ਪ੍ਰਦਰਸ਼ਨ 'ਤੇ PT ਊਸ਼ਾ ਦੇ ਬਿਆਨ 'ਤੇ ਪਹਿਲਵਾਨਾਂ ਨੇ ਜਤਾਈ ਨਾਰਾਜ਼ਗੀ, ਕਿਹਾ- ਸਾਨੂੰ ਤੁਹਾਡੇ ਤੋਂ ਇਹ ਉਮੀਦ ਨਹੀਂ ਸੀ
Friday, Apr 28, 2023 - 04:03 PM (IST)

ਨਵੀਂ ਦਿੱਲੀ (ਵਾਰਤਾ)- ਪ੍ਰਦਰਸ਼ਨ 'ਤੇ ਬੈਠੇ ਚੋਟੀ ਦੇ ਭਾਰਤੀ ਪਹਿਲਵਾਨਾਂ ਨੇ ਵੀਰਵਾਰ ਨੂੰ ਭਾਰਤੀ ਓਲੰਪਿਕ ਸੰਘ (ਆਈ.ਓ.ਏ.) ਦੀ ਪ੍ਰਧਾਨ ਪੀਟੀ ਊਸ਼ਾ ਦੇ ਉਸ ਬਿਆਨ 'ਤੇ ਹੈਰਾਨੀ ਜ਼ਾਹਰ ਕੀਤੀ, ਜਿਸ ਵਿਚ ਉਨ੍ਹਾਂ ਕਿਹਾ ਸੀ ਕਿ ਪਹਿਲਵਾਨਾਂ ਵੱਲੋਂ ਦੁਬਾਰਾ ਪ੍ਰਦਰਸ਼ਨ ਕਰਨਾ 'ਅਨੁਸ਼ਾਸਨਹੀਤਾ' ਹੈ ਅਤੇ ਦੇਸ਼ ਦੇ 'ਅਕਸ' ਨੂੰ ਖਰਾਬ ਕਰ ਰਿਹਾ ਹੈ। ਬਜਰੰਗ ਪੁਨੀਆ ਨੇ ਜੰਤਰ-ਮੰਤਰ 'ਤੇ ਪ੍ਰਦਰਸ਼ਨ ਦੇ ਚੌਥੇ ਦਿਨ ਪੱਤਰਕਾਰਾਂ ਨੂੰ ਕਿਹਾ, 'ਸਾਨੂੰ ਪੀਟੀ ਊਸ਼ਾ ਜੀ ਤੋਂ ਇਹ ਉਮੀਦ ਨਹੀਂ ਸੀ। ਅਸੀਂ ਸੋਚਿਆ ਕਿ ਉਹ ਐਥਲੀਟਾਂ ਦੇ ਨਾਲ ਖੜ੍ਹੀ ਹੋਵੇਗੀ। ਉਹ ਖੁਦ ਇਕ ਔਰਤ ਹੈ, ਇਸ ਲਈ ਅਸੀਂ ਉਮੀਦ ਕਰਦੇ ਹਾਂ ਕਿ ਉਹ ਸਾਡੇ ਨਾਲ ਖੜ੍ਹੇ ਹੋਵੇਗੀ। ਮੈਂ ਉਨ੍ਹਾਂ ਦੇ ਸ਼ਬਦਾਂ ਤੋਂ ਦੁਖੀ ਹਾਂ। ਉਨ੍ਹਾਂ ਨੇ ਹਾਲ ਹੀ 'ਚ ਟਵੀਟ ਕੀਤਾ ਸੀ ਕਿ ਕੁਝ ਬਦਮਾਸ਼ ਉਨ੍ਹਾਂ ਦੀ ਅਕੈਡਮੀ ਦੀ ਜ਼ਮੀਨ ਹੜੱਪਣ ਦੀ ਕੋਸ਼ਿਸ਼ ਕਰ ਰਹੇ ਹਨ। ਕੀ ਉਸ ਸਮੇਂ ਦੇਸ਼ ਦਾ ਅਕਸ ਖ਼ਰਾਬ ਨਹੀਂ ਹੋ ਰਿਹਾ ਸੀ?
