ਪੰਜਾਬ ''ਚ ਵਾਪਰੇ ਭਿਆਨਕ ਹਾਦਸੇ ਦੌਰਾਨ ਉੱਘੇ ਵਪਾਰੀ ਦੀ ਮੌਤ

Tuesday, Apr 02, 2024 - 05:16 PM (IST)

ਪੰਜਾਬ ''ਚ ਵਾਪਰੇ ਭਿਆਨਕ ਹਾਦਸੇ ਦੌਰਾਨ ਉੱਘੇ ਵਪਾਰੀ ਦੀ ਮੌਤ

ਸ਼ੇਰਪੁਰ (ਵਿਜੈ ਕੁਮਾਰ ਸਿੰਗਲਾ) : ਕਸਬਾ ਸ਼ੇਰਪੁਰ ਦੇ ਇਕ ਉੱਘੇ ਕਾਰੋਬਾਰੀ ਦੀ ਅੱਜ ਤੜਕਸਾਰ ਸ਼ੇਰਪੁਰ ਤੋਂ ਨੇੜਲੇ ਪਿੰਡ ਘਨੌਰੀ ਕਲਾਂ ਅਤੇ ਕਾਲਾਬੂਲਾ ਦੀ ਵਿਚਕਾਰ ਸੜਕ ਹਾਦਸੇ ਵਿਚ ਦੁਖਦਾਈ ਮੌਤ ਹੋ ਜਾਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਜਾਣਕਾਰੀ ਅਨੁਸਾਰ ਸੁਰੇਸ਼ ਕੁਮਾਰ ਉਰਫ ਭੋਲਾ ਪੁੱਤਰ ਧਾਰੀ ਰਾਮ ਵਾਸੀ ਮੇਨ ਬਾਜ਼ਾਰ ਸ਼ੇਰਪੁਰ ਅੱਜ ਆਪਣੇ ਮੋਟਰਸਾਈਕਲ 'ਤੇ ਸਵਾਰ ਹੋ ਕੇ ਕਾਲਾਬੂਲਾ ਤੋਂ ਘਨੌਰੀ ਕਲਾਂ ਅੱਗੇ ਜਹ‍ਾਂਗੀਰ ਨਹਿਰ 'ਤੇ ਬਾਂਦਰਾ ਨੂੰ ਕੇਲੇ ਪਾਉਣ ਲਈ ਜਾ ਰਿਹਾ ਸੀ। ਪ੍ਰੰਤੂ ਉਸ ਦਾ ਮੋਟਰਸਾਈਕਲ ਇਕ ਮੋੜ ਮੁੜਨ ਸਮੇਂ ਦਰਖੱਤ ਨਾਲ ਟਕਰਾ ਗਿਆ ਜਿਸ ਕਾਰਨ ਉਸਦੇ ਗੰਭੀਰ ਰੂਪ ਵਿਚ ਸੱਟਾਂ ਲੱਗੀਆਂ ਅਤੇ ਉਸਨੂੰ ਤੁਰੰਤ ਇਲਾਜ ਲਈ ਸਿਵਲ ਹਸਪਤਾਲ ਪਹੁੰਚਾਇਆ ਗਿਆ। ਜਿੱਥੇ ਡਾਕਟਰਾਂ ਵੱਲੋਂ ਉਸਨੂੰ ਮ੍ਰਿਤਕ ਐਲਾਨ ਦਿੱਤਾ ਗਿਆ। 

ਇੱਥੇ ਇਹ ਗੱਲ ਜ਼ਿਕਰਯੋਗ ਹੈ ਕਿ ਮ੍ਰਿਤਕ ਸੁਰੇਸ਼ ਕੁਮਾਰ ਭੋਲਾ ਦਾ ਇਕ ਨੌਜਵਾਨ ਲੜਕਾ ਕੁਝ ਸਮਾਂ ਪਹਿਲਾਂ ਘਰੋਂ ਚਲਿਆ ਗਿਆ ਸੀ ਜਿਸ ਦਾ ਅਜੇ ਤੱਕ ਕੋਈ ਪਤਾ ਨਹੀਂ ਲੱਗਿਆ ਹੈ। ਅੱਜ ਸੁਰੇਸ਼ ਕੁਮਾਰ ਭੋਲਾ ਦੀ ਮੌਤ ਹੋ ਜਾਣ ਨਾਲ ਪਰਿਵਾਰ 'ਤੇ ਦੁੱਖਾਂ ਦਾ ਪਹਾੜ ਟੁੱਟ ਗਿਆ ਹੈ। ਥਾਣਾ ਸ਼ੇਰਪੁਰ ਐੱਸਐੱਚਓ ਕਮਲਜੀਤ ਸਿੰਘ ਗਿੱਲ ਨੇ ਦੱਸਿਆ ਕਿ ਇਸ ਸਬੰਧੀ ਥਾਣਾ ਸ਼ੇਰਪੁਰ ਦੀ ਪੁਲਸ ਵੱਲੋਂ 174 ਦੀ ਕਾਰਵਾਈ ਦਰਜ ਕਰਕੇ ਲਾਸ਼ ਦਾ ਪੋਸਟਮਾਰਟਮ ਕਰਵਾਉਣ ਉਪਰੰਤ ਵਾਰਸਾਂ ਨੂੰ ਸੌਂਪ ਦਿੱਤੀ ਗਈ ਹੈ। ਮ੍ਰਿਤਕ ਸੁਰੇਸ਼ ਕੁਮਾਰ ਭੋਲਾ ਦਾ ਅੰਤਿਮ ਸੰਸਕਾਰ ਕਸਬਾ ਸ਼ੇਰਪੁਰ ਦੇ ਰਾਮਬਾਗ ਵਿਖੇ ਕੀਤਾ ਗਿਆ।


 

 


author

Gurminder Singh

Content Editor

Related News