ਭਾਰਤ-ਚੀਨ ਨੇ LAC ਤੋਂ ਫ਼ੌਜੀਆਂ ਨੂੰ ਹਟਾਉਣ ਤੇ ਮੁੱਦਿਆਂ ਦੇ ਹੱਲ ਲਈ ਕੀਤੀ ਚਰਚਾ

Thursday, Mar 28, 2024 - 11:39 AM (IST)

ਭਾਰਤ-ਚੀਨ ਨੇ LAC ਤੋਂ ਫ਼ੌਜੀਆਂ ਨੂੰ ਹਟਾਉਣ ਤੇ ਮੁੱਦਿਆਂ ਦੇ ਹੱਲ ਲਈ ਕੀਤੀ ਚਰਚਾ

ਨਵੀਂ ਦਿੱਲੀ- ਭਾਰਤ-ਚੀਨ ਸਰਹੱਦੀ ਮਾਮਲਿਆਂ 'ਤੇ ਸਲਾਹ-ਮਸ਼ਵਰੇ ਅਤੇ ਤਾਲਮੇਲ ਲਈ ਕਾਰਜ ਪ੍ਰਣਾਲੀ ਦੀ 29ਵੀਂ ਮੀਟਿੰਗ ਹੋਈ ਅਤੇ ਦੋਵਾਂ ਧਿਰਾਂ ਨੇ ਅਸਲ ਕੰਟਰੋਲ ਰੇਖਾ (LAC) ਤੋਂ ਫੌਜਾਂ ਨੂੰ ਪੂਰੀ ਤਰ੍ਹਾਂ ਹਟਾਉਣ ਅਤੇ ਬਾਕੀ ਮੁੱਦਿਆਂ ਨੂੰ ਹੱਲ ਕਰਨ 'ਤੇ ਸਲਾਹ ਮਸ਼ਵਰਾ ਕੀਤਾ। ਵਿਦੇਸ਼ ਮੰਤਰਾਲੇ ਨੇ ਵੀਰਵਾਰ ਨੂੰ ਇਕ ਬਿਆਨ 'ਚ ਇਹ ਜਾਣਕਾਰੀ ਦਿੱਤੀ। ਬਿਆਨ 'ਚ ਕਿਹਾ ਗਿਆ ਹੈ ਕਿ ਇਹ ਮਹੱਤਵਪੂਰਨ ਬੈਠਕ 27 ਮਾਰਚ ਨੂੰ ਬੀਜਿੰਗ 'ਚ ਹੋਈ ਸੀ। ਮੰਤਰਾਲੇ ਨੇ ਕਿਹਾ ਕਿ ਦੋਵਾਂ ਧਿਰਾਂ ਨੇ ਇਸ ਬਾਰੇ ਡੂੰਘਾਈ ਨਾਲ ਚਰਚਾ ਕੀਤੀ ਕਿ ਭਾਰਤ-ਚੀਨ ਸਰਹੱਦੀ ਖੇਤਰਾਂ ਦੇ ਪੱਛਮੀ ਸੈਕਟਰ ਵਿਚ (LAC) ਤੋਂ ਫ਼ੌਜੀਆਂ ਦੀ ਵਾਪਸੀ ਕਿਵੇਂ ਹੋਵੇ ਅਤੇ ਬਾਕੀ ਮੁੱਦਿਆਂ ਨੂੰ ਹੱਲ ਕੀਤਾ ਜਾਵੇ। ਵਿਦੇਸ਼ ਮੰਤਰਾਲੇ ਦੇ ਸੰਯੁਕਤ ਸਕੱਤਰ (ਪੂਰਬੀ ਏਸ਼ੀਆ) ਨੇ ਭਾਰਤੀ ਵਫ਼ਦ ਦੀ ਅਗਵਾਈ ਕੀਤੀ।

ਬਿਆਨ ਵਿਚ ਕਿਹਾ ਗਿਆ ਹੈ ਕਿ ਚੀਨੀ ਵਫਦ ਦੀ ਅਗਵਾਈ ਚੀਨੀ ਵਿਦੇਸ਼ ਮੰਤਰਾਲੇ ਦੇ ਬਾਰਡਰ ਅਤੇ ਓਸ਼ੀਅਨ ਵਿਭਾਗ ਦੇ ਡਾਇਰੈਕਟਰ ਜਨਰਲ ਨੇ ਕੀਤੀ। ਇਸ ਵਿਚ ਕਿਹਾ ਗਿਆ ਹੈ ਕਿ ਦੋਵੇਂ ਧਿਰਾਂ ਮੌਜੂਦਾ ਦੁਵੱਲੇ ਸਮਝੌਤਿਆਂ ਅਤੇ ਪ੍ਰੋਟੋਕੋਲਾਂ ਮੁਤਾਬਕ ਕੂਟਨੀਤਕ ਅਤੇ ਫੌਜੀ ਚੈਨਲਾਂ ਵਲੋਂ ਨਿਯਮਤ ਸੰਪਰਕ 'ਚ ਰਹਿਣ ਅਤੇ ਸਰਹੱਦੀ ਖੇਤਰਾਂ 'ਚ ਸ਼ਾਂਤੀ ਬਣਾਈ ਰੱਖਣ ਦੀ ਜ਼ਰੂਰਤ 'ਤੇ ਸਹਿਮਤ ਹੋਏ ਹਨ। ਭਾਰਤ-ਚੀਨ ਸਰਹੱਦੀ ਮਾਮਲਿਆਂ 'ਤੇ ਸਲਾਹ-ਮਸ਼ਵਰੇ ਅਤੇ ਤਾਲਮੇਲ ਲਈ ਕਾਰਜ ਪ੍ਰਣਾਲੀ ਦੀ 28ਵੀਂ ਮੀਟਿੰਗ ਪਿਛਲੇ ਸਾਲ 30 ਨਵੰਬਰ ਨੂੰ ਹੋਈ ਸੀ।


author

Tanu

Content Editor

Related News