ਸੁਸ਼ੀਲ ਰਿੰਕੂ ਤੇ ਸ਼ੀਤਲ ਅੰਗੁਰਾਲ ਨੂੰ ਭਾਜਪਾ ’ਚ ਸ਼ਾਮਲ ਕਰਨ ਦਾ ਮੰਨਿਆ ਜਾ ਰਿਹੈ ਬਨਾਰਸ ਕੁਨੈਕਸ਼ਨ!
Wednesday, Apr 03, 2024 - 05:56 PM (IST)
ਜਲੰਧਰ (ਵਿਸ਼ੇਸ਼)–ਆਮ ਆਦਮੀ ਪਾਰਟੀ ਦੇ ਸੰਸਦ ਮੈਂਬਰ ਸੁਸ਼ੀਲ ਰਿੰਕੂ ਅਤੇ ਵਿਧਾਇਕ ਸ਼ੀਤਲ ਅੰਗੁਰਾਲ ਨੂੰ ਭਾਜਪਾ ਵਿਚ ਲਿਆਉਣ ਅਤੇ ਉਨ੍ਹਾਂ ਨੂੰ ਕੇਂਦਰੀ ਸੁਰੱਖਿਆ ਅਤੇ ਹੋਰ ਸਹੂਲਤਾਂ ਦੇਣ ਦੇ ਪਿੱਛੇ ਬਨਾਰਸ ਦਾ ਕੁਨੈਕਸ਼ਨ ਮੰਨਿਆ ਜਾ ਰਿਹਾ ਹੈ। ਭਾਜਪਾ ਆਗੂਆਂ ਵਿਚ ਚਰਚਾ ਚੱਲ ਰਹੀ ਹੈ ਕਿ ਇਨ੍ਹਾਂ ਦੋਵਾਂ ਆਗੂਆਂ ਨੂੰ ਜਿਸ ਤੇਜ਼ੀ ਨਾਲ ਭਾਜਪਾ ਵਿਚ ਸ਼ਾਮਲ ਕੀਤਾ ਗਿਆ ਅਤੇ ਫਿਰ ਉਨ੍ਹਾਂ ਨੂੰ ਤੁਰੰਤ ਜਿਸ ਤਰ੍ਹਾਂ ਨਾਲ ਕੇਂਦਰੀ ਸੁਰੱਖਿਆ ਮੁਹੱਈਆ ਕਰਵਾ ਦਿੱਤੀ ਗਈ, ਉਸ ਤੋਂ ਇਕ ਗੱਲ ਸਿੱਧ ਹੋ ਗਈ ਹੈ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਸੰਸਦੀ ਹਲਕੇ ਵਾਰਾਨਸੀ (ਬਨਾਰਸ) ਨਾਲ ਇਸ ਦਾ ਕੁਝ ਨਾ ਕੁਝ ਕੁਨੈਕਸ਼ਨ ਜ਼ਰੂਰ ਜੁੜਿਆ ਹੋਇਆ ਹੈ।
ਇਹ ਵੀ ਪੜ੍ਹੋ: ਜਲੰਧਰ 'ਚ ਵੱਡੀ ਵਾਰਦਾਤ: ਪਤੀ ਵੱਲੋਂ ਪਤਨੀ ਦਾ ਬੇਰਹਿਮੀ ਨਾਲ ਕਤਲ, ਕਮਰੇ 'ਚੋਂ ਅਰਧ ਨਗਨ ਹਾਲਾਤ 'ਚ ਮਿਲੀ ਲਾਸ਼
ਵਾਰਾਨਸੀ ਵਿਚ ਭਾਰੀ ਗਿਣਤੀ ਵਿਚ ਅਨੁਸੂਚਿਤ ਜਾਤੀ ਵੋਟ ਬੈਂਕ ਵਸਿਆ ਹੋਇਆ ਹੈ। ਪੰਜਾਬ ਦੇ ਵਧੇਰੇ ਅਨੁਸੂਚਿਤ ਭਾਈਚਾਰੇ ਦੇ ਲੋਕ ਹਰ ਸਾਲ ਬਨਾਰਸ ਵਿਚ ਸ੍ਰੀ ਗੁਰੂ ਰਵਿਦਾਸ ਜੀ ਦੇ ਮੰਦਿਰ ’ਚ ਸੀਸ ਨਿਵਾਉਣ ਜਾਂਦੇ ਹਨ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਇਸ ਵਾਰ ਵੀ ਵਾਰਾਨਸੀ ਸੰਸਦੀ ਹਲਕੇ ਤੋਂ ਚੋਣ ਲੜ ਰਹੇ ਹਨ। ਪ੍ਰਧਾਨ ਮੰਤਰੀ ਨੇ ਜੇ ਭਾਰੀ ਜਿੱਤ ਦਰਜ ਕਰਨੀ ਹੈ ਅਤੇ ਉਸ ਦੇ ਲਈ ਉਨ੍ਹਾਂ ਨੂੰ ਸਾਰੇ ਵਰਗਾਂ ਦੇ ਲੋਕਾਂ ਦਾ ਸਮਰਥਨ ਚਾਹੀਦਾ ਹੈ। ਹਾਲਾਂਕਿ ਪ੍ਰਧਾਨ ਮੰਤਰੀ ਦੀ ਜਿੱਤ ਵਿਚ ਕਿਸੇ ਨੂੰ ਵੀ ਸ਼ੱਕ ਨਹੀਂ ਹੈ ਪਰ ਫਿਰ ਵੀ ਰਿਕਾਰਡ ਵੋਟਾਂ ਨਾਲ ਜਿੱਤਣ ਲਈ ਉਨ੍ਹਾਂ ਨੂੰ ਅਨੁਸੂਚਿਤ ਭਾਈਚਾਰੇ ਦਾ ਵੀ ਪੂਰਾ ਸਾਥ ਚਾਹੀਦਾ ਹੈ।
ਪੰਜਾਬ ਦੇ ਦਲਿਤ ਭਾਈਚਾਰੇ ਦੇ ਲੋਕ ਕਿਉਂਕਿ ਕਾਸ਼ੀ-ਬਨਾਰਸ ਜਾਂਦੇ ਰਹਿੰਦੇ ਹਨ, ਇਸ ਲਈ ਦੋਵਾਂ ਦਲਿਤ ਆਗੂਆਂ ਨੂੰ ਭਾਜਪਾ ਵਿਚ ਲਿਆ ਕੇ ਉਨ੍ਹਾਂ ਅਨੁਸੂਚਿਤ ਭਾਈਚਾਰੇ ਦਾ ਦਿਲ ਜਿੱਤਣ ਦੀ ਕੋਸ਼ਿਸ਼ ਕੀਤੀ ਹੈ। ਇਸ ਨਾਲ ਪ੍ਰਧਾਨ ਮੰਤਰੀ ਨੂੰ ਆਪਣੇ ਸੰਸਦੀ ਹਲਕੇ ਵਿਚ ਵੀ ਲਾਭ ਮਿਲੇਗਾ। ਡੇਰਾ ਸੱਚਖੰਡ ਬੱਲਾਂ ਨਾਲ ਜੁੜੇ ਸ੍ਰੀ ਰਵਿਦਾਸੀਆ ਭਾਈਚਾਰੇ ਦੇ ਲੋਕਾਂ ਦਾ ਝੁਕਾਅ ਬਨਾਰਸ ਵਿਚ ਪ੍ਰਧਾਨ ਮੰਤਰੀ ਅਤੇ ਭਾਜਪਾ ਵੱਲ ਪੂਰੀ ਤਰ੍ਹਾਂ ਨਾਲ ਹੋ ਜਾਵੇਗਾ। ਰਿੰਕੂ ਅਤੇ ਸ਼ੀਤਲ ਅੰਗੁਰਾਲ ਵੀ ਡੇਰਾ ਸੱਚਖੰਡ ਬੱਲਾਂ ਵਿਚ ਅਕਸਰ ਨਤਮਸਤਕ ਹੁੰਦੇ ਰਹਿੰਦੇ ਹਨ। ਚੋਣਾਂ ਵਿਚ ਡੇਰਾ ਬੱਲਾਂ ਨੇ ਕਦੀ ਵੀ ਖੁੱਲ੍ਹ ਕੇ ਕਿਸੇ ਇਕ ਪਾਰਟੀ ਨੂੰ ਸਮਰਥਨ ਨਹੀਂ ਦਿੱਤਾ। ਡੇਰਾ ਆਪਣੇ-ਆਪ ਨੂੰ ਨਿਰਪੱਖ ਰੱਖਦਾ ਹੈ ਕਿਉਂਕਿ ਸਾਰੀਆਂ ਸਿਆਸੀ ਪਾਰਟੀਆਂ ਦੇ ਆਗੂ ਮੱਥਾ ਟੇਕਣ ਲਈ ਇਥੇ ਆਉਂਦੇ ਹਨ। ਮੁੱਖ ਮੰਤਰੀ, ਮੰਤਰੀ ਅਤੇ ਹੋਰ ਆਗੂ ਵੀ ਵੱਖ-ਵੱਖ ਮਹਾਪੁਰਖਾਂ ਦੇ ਪ੍ਰੋਗਰਾਮਾਂ ਵਿਚ ਸ਼ਾਮਲ ਹੁੰਦੇ ਹਨ।
ਇਹ ਵੀ ਪੜ੍ਹੋ: ਸੁਸ਼ੀਲ ਰਿੰਕੂ ਤੇ ਸ਼ੀਤਲ ਅੰਗੁਰਾਲ 'ਤੇ ਪੰਜਾਬ ਸਰਕਾਰ ਦੀ ਵੱਡੀ ਕਾਰਵਾਈ, ਸੁਰੱਖਿਆ 'ਚ ਕੀਤੀ ਕਟੌਤੀ