ਯੁਵਰਾਜ ਨੇ BCCI ਨੂੰ ਲਿਆ ਲੰਮੇ ਹੱਥੀ, ਕਿਹਾ- ‘ਮੇਰਾ ਵੀ ਸਮਾਂ ਆਵੇਗਾ’
Sunday, Sep 01, 2019 - 01:45 PM (IST)
ਸਪੋਰਟਸ ਡੈਸਕ : ਭਾਰਤ ਦੇ ਸਿਕਸਰ ਕਹੇ ਜਾਣ ਵਾਲੇ ਸਾਬਕਾ ਸਟਾਰ ਖਿਡਾਰੀ ਯੁਵਰਾਜ ਸਿੰਘ ਨੇ ਰਿਟਾਇਰਮੈਂਟ ਤੋਂ ਬਾਅਦ ਟੀ. ਵੀ. ਚੈਨਲ ਨੂੰ ਦਿੱਤੇ ਇਕ ਇੰਟਰਵਿਊ ਦੌਰਾਨ ਬੀ. ਸੀ. ਸੀ. ਆਈ. ਅਤੇ ਟੀਮ ਮੈਨੇਜਮੈਂਟ ’ਤੇ ਖੁਲ ਕੇ ਭੜਾਸ ਕੱਢੀ ਹੈ। ਯੁਵਰਾਜ ਨੇ ਇੰਟਰਵਿਊ ਦੌਰਾਨ ਕਿਹਾ, ‘‘ਮੈਂ ਰਿਟਾਇਰਮੈਂਟ ਤੋਂ ਬਾਅਦ ਰਿਲੈਕਸ ਕਰ ਰਿਹਾ ਹੈ। ਮੇਰੇ ਜੋ ਦਿਲ ’ਚ ਉਹੀ ਬੋਲ ਰਿਹਾ ਹਾਂ। ਮੈਨੂੰ ਕਿਸੇ ਵੀ ਤਰ੍ਹਾਂ ਦੀ ਸੁਪੋਰਟ ਨਹੀਂ ਮਿਲੀ। ਜਿੰਨੀ ਵੀ ਕ੍ਰਿਕਟ ਖੇਡਿਆ ਹਾਂ ਆਪਣੇ ਦਮ ’ਤੇ ਖੇਡਿਆ। ਜੇਕਰ ਸਹਿਵਾਗ, ਜ਼ਹੀਰ ਖਾਨ ਵਰਗੇ ਧਾਕੜ ਖਿਡਾਰੀਆਂ ਨੂੰ ਚੰਗੀ ਵਿਦਾਈ ਨਹੀਂ ਮਿਲੀ ਤਾਂ ਮੈਨੂੰ ਕਿਵੇਂ ਮਿਲ ਸਕਦੀ ਸੀ। ਬੀ. ਸੀ. ਸੀ. ਆਈ. ਨੂੰ ਖਿਡਾਰੀਆਂ ਦੇ ਨਾਲ ਅਜਿਹਾ ਰਵੱਈਆ ਨਹੀਂ ਕਰਨਾ ਚਾਹੀਦਾ। ਮੈਂ ਇੰਨੀ ਕ੍ਰਿਕਟ ਖੇਡਿਆਂ ਪਰ ਵਰਲਡ ਕੱਪ ’ਚ ਮੈਨੂੰ ਮੌਕਾ ਨਹੀਂ ਦਿੱਤਾ ਗਿਆ।’’
ਸਮਾਂ ਆਉਣ ’ਤੇ ਖੁਲ ਕੇ ਬੋਲਾਂਗਾ

ਯੁਵਰਾਜ ਨੇ ਕਿਹਾ, ‘‘ਚੰਗਾ ਹੁੰਦਾ ਜੇਕਰ ਮੈਨੂੰ ਮੈਦਾਨ ’ਤੇ ਵਿਦਾਈ ਮਿਲਦੀ। ਜਿਸ ਖੇਡ ਨੇ ਸਭ ਕੁਝ ਦਿੱਤਾ ਉਸ ਨੂੰ ਅਲਵਿਦਾ ਕਹਿਣਾ ਚੰਗਾ ਨਹੀਂ ਲਗਦਾ। ਮੈਂ ਸਿਰ ਚੁੱਕ ਕੇ ਰਿਟਾਇਰਮੈਂਟ ਲਈ ਹੈ। ਬੀ. ਸੀ. ਸੀ. ਆਈ ਬਾਰੇ ਗੱਲ ਕਰਦਿਆਂ ਯੁਵਰਾਜ ਨੇ ਕਿਹਾ ਕਿ ਜਿਸ ਤਰ੍ਹਾਂ ਦੇ ਫੈਸਲੇ ਮੈਨੇਜਮੈਂਟ ਲੈਂਦੀ ਹੈ, ਅਜਿਹੇ ਫੈਸਲੇ ਤਾਂ ਸਟੇਟ ਪੱਧਰ ’ਤੇ ਨਹੀਂ ਲਏ ਜਾਂਦੇ। ਮੈਂ ਵਾਪਸੀ ਤੋਂ ਬਾਅਦ 5-6 ਮੈਚਾਂ ’ਚ 800-900 ਦੌੜਾਂ ਬਣਾਈਆਂ ਅਤੇ ਮੈਨੂੰ ਕਿਸੇ ਦੀ ਸਿਫਾਰਿਸ਼ ਦੀ ਜ਼ਰੂਰਤ ਨਹੀਂ ਪਈ। ਉਸ ਸਮੇਂ ਮੇਰੇ ਨਾਲ ਜੋ ਵੀ ਹੋਇਆ, ਉਸ ਬਾਰੇ ਮੈਂ ਸਮਾਂ ਆਉਣ ’ਤੇ ਖੁਲ ਕੇ ਬੋਲਾਂਗਾ। ਮੇਰਾ ਵੀ ਸਮਾਂ ਆਵੇਗਾ। ਵਰਲਡ ਕੱਪ ਟੀਮ ’ਚ 4 ਨੰਬਰ ਨੂੰ ਲੈ ਕੇ ਮੈਨੂੰ ਕੋਈ ਪਲਾਨਿੰਗ ਨਹੀਂ ਦਿੱਸੀ, ਤਾਂ ਮੈਂ ਕੀ ਕਹਿ ਸਕਦਾ ਹਾਂ। ਕੁਝ ਮਾਮਲੇ ਹਨ ਜੋ ਦਿਲ ’ਚ ਹਨ। ਰਾਇਡੂ ਨੂੰ 1 ਸਾਲ ਤੋਂ ਟੀਮ ’ਚ 4 ਨੰਬਰ ’ਤੇ ਖਿਡਾਇਆ ਜਾ ਰਿਹਾ ਸੀ ਅਤੇ ਵਰਲਡ ਕੱਪ ਤੋਂ ਪਹਿਲਾਂ ਬਾਹਰ ਕਰ ਦਿੱਤਾ ਗਿਆ। ਜੇਕਰ ਇਸ ਤਰ੍ਹਾਂ ਦਾ ਰਵੱਈਆ ਬੀ. ਸੀ. ਸੀ. ਆਈ. ਖਿਡਾਰੀਆਂ ਨਾਲ ਕਰਦਾ ਰਿਹਾ ਤਾਂ ਕੋਈ ਵੀ ਖਿਡਾਰੀ 4 ਨੰਬਰ ’ਤੇ ਸੈੱਟ ਨਹੀਂ ਹੋ ਸਕੇਗਾ। ਇਹ ਸਭ ਸਿਲੈਕਟਰ, ਕੋਚ ਅਤੇ ਕਪਤਾਨ ’ਤੇ ਸਵਾਲ ਖੜੇ ਕਰਦਾ ਹਨ।’’

ਯੁਵਰਾਜ ਨੇ ਕਿਹਾ ਕਿ ਜੀ-20 ਕੈਨੇਡਾ ਲੀਗ ਵਿਚ ਅਸੀਂ ਕੈਂਸਰ ਪੀੜਤਾਂ ਦੇ ਇਲਾਜ ਲਈ 50-60 ਲੱਖ ਰੁਪਏ ਇਕੱਠੇ ਕੀਤੇ ਹਨ ਅਤੇ ਹਰ ਮਹੀਨੇ ਅਸੀਂ 4-5 ਬੱਚਿਆਂ ਦਾ ਇਲਾਜ ਕਰਾ ਰਹੇ ਹਾਂ। ਮੈਂ ਕੈਂਸਰ ਵਰਗੇ ਜਿਸ ਬੁਰੇ ਦੌਰ ’ਚੋਂ ਗੁਜ਼ਰਿਆਂ ਹਾਂ ਮੈਂ ਨਹੀਂ ਚਾਹੁੰਦਾ ਕਿ ਕੋਈ ਹੋਰ ਗੁਜ਼ਰੇ। ਪਿਤਾ ਬਾਰੇ ਬੋਲਦਿਆਂ ਯੁਵੀ ਨੇ ਕਿਹਾ ਕਿ ਮੈਂ ਆਪਣੇ ਪਿਤਾ ਦਾ ਸੁਪਨਾ ਪੂਰਾ ਕੀਤਾ ਕਿ ਮੈਂ ਭਾਰਤ ਲਈ ਕ੍ਰਿਕਟ ਖੇਡਾਂ। ਉਹ ਭਾਵੁਕ ਹੋ ਕੇ ਜ਼ਿਆਦਾ ਬੋਲ ਜਾਂਦੇ ਹਨ ਪਰ ਉਨ੍ਹਾਂ ਦਾ ਦਿਲ ਸਾਫ ਹੈ। ਮੈਨੂੰ ਖੁਸ਼ੀ ਹੈ ਕਿ ਮੇਰੇ ਪਿਤਾ ਡੀ. ਏ. ਵੀ. ਕਾਲੇਜ ਲਈ ਕੋਚਿੰਗ ਦੇ ਰਹੇ ਹਨ। ਉਹ ਭਾਰਤ ਲਈ ਜ਼ਿਆਦਾ ਨਹੀਂ ਖੇਡ ਸਕੇ ਪਰ ਉਨ੍ਹਾਂ ਕ੍ਰਿਕਟ ਲਈ ਬਹੁਤ ਕੁਝ ਕੀਤਾ ਹੈ।

