ਪੀ. ਓ. ਕੇ. ਵਿਚ ਚੀਨ ਨੇ ਤੇਜ਼ ਕੀਤਾ ਉਸਾਰੀ ਦਾ ਕੰਮ

10/18/2017 1:00:47 PM

ਇਸਲਾਮਾਬਾਦ (ਬਿਊਰੋ)— ਭਾਰਤ-ਪਾਕਿਸਤਾਨ ਦੇ ਰਿਸ਼ਤੇ ਸ਼ੁਰੂ ਤੋਂ ਹੀ ਉਲਝੇ ਰਹੇ ਹਨ। ਦੋਹਾਂ ਵਿਚ ਮਤਭੇਦ ਖਤਮ ਹੋਣ ਦੀ ਥਾਂ ਵੱਧਦਾ ਹੀ ਜਾ ਰਿਹਾ ਹੈ। ਉੱਧਰ ਡੋਕਲਾਮ ਵਿਵਾਦ ਮਗਰੋਂ ਹੁਣ ਚੀਨ ਨੇ ਪਾਕਿਸਤਾਨ ਦੇ ਕਬਜੇ ਵਾਲੇ ਕਸ਼ਮੀਰ ਵਿਚ ਉਸਾਰੀ ਦਾ ਕੰਮ ਹੋਰ ਤੇਜ਼ ਕਰ ਦਿੱਤਾ ਹੈ। ਇਸ ਉਸਾਰੀ ਨੇ ਭਾਰਤ ਲਈ ਨਵੀਆਂ ਮੁਸ਼ਕਲਾਂ ਖੜੀਆਂ ਕਰ ਦਿੱਤੀਆਂ ਹਨ। ਪਾਕਿਸਤਾਨ ਵਿਚ ਊਰਜਾ ਸੰਕਟ ਨੂੰ ਘੱਟ ਕਰਨ ਲਈ ਪਾਕਿਸਤਾਨ ਦੇ ਕਬਜੇ ਵਾਲੇ ਕਸ਼ਮੀਰ ਵਿਚ ਚੀਨ ਆਪਣੇ 2 ਅਰਬ ਡਾਲਰ ਦੇ ਹਾਈਡ੍ਰੋਪਾਵਰ ਪ੍ਰੌਜੈਕਟ ਦੀ ਯੋਜਨਾ 'ਤੇ ਕੰਮ ਕਰ ਰਿਹਾ ਹੈ। ਚੀਨ ਦਾ ਇਹ ਕੈਰੋਟ ਹਾਈਡ੍ਰੋਪਾਵਰ ਪਾਵਰ ਪ੍ਰੌਜੈਕਟ ਜੇਹਲਮ ਨਦੀ 'ਤੇ ਤਿਆਰ ਕੀਤਾ ਜਾਵੇਗਾ। ਇਸ ਪ੍ਰੌਜੈਕਟ 'ਤੇ 30 ਸਾਲ ਤੱਕ ਚੀਨ ਦੀ ਅਧਿਕਾਰ ਹੋਵੇਗਾ ਅਤੇ ਇਸ ਮਗਰੋਂ ਪਾਕਿਸਤਾਨ ਨੂੰ ਸੌਂਪ ਦਿੱਤਾ ਜਾਵੇਗਾ।
ਚੀਨ ਦੀ ਇਕ ਅਖਬਾਰ ਮੁਤਾਬਕ ਕੈਰੋਟ ਪਾਵਰ ਕੰਪਨੀ ਲਿਮੀਟਿਡ ਚੀਨ ਥ੍ਰੀ ਗੌਰਜਸ ਸਾਊਥ ਏਸ਼ੀਆ ਇਨਵੈਸਟਮੈਂਟ ਦੀ ਸਹਾਇਕ ਕੰਪਨੀ ਹੈ। ਕੰਪਨੀ ਨੇ ਕਿਹਾ ਹੈ ਕਿ ਇਸ ਪ੍ਰੌਜੈਕਟ ਨਾਲ ਪਾਕਿਸਤਾਨ ਵਿਚ ਊਰਜਾ ਸੰਕਟ ਨੂੰ ਘੱਟ ਕੀਤਾ ਜਾਵੇਗਾ ਅਤੇ ਉੱਥੋਂ ਦੇ ਸਥਾਨਕ ਲੋਕਾਂ ਨੂੰ ਨੌਕਰੀ ਮਿਲੇਗੀ। ਹਾਲਾਂਕਿ ਰਿਪੋਰਟ ਵਿਚ ਇਸ ਪ੍ਰੌਜੈਕਟ ਨੂੰ ਲੈ ਕੇ ਕੋਈ ਨਵੀਂ ਟਾਈਮਲਾਈਨ ਜਾਰੀ ਨਹੀਂ ਕੀਤੀ ਗਈ ਹੈ।
ਪਾਕਿਸਤਾਨ ਵਿਚ ਊਰਜਾ ਸੰਕਟ ਨੂੰ ਖਤਮ ਕਰਨ ਲਈ 720 ਮੈਗਾਵਾਟ ਦੀ ਸਮੱਰਥਾ ਵਾਲਾ ਕੈਰੋਟ ਪਾਵਰ ਸਟੇਸ਼ਨ ਅਤੇ ਥ੍ਰੀ ਗੌਰਜਸ ਸਾਊਥ ਏਸ਼ੀਆ ਇਨਵੈਸਟਮੈਂਟ ਪਾਵਰ ਪ੍ਰੌਜੈਕਟ ਕੰਮ ਕਰ ਰਹੇ ਹਨ। ਇਸ ਪ੍ਰੌਜੈਕਟ ਵਿਚ ਹਾਈਡ੍ਰੋ, ਹਵਾ ਅਤੇ ਸੌਰ ਊਰਜਾ ਸ਼ਾਮਲ ਹੈ, ਜੋ ਕਿ ਪਾਕਿਸਤਾਨ ਦੀ ਊਰਜਾ ਸਮੱਸਿਆ ਨੂੰ ਕਾਫੀ ਹੱਦ ਤੱਕ ਖਤਮ ਕਰੇਗਾ।
ਚੀਨ ਦੀ ਇਹ ਨੀਤੀ ਕਿਸੇ ਨਵੀਂ ਰਣਨੀਤੀ ਤੋਂ ਘੱਟ ਨਹੀਂ ਹੈ। ਇਕ ਪਾਸੇ ਡੋਕਲਾਮ ਅਤੇ ਹੁਣ ਦੂਜੇ ਪਾਸੇ ਪੀ. ਓ. ਕੇ. ਵਿਚ ਚੀਨ ਨੇ ਦਸਤਕ ਦੇ ਕੇ ਭਾਰਤ ਦੀਆਂ ਮੁਸ਼ਕਲਾਂ ਵਧਾ ਦਿੱਤੀਆਂ ਹਨ। ਇਸ ਦੇ ਇਲਾਵਾ ਵਨ ਬੈਲਟ ਵਨ ਰੋਡ ਤਹਿਤ ਵੀ ਚੀਨ ਪੂਰੇ ਦੱਖਣੀ ਏਸ਼ੀਆ ਵਿਚ ਨਿਵੇਸ਼ ਕਰਨ ਵਿਚ ਜੁੱਟਿਆ ਹੋਇਆ ਹੈ।


Related News