''ਭਾਰਤੀ ਟੀਮ ''ਚ ਹੋ ਸਕਦੀ ਹੈ ਯੁਵਰਾਜ ਸਿੰਘ ਦੀ ਵਾਪਸੀ''

Sunday, Sep 10, 2017 - 11:05 AM (IST)

ਨਵੀਂ ਦਿੱਲੀ— ਭਾਰਤੀ ਟੀਮ ਨੇ ਹਾਲ ਹੀ ਵਿਚ ਸ਼੍ਰੀਲੰਕਾ ਦਾ ਉਸੀ ਦੀ ਜ਼ਮੀਨ ਉੱਤੇ 9-0 ਨਾਲ ਸਫਾਇਆ ਕੀਤਾ ਅਤੇ ਹੁਣ ਉਹ ਆਪਣੇ ਘਰ ਵਿਚ ਆਸਟਰੇਲੀਆ ਦੀ ਮੇਜ਼ਬਾਨੀ ਲਈ ਤਿਆਰ ਹੈ। ਅਜਿਹੀ ਉਮੀਦ ਕੀਤੀ ਜਾ ਰਹੀ ਹੈ ਕਿ ਸ਼੍ਰੀਲੰਕਾ ਦੌਰੇ ਉੱਤੇ ਗਏ ਸਾਰੇ ਖਿਡਾਰੀਆਂ ਨੂੰ ਆਸਟਰੇਲੀਆ ਖਿਲਾਫ 17 ਸਤੰਬਰ ਨੂੰ ਸ਼ੁਰੂ ਹੋ ਰਹੀ ਵਨਡੇ ਸੀਰੀਜ਼ ਲਈ ਬਰਕਰਾਰ ਰੱਖਿਆ ਜਾਵੇਗਾ, ਪਰ ਟੀਮ ਵਿਚ ਕੁਝ ਪ੍ਰਯੋਗ ਦੇਖਣ ਨੂੰ ਮਿਲ ਸਕਦੇ ਹਨ। ਅਜਿਹਾ ਕਿਹਾ ਜਾ ਰਿਹਾ ਹੈ ਕਿ ਦੱਖਣ ਅਫਰੀਕਾ ਦੌਰੇ ਉੱਤੇ ਪ੍ਰਦਰਸ਼ਨ ਕਰਨ ਵਾਲੇ ਭਾਰਤ ਏ ਦੇ ਖਿਡਾਰੀਆਂ ਨੂੰ ਵੀ ਮੌਕਾ ਮਿਲ ਸਕਦਾ ਹੈ।
ਐਮ.ਐਸ.ਕੇ. ਪ੍ਰਸਾਦ ਦੀ ਪ੍ਰਧਾਨਤਾ ਵਾਲੀ ਚੋਣ ਕਮੇਟੀ ਇਸ ਗੱਲ ਨੂੰ ਧਿਆਨ ਵਿਚ ਰੱਖ ਕੇ ਅਤੇ ਰੋਟੇਸ਼ਨ ਪਾਲਿਸੀ ਦੇ ਹਿਸਾਬ ਨਾਲ ਟੀਮ ਵਿਚ ਬਦਲਾਅ ਕਰ ਸਕਦੀ ਹੈ। ਇਨ੍ਹਾਂ ਸਾਰਿਆਂ ਵਿਚੋਂ ਸਭ ਤੋਂ ਵੱਡਾ ਸਵਾਲ ਚੋਣਕਰਤਾਵਾਂ ਸਾਹਮਣੇ ਹੈ ਯੁਵਰਾਜ ਸਿੰਘ? ਭਾਰਤੀ ਟੀਮ ਦੇ ਚੋਣਕਰਤਾਵਾਂ ਨੂੰ ਬੈਠਕ ਵਿਚ ਇਹ ਫੈਸਲਾ ਲੈਣਾ ਹੋਵੇਗਾ ਕਿ ਯੁਵਰਾਜ ਸਿੰਘ ਨੂੰ ਇਕ ਹੋਰ ਮੌਕਾ ਦੇਣਾ ਚਾਹੀਦਾ ਹੈ ਜਾਂ ਨਹੀਂ।
