿਮਨੀ ਚੋਣਾਂ ਮੌਕੇ ਸ਼ੀਤਲ ਅੰਗੁਰਾਲ ਸੁਸ਼ੀਲ ਰਿੰਕੂ ਦੇ ਹੱਕ 'ਚ ਪ੍ਰਚਾਰ ਕਰਦੇ ਨਜ਼ਰ ਆਏ। ਜੇਕਰ ਮੁਕਾਬਲੇ ਦੀ ਗੱਲ ਕੀਤੀ ਜਾਵੇ ਤਾਂ ਸੁਸ਼ੀਲ ਰਿੰਕੂ ਦਾ ਮੁਕਾਬਲਾ ਆਪਣੀ ਹੀ ਸਾਬਕਾ ਪਾਰਟੀ ਦੇ ਉਮੀਦਵਾਰ ਬੀਬੀ ਕਰਮਜੀਤ ਕੌਰ ਚੌਧਰੀ ਨਾਲ ਸੀ। 

PunjabKesari

ਉਸ ਸਮੇਂ ਪੰਜਾਬ ਵਿੱਚ ਜੋ ਹਾਲਾਤ ਬਣੇ ਸਨ, ਉਸ ਵਿੱਚ ਸਭ ਤੋਂ ਵੱਡੀ ਪ੍ਰੀਖਿਆ ਸੱਤਾਧਾਰੀ ਪਾਰਟੀ, ਆਮ ਆਦਮੀ ਪਾਰਟੀ ਦੀ ਸੀ। ਆਮ ਆਦਮੀ ਪਾਰਟੀ ਜਦੋਂ ਸੱਤਾ ਵਿੱਚ ਆਈ ਸੀ ਤਾਂ ਉਸ ਨੂੰ ਸੰਗਰੂਰ ਦੀ ਜ਼ਿਮਨੀ ਚੋਣ ਵਿਚ ਹਾਰ ਦਾ ਸਾਹਮਣਾ ਕਰਨਾ ਪਿਆ ਸੀ, ਜਿਸ ਵਿੱਚ ਉਨ੍ਹਾਂ ਦੀ ਵੱਡੀ ਹਾਰ ਹੋਈ ਸੀ। ਅਜਿਹੇ ਵਿੱਚ ਜਲੰਧਰ ਲੋਕ ਸਭਾ ਦੀ ਜ਼ਿਮਨੀ ਚੋਣ ਆਮ ਆਦਮੀ ਪਾਰਟੀ ਲਈ ਵੱਡੀ ਅਗਨੀ ਪ੍ਰੀਖਿਆ ਸੀ ਅਤੇ ਵੱਕਾਰ ਦਾ ਸਵਾਲ ਸੀ ਕਿ ਜੇ ਕਾਂਗਰਸ ਜਲੰਧਰ ਦੀ ਜ਼ਿਮਨੀ ਚੋਣ ਜਿੱਤਦੀ ਹੈ ਤਾਂ ਦੇਸ਼ ਵਿੱਚ ਇਹ ਮੈਸੇਜ ਜਾਵੇਗਾ ਕਿ ਕਾਂਗਰਸ ਮੁੜ ਉੱਠ ਖੜ੍ਹੀ ਹੋ ਸਕਦੀ ਹੈ।

ਇਨ੍ਹਾਂ ਉਮੀਦਵਾਰਾਂ ਵਿਚ ਸੀ ਮੁੱਖ ਮੁਕਾਬਲਾ 
ਦੱਸਣਯੋਗ ਹੈ ਕਿ ਜਲੰਧਰ ਜ਼ਿਮਨੀ ਚੋਣ ਲਈ ਮੁੱਖ ਮੁਕਾਬਲਾ ਸੱਤਾਧਾਰੀ ਪਾਰਟੀ ਦੇ ਉਮੀਦਵਾਰ ਸੁਸ਼ੀਲ ਕੁਮਾਰ, ਕਾਂਗਰਸ ਦੇ ਉਮੀਦਵਾਰ ਕਰਮਜੀਤ ਕੌਰ ਚੌਧਰੀ, ਅਕਾਲੀ ਦਲ-ਬਸਪਾ ਦੇ ਉਮੀਦਵਾਰ ਸੁਖਵਿੰਦਰ ਕੁਮਾਰ ਸੁੱਖੀ ਅਤੇ ਭਾਜਪਾ ਦੇ ਉਮੀਦਵਾਰ ਇੰਦਰ ਇਕਬਾਲ ਸਿੰਘ ਅਟਵਾਲ ਵਿਚਾਲੇ ਰਿਹਾ ਸੀ।  'ਆਪ' ਉਮੀਦਵਾਰ ਸੁਸ਼ੀਲ ਰਿੰਕੂ ਨੇ 60 ਹਜ਼ਾਰ ਵੋਟਾਂ ਦੇ ਫਰਕ ਨਾਲ ਕਾਂਗਰਸ ਦੀ ਉਮੀਦਵਾਰ ਕਰਮਜੀਤ ਕੌਰ ਚੌਧਰੀ ਨੂੰ ਹਰਾਇਆ ਸੀ।

