ਯੁਵਾ ਮਹਿਲਾ ਵਿਸ਼ਵ ਮੁੱਕੇਬਾਜ਼ੀ ਦਾ ਲੋਗੋ ਬਣਿਆ ''ਗੁੱਪੀ''

11/07/2017 2:50:36 AM

ਗੁਹਾਟੀ— ਦੁਨੀਆ ਭਰ 'ਚ ਮਸ਼ਹੂਰ ਆਸਾਮ ਦੇ ਇਕ ਸਿੰਙ ਵਾਲੇ ਗੈਂਡੇ ਨੂੰ ਸੋਮਵਾਰ ਇਥੇ ਇਕ ਰੰਗਾਰੰਗ ਪ੍ਰੋਗਰਾਮ 'ਚ 2017 ਏ. ਆਈ. ਬੀ. ਏ. ਯੁਵਾ ਮਹਿਲਾ ਵਿਸ਼ਵ ਮੁੱਕੇਬਾਜ਼ੀ ਚੈਂਪੀਅਨਸ਼ਿਪ ਦਾ ਅਧਿਕਾਰਤ ਸ਼ੁਭਾਂਕਰ ਚੁਣਿਆ ਗਿਆ। ਇਸ ਦੇ ਨਾਲ ਹੀ 19 ਤੋਂ 26 ਨਵੰਬਰ ਤਕ ਆਸਾਮ ਦੀ ਰਾਜਧਾਨੀ ਵਿਚ ਹੋਣ ਵਾਲੇ ਇਸ ਆਯੋਜਨ ਦਾ ਕਾਊਂਟਡਾਊਨ ਵੀ ਸ਼ੁਰੂ ਹੋ ਗਿਆ। ਆਸਾਮ ਦੇ ਮੁੱਖ ਮੰਤਰੀ ਸਰਬਾਨੰਦ ਸੋਨੋਵਾਲ ਤੇ ਭਾਰਤੀ ਮੁੱਕੇਬਾਜ਼ੀ ਮਹਾਸੰਘ ਦੇ ਮੁਖੀ ਅਜੇ ਸਿੰਘ ਨੇ ਚੈਂਪੀਅਨਸ਼ਿਪ ਦਾ ਅਧਿਕਾਰਤ ਲੋਗੋ ਤੇ ਗੀਤ (ਐਂਥਮ) ਲਾਂਚ ਕੀਤਾ। ਸੋਨੋਵਾਲ ਨੇ ਖਾਸ ਤੌਰ 'ਤੇ ਇਸ ਆਯੋਜਨ ਨੂੰ ਲੈ ਕੇ ਖੁਸ਼ੀ ਪ੍ਰਗਟਾਈ।
ਇਸ ਆਯੋਜਨ ਲਈ ਚੁਣੇ ਗਏ ਅਧਿਕਾਰਤ ਸ਼ੁਭਾਂਕਰ ਨੂੰ 'ਗੁੱਪੀ' ਦਾ ਨਾਂ ਦਿੱਤਾ ਗਿਆ। ਇਹ ਆਸਾਮ 'ਚ ਪਾਏ ਜਾਣ ਵਾਲੇ ਇਕ ਸਿੰਙ ਵਾਲੇ ਗੈਂਡੇ ਦਾ ਮਾਦਾ ਵਰਜ਼ਨ ਹੈ। ਇਹ ਸ਼ਕਤੀ ਤੇ ਹੌਸਲੇ ਦਾ ਪ੍ਰਤੀਕ ਹੈ ਤੇ ਭਾਰਤੀ ਮਹਿਲਾਵਾਂ ਨੂੰ ਇਸੇ ਰੂਪ 'ਚ ਜਾਣਿਆ ਜਾਂਦਾ ਹੈ। ਨਾਲ ਹੀ ਇਹ ਗੁਣ ਮੁੱਕੇਬਾਜ਼ੀ ਨਾਲ ਵੀ ਕਾਫੀ ਹੱਦ ਤਕ ਜੁੜਿਆ ਹੋਇਆ ਹੈ।
ਇਹ ਲੋਗੋ ਦੋ ਵਿਸ਼ੇਸ਼ਤਾਵਾਂ 'ਤੇ ਝਾਤ ਪਾਉਂਦਾ ਹੈ। ਪਹਿਲਾ—ਮਹਿਲਾ ਮੁੱਕੇਬਾਜ਼ ਦੇ ਤੌਰ 'ਤੇ ਭਾਰਤੀ ਨਾਰੀ ਦੀ ਸ਼ਕਤੀ ਅਤੇ ਦੂਜਾ—ਹੱਥਾਂ ਨਾਲ ਬਣਾਏ ਜਾਣ ਵਾਲੇ ਕੱਪੜਿਆਂ ਦੇ ਟੁਕੜਿਆਂ 'ਗਾਮੋਸਾ' ਦੇ ਰੂਪ ਵਿਚ ਇਥੋਂ ਦੀ ਸੰਸਕ੍ਰਿਤੀ। ਗਾਮੋਸਾ 'ਚ ਭਾਰਤੀ ਤਿਰੰਗੇ ਦੇ ਤਿੰਨੋਂ ਰੰਗਾਂ—ਸਫੈਦ, ਹਰਾ ਤੇ ਕੇਸਰੀ ਦਾ ਸ਼ਾਨਦਾਰ ਮਿਸ਼ਰਣ ਹੁੰਦਾ ਹੈ।


Related News