ਪੁਲਸ ਨੇ ਚੀਨ ਦੇ ਵਪਾਰੀ ਦੀ ਕਰੋੜਾਂ ਦੀ ਸੰਪਤੀ ਕੀਤੀ ਜ਼ਬਤ

10/05/2017 9:59:16 PM

ਫਲੋਰੈਂਸ— ਮਾਫੀਆ ਵਿਰੋਧੀ ਜਾਂਚਕਰਤਾਵਾਂ ਨੇ ਇਟਲੀ ਦੇ ਫਲੋਰੈਂਸ 'ਚ ਚੀਨ ਦੇ 38 ਸਾਲਾਂ ਵਪਾਰੀ ਦੀ 15 ਲੱਖ ਯੂਰੋ (ਕਰੀਬ 11.5 ਕਰੋੜ ਰੁਪਏ) ਦੀ ਸੰਪਤੀ ਜ਼ਬਤ ਕੀਤੀ ਹੈ। ਇਸ 'ਚ ਇਕ ਬੰਗਲਾ, 2 ਲਗਜਰੀ ਗੱਡੀਆਂ, ਬੈਂਕ ਖਾਤੇ ਤੇ ਹੋਰ ਵਿੱਤੀ ਸੰਪਤੀਆਂ ਸ਼ਾਮਲ ਹਨ। ਪੁਲਸ ਨੇ ਕਿਹਾ, 'ਵਿਅਕਤੀ ਦਾ ਨਾਂ ਸੀ.ਵਾਈ. ਹੈ, ਜੋ ਪੇਸ਼ੇ ਤੋਂ ਵਪਾਰੀ ਹੈ। ਉਸ ਦਾ ਬੰਗਲਾ ਪ੍ਰਾਟੋ ਦੇ ਟਸਕਨ ਟੈਕਸਟਾਇਲ ਸ਼ਹਿਰ ਦੇ ਬਾਹਰ ਟਾਵੋਲਾ 'ਚ ਸਥਿਤ ਹੈ।'
ਪ੍ਰਾਟੋ ਦੀ ਇਕ ਅਦਾਲਤ ਨੇ ਟੈਕਸ ਵਿਭਾਗ ਦੇ ਅਧਿਕਾਰੀ ਵੱਲੋਂ ਜਾਂਚ ਤੋਂ ਬਾਅਦ ਸੀ.ਵਾਈ. ਦੀ ਸੰਪਤੀ ਜ਼ਬਤ ਕਰਨ ਦਾ ਆਦੇਸ਼ ਦਿੱਤਾ ਸੀ। ਅਦਾਲਤ ਨੇ ਸੀ.ਵਾਈ. ਦੇ ਉਸ ਦਾਅਵੇ ਨੂੰ ਖਾਰਜ ਕਰ ਦਿੱਤਾ, ਜਿਸ 'ਚ ਉਸ ਨੇ ਇਹ ਕਿਹਾ ਸੀ ਕਿ ਕਈ ਵਾਰ ਸਲਾਟ ਮਸ਼ੀਨਾਂ ਤੋਂ 10-10 ਹਜ਼ਾਰ ਯੂਰੋ ਜਿੱਤ ਕੇ ਉਸ ਦਾ ਜੀਵਨ ਪੱਧਰ ਉੱਚਾ ਹੋ ਗਿਆ ਹੈ।
ਇਸ ਵਿਅਕਤੀ ਨੂੰ 2012 'ਚ ਤਸਕਰੀ ਦੇ ਸਾਮਾਨ ਦੀ ਜਾਂਚ ਦੌਰਾਨ ਗ੍ਰਿਫਤਾਰ ਕੀਤਾ ਗਿਆ ਸੀ ਤੇ ਉਸੇ ਸਾਲ ਇਸ ਨੂੰ ਉਦਯੋਗਿਕ ਮਾਲ ਦੇ ਅੰਦਰ ਗੈਰ-ਕਾਨੂੰਨੀ ਗੇਮਿੰਗ ਪਾਰਲਰ ਚਲਾਉਣ ਦੇ ਦੋਸ਼ 'ਚ ਦੋਸ਼ੀ ਪਾਇਆ ਗਿਆ ਸੀ। ਪੁਲਸ ਮੁਤਾਬਕ 2004 'ਚ ਸੀ.ਵਾਈ. ਨੂੰ ਚੀਨੀ ਪ੍ਰਵਾਸੀਆਂ ਨੂੰ ਗੈਰ-ਕਾਨੂੰਨੀ ਤੌਰ 'ਤੇ ਇਟਲੀ 'ਚ ਲਿਆਉਣ ਦੇ ਟੀਚੇ ਨਾਲ ਇਕ ਧੋਖਾਧੜੀ ਮਾਮਲੇ 'ਚ ਗੈਰ-ਕਾਨੂੰਨੀ ਇਮੀਗ੍ਰੇਸ਼ਨ ਦੇ ਨਿਯਮਾਂ ਦੀ ਉਲੰਘਣਾ ਕਰਨ ਦਾ ਦੋਸ਼ੀ ਪਾਇਆ ਗਿਆ ਸੀ।


Related News