ਖੱਬੇ ਹੱਥ ਦੇ ਬੱਲੇਬਾਜ਼ ਯੁਵਰਾਜ ਸਿੰਘ ਆਪਣੀ ਫਿਟਨੈੱਸ ਉੱਤੇ ਕੰਮ ਕਰ ਰਹੇ ਹਨ ਅਤੇ ਅਗਲੇ ਘਰੇਲੂ ਕ੍ਰਿਕਟ ਸੀਜ਼ਨ ਦੀ ਜੋਰਦਾਰ ਤਿਆਰੀਆਂ ਵਿਚ ਜੁਟੇ ਹੋਏ ਹਨ। ਉਨ੍ਹਾਂ ਨੂੰ ਹਾਲਾਂਕਿ ਦਲੀਪ ਟਰਾਫੀ, ਬੋਰਡ ਪ੍ਰੈਸੀਡੇਂਟ ਇਲੈਵਨ ਅਤੇ ਭਾਰਤੀ ਟੀਮ ਵਿਚ ਜਗ੍ਹਾ ਨਹੀਂ ਮਿਲੀ ਹੈ। 35 ਸਾਲ ਦੇ ਯੁਵੀ ਨੇ ਵੈਸਟਇੰਡੀਜ਼ ਖਿਲਾਫ ਵਨਡੇ ਸੀਰੀਜ਼ ਦੇ ਬਾਅਦ ਤੋਂ ਭਾਰਤੀ ਟੀਮ ਲਈ ਕੋਈ ਮੈਚ ਨਹੀਂ ਖੇਡਿਆ ਹੈ। ਉਨ੍ਹਾਂ ਨੂੰ ਸ਼੍ਰੀਲੰਕਾ ਦੌਰੇ ਉੱਤੇ ਟੀਮ ਵਿਚ ਨਹੀਂ ਚੁਣਿਆ ਗਿਆ।
ਸਾਬਕਾ ਚੋਣਕਰਤਾ ਕਿਰਨ ਮੋਰੇ ਨੂੰ ਉਮੀਦ ਹੈ ਕਿ ਯੁਵਰਾਜ ਦੀ ਭਾਰਤੀ ਟੀਮ ਵਿਚ ਵਾਪਸੀ ਸੰਭਵ ਹੈ। 40 ਟੈਸਟ, 304 ਵਨਡੇ ਅਤੇ 58 ਟੀ-20 ਕੌਮਾਂਤਰੀ ਖੇਡਣ ਵਾਲੇ ਯੁਵੀ ਦੇ ਬਾਰੇ ਵਿਚ ਗੱਲ ਕਰਦੇ ਹੋਏ ਮੋਰੇ ਨੇ ਕਿਹਾ, ''ਮੈਂ ਕਿਸੇ ਦੀ ਵਾਪਸੀ ਦੇ ਬਾਰੇ ਵਿਚ ਕੁਝ ਨਹੀਂ ਕਹਿ ਸਕਦਾ। ਹਰ ਕਿਸੇ ਨੇ ਯੁਵਰਾਜ ਦੀ ਵਾਪਸੀ ਉੱਤੇ ਸ਼ੱਕ ਜਿਤਾਇਆ ਸੀ ਅਤੇ ਉਨ੍ਹਾਂ ਨੇ ਫਿਰ ਵਾਪਸੀ ਕਰਦੇ ਹੋਏ ਭਾਰਤ ਲਈ ਖੇਡਿਆ। ਇਹ ਵਿਅਕਤੀ ਉੱਤੇ ਨਿਰਭਰ ਕਰਦਾ ਹੈ ਕਿ ਉਹ ਆਪਣੇ ਆਪ ਨੂੰ ਕਿਵੇਂ ਪ੍ਰੋਤਸਾਹਿਤ ਕਰਕੇ ਵਾਪਸੀ ਕਰੇ। ਯੁਵੀ ਭਾਗਾਂ ਵਾਲਾ ਹੈ। ਤੁਸੀ ਉਨ੍ਹਾਂ ਦੇ ਪ੍ਰਦਰਸ਼ਨ ਉੱਤੇ ਸ਼ੱਕ ਨਹੀਂ ਕਰ ਸਕਦੇ। ਉਹ ਵਾਪਸੀ ਕਰ ਸਕਦੇ ਹੈ।''


Related News