ਇਹ ਵੀ ਪੜ੍ਹੋ: ਸ਼ਿਖਰ ਧਵਨ, ਅਰਸ਼ਦੀਪ ਸਿੰਘ ਅਤੇ ਹਰਪ੍ਰੀਤ ਬਰਾੜ ਨੇ ਮੂਸੇਵਾਲਾ ਦੇ ਗੀਤ 'ਤੇ ਪਾਇਆ ਭੰਗੜਾ (ਵੇਖੋ ਵੀਡੀਓ)
ਟੋਕੀਓ ਓਲੰਪਿਕ ਤਮਗਾ ਜੇਤੂ ਪੂਨੀਆ ਨੇ ਕਿਹਾ, 'ਉਹ ਵੀ ਇਕ ਅੰਤਰਰਾਸ਼ਟਰੀ ਐਥਲੀਟ ਨਾਲ ਜੁੜਿਆ ਮਾਮਲਾ ਸੀ। ਉਸ ਘਟਨਾ ਬਾਰੇ ਸੁਣ ਕੇ ਸਾਨੂੰ ਵੀ ਦੁੱਖ ਹੋਇਆ ਸੀ। ਉਹ ਇੰਨੀ ਮਹਾਨ ਐਥਲੀਟ ਹੈ ਅਤੇ ਹੁਣ ਰਾਜ ਸਭਾ ਮੈਂਬਰ ਵੀ ਹੈ, ਪਰ ਫਿਰ ਵੀ ਉਨ੍ਹਾਂ ਨਾਲ ਅਜਿਹਾ ਹੋ ਰਿਹਾ ਹੈ। ਜੇਕਰ ਇਹ ਸਭ ਇੱਕ ਸੰਸਦ ਮੈਂਬਰ ਨਾਲ ਹੋ ਸਕਦਾ ਹੈ, ਤਾਂ ਅਸੀਂ ਅਜੇ ਵੀ ਆਮ ਐਥਲੀਟ ਹਾਂ। ਸਾਡੇ ਕੋਲ ਕਿਹੜੀ ਤਾਕਤ ਹੈ? ਸਾਡੇ ਨਾਲ ਕੁਝ ਵੀ ਹੋ ਸਕਦਾ ਹੈ, ਉਨ੍ਹਾਂ ਨੂੰ ਇਹ ਸੋਚਣਾ ਚਾਹੀਦਾ ਸੀ।' ਉਨ੍ਹਾਂ ਕਿਹਾ, 'ਜਦੋਂ ਖਿਡਾਰੀਆਂ ਨੂੰ ਇਨਸਾਫ਼ ਨਹੀਂ ਮਿਲੇਗਾ ਤਾਂ ਉਹ ਕੀ ਕਰਨਗੇ? ਉਹ ਖੁਦ ਦੱਸ ਸਕਦੀ ਹੈ ਕਿ ਕਿਸ ਦੇ ਦਬਾਅ 'ਚ ਉਨ੍ਹਾਂ ਨੇ ਆਪਣੇ ਸਾਥੀ ਖਿਡਾਰੀ ਬਾਰੇ ਅਜਿਹੀ ਗੱਲ ਕਹੀ ਹੈ।' ਤਿੰਨ ਵਾਰ ਦੇ ਰਾਸ਼ਟਰਮੰਡਲ ਖੇਡਾਂ ਦੀ ਸੋਨ ਤਮਗਾ ਜੇਤੂ ਵਿਨੇਸ਼ ਫੋਗਾਟ ਨੇ ਵੀ ਸਾਬਕਾ ਟਰੈਕ ਅਤੇ ਫੀਲਡ ਐਥਲੀਟ ਊਸ਼ਾ ਦੀਆਂ ਟਿੱਪਣੀਆਂ 'ਤੇ ਨਾਰਾਜ਼ਗੀ ਜ਼ਾਹਰ ਕਰਦੇ ਹੋਏ ਕਿਹਾ ਕਿ ਉਨ੍