ਸੁਸ਼ੀਲ ਕੁਮਾਰ ਰਿੰਕੂ ਨੂੰ 3,02,097 ਵੋਟਾਂ ਪਈਆਂ ਸਨ ਜਦਕਿ ਕਰਮਜੀਤ ਕੌਰ ਨੂੰ 2,43,450 ਵੋਟਾਂ ਹਾਸਲ ਹੋਈਆਂ ਸਨ। ਉਥੇ ਹੀ ਅਕਾਲੀ ਦਲ-ਬਸਪਾ ਦੇ ਉਮੀਦਵਾਰ ਸੁਖਵਿੰਦਰ ਸੁੱਖੀ 1,58,354 ਵੋਟਾਂ ਨਾਲ ਤੀਜੇ ਸਥਾਨ 'ਤੇ ਰਹੇ ਅਤੇ ਭਾਜਪਾ ਦੇ ਉਮੀਦਵਾਰ ਇੰਦਰ ਇਕਬਾਲ ਸਿੰਘ ਅਟਵਾਲ 1,34,706 ਵੋਟਾਂ ਨਾਲ ਚੌਥੇ ਨੰਬਰ 'ਤੇ ਰਹੇ। ਕਾਂਗਰਸ ਦਾ ਕਿਲ੍ਹਾ ਢਾਹੁਣ ਵਾਲੇ ਸੁਸ਼ੀਲ ਕੁਮਾਰ ਰਿੰਕੂ ਨੇ ਜਲੰਧਰ ਲੋਕ ਸਭਾ ਸੀਟ 'ਤੇ ਵੱਡੀ ਜਿੱਤ ਦਰਜ ਕਰਕੇ ਇਤਿਹਾਸ ਰਚਿਆ ਸੀ। 

PunjabKesari

10 ਮਈ ਨੂੰ ਜਲੰਧਰ ਜ਼ਿਮਨੀ ਚੋਣ ਵਿਚ ਜਲੰਧਰ ਵਿਚ ਕੁੱਲ 54.4 ਫ਼ੀਸਦੀ ਵੋਟਿੰਗ ਹੋਈ ਸੀ। ਜੇਕਰ 9 ਹਲਕਿਆਂ ਦੀ ਗੱਲ ਕੀਤੀ ਜਾਵੇ ਤਾਂ ਕਰਤਾਰਪੁਰ ਹਲਕੇ ਵਿਚ 57.40, ਜਲੰਧਰ ਕੈਂਟ ਵਿਚ 49.70 ਫ਼ੀਸਦੀ, ਆਦਮਪੁਰ ਵਿਚ 54 ਫ਼ੀਸਦੀ, ਜਲੰਧਰ ਕੇਂਦਰੀ 48.90 ਫ਼ੀਸਦੀ, ਜਲੰਧਰ ਉੱਤਰੀ 54.40 ਫ਼ੀਸਦੀ, ਜਲੰਧਰ ਪੱਛਮੀ 56.50 ਫ਼ੀਸਦੀ, ਨਕੋਦਰ 55.90 ਫ਼ੀਸਦੀ, ਫਿਲੌਰ 55.80 ਫ਼ੀਸਦੀ, ਸ਼ਾਹਕੋਟ 57.40 ਫ਼ੀਸਦੀ ਪੋਲਿੰਗ ਹੋਈ ਸੀ। 

ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ

👇Join us on Whatsapp channel👇

https://whatsapp.com/channel/0029Va94hsaHAdNVur4L170e


author

Harpreet SIngh

Content Editor

Related News