ਆਪ ਦਾ ਦਾਅਵਾ, ਚੰਨਪ੍ਰੀਤ ਸਿੰਘ ਨੇ BJP ਲਈ ਵੀ ਕੀਤਾ ਸੀ ਕੰਮ

04/16/2024 4:05:30 PM

ਨਵੀਂ ਦਿੱਲੀ- ਆਮ ਆਦਮੀ ਪਾਰਟੀ (ਆਪ) ਨੇ ਮੰਗਲਵਾਰ ਨੂੰ ਦਾਅਵਾ ਕੀਤਾ ਕਿ ਆਬਕਾਰੀ ਨੀਤੀ ਮਾਮਲੇ 'ਚ ਇਨਫੋਰਸਮੈਂਟ ਡਾਇਰੈਕਟੋਰੇਟ (ਈ.ਡੀ.) ਵਲੋਂ ਗ੍ਰਿਫਤਾਰ ਕੀਤੇ ਗਏ ਚੰਨਪ੍ਰੀਤ ਸਿੰਘ ਨੇ ਕਾਂਗਰਸ, ਤ੍ਰਿਣਮੂਲ ਕਾਂਗਰਸ ਅਤੇ ਇੱਥੋਂ ਤੱਕ ਕਿ ਭਾਰਤੀ ਜਨਤਾ ਪਾਰਟੀ (ਭਾਜਪਾ) ਲਈ ਵੀ ਕੰਮ ਕੀਤਾ ਸੀ। 'ਆਪ' ਨੇ ਭਾਜਪਾ 'ਤੇ ਦੋਸ਼ ਲਾਇਆ ਕਿ ਉਹ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਦੇ ਅਕਸ ਨੂੰ ਖਰਾਬ ਕਰਨ ਦੀ ਕੋਸ਼ਿਸ਼ ਕਰ ਰਹੀ ਹੈ। ਈਡੀ ਨੇ ਸੋਮਵਾਰ ਨੂੰ ਦਿੱਲੀ ਆਬਕਾਰੀ ਨੀਤੀ ਨਾਲ ਜੁੜੇ ਮਨੀ ਲਾਂਡਰਿੰਗ ਮਾਮਲੇ ਵਿੱਚ ਗੋਆ ਵਿਧਾਨ ਸਭਾ ਚੋਣਾਂ ਲਈ ਕਥਿਤ ਤੌਰ 'ਤੇ 'ਆਪ' ਦੇ ਫੰਡਾਂ ਦਾ ਪ੍ਰਬੰਧਨ ਕਰਨ ਵਾਲੇ ਚੰਨਪ੍ਰੀਤ ਸਿੰਘ ਨੂੰ ਗ੍ਰਿਫਤਾਰ ਕੀਤਾ।

ਅਧਿਕਾਰਤ ਸੂਤਰਾਂ ਨੇ ਦੱਸਿਆ ਕਿ ਸਿੰਘ ਨੂੰ ਮਨੀ ਲਾਂਡਰਿੰਗ ਰੋਕੂ ਕਾਨੂੰਨ (ਪੀ. ਐਮ. ਐਲ. ਏ) ਤਹਿਤ ਗ੍ਰਿਫ਼ਤਾਰ ਕੀਤਾ ਗਿਆ ਹੈ। 'ਆਪ' ਅਤੇ ਦਿੱਲੀ ਸਰਕਾਰ ਦੇ ਮੰਤਰੀ ਸੌਰਭ ਭਾਰਦਵਾਜ ਨੇ ਮੰਗਲਵਾਰ ਨੂੰ ਇੱਥੇ ਇਕ ਪ੍ਰੈੱਸ ਕਾਨਫਰੰਸ 'ਚ ਭਾਜਪਾ 'ਤੇ ਦੋਸ਼ ਲਗਾਇਆ ਕਿ ਉਹ ਉਨ੍ਹਾਂ ਦੀ ਪਾਰਟੀ ਅਤੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਦੇ ਅਕਸ ਨੂੰ ਖਰਾਬ ਕਰਨ ਦੀ ਕੋਸ਼ਿਸ਼ ਕਰ ਰਹੀ ਹੈ। ਭਾਰਦਵਾਜ ਨੇ ਕਿਹਾ ਕਿ ਈਡੀ ਵਲੋਂ ਗ੍ਰਿਫਤਾਰ ਕੀਤੇ ਗਏ ਚੰਨਪ੍ਰੀਤ ਸਿੰਘ ਨੂੰ ਵੀ ਸੀ. ਬੀ. ਆਈ ਨੇ ਪਿਛਲੇ ਸਾਲ ਹਿਰਾਸਤ ਵਿਚ ਲਿਆ ਸੀ। ਪਿਛਲੇ ਸਾਲ ਹੀ ਸੀ. ਬੀ. ਆਈ. ਅਦਾਲਤ ਨੇ ਸਿੰਘ ਨੂੰ ਜ਼ਮਾਨਤ ਦੇ ਦਿੱਤੀ ਸੀ। 

ਹੁਣ ਈਡੀ ਨੇ ਚੰਨਪ੍ਰੀਤ ਨੂੰ ਗ੍ਰਿਫ਼ਤਾਰ ਕਰ ਲਿਆ ਹੈ। ਸੌਰਭ ਨੇ ਕਿਹਾ ਕਿ ਸਿੰਘ ਨੇ ਵੱਖ-ਵੱਖ ਪਾਰਟੀਆਂ ਲਈ ਕੰਮ ਕੀਤਾ ਹੈ। ਉਸ ਨੇ ਕਾਂਗਰਸ, ਤ੍ਰਿਣਮੂਲ ਕਾਂਗਰਸ ਅਤੇ ਇੱਥੋਂ ਤੱਕ ਕਿ ਭਾਜਪਾ ਲਈ ਵੀ ਕੰਮ ਕੀਤਾ ਹੈ। ਇਹ ਮੈਂ ਨਹੀਂ ਕਹਿ ਰਿਹਾ ਸਗੋਂ ਸੀ. ਬੀ. ਆਈ. ਦੇ ਦਸਤਾਵੇਜ਼ਾਂ ਵਿਚ ਇਸ ਦਾ ਜ਼ਿਕਰ ਕੀਤਾ ਗਿਆ ਹੈ। ਉਨ੍ਹਾਂ ਨੇ ਦੋਸ਼ ਲਾਇਆ ਕਿ ਭਾਜਪਾ ਕੇਜਰੀਵਾਲ ਅਤੇ 'ਆਪ' ਦੇ ਅਕਸ ਨੂੰ ਖਰਾਬ ਕਰਨ ਦੀ ਕੋਸ਼ਿਸ਼ ਕਰ ਰਹੀ ਹੈ। ਭਾਜਪਾ ਅਤੇ ਈਡੀ ਵੱਲੋਂ ਕੋਈ ਤੁਰੰਤ ਪ੍ਰਤੀਕਿਰਿਆ ਨਹੀਂ ਆਈ ਹੈ।


Tanu

Content Editor

Related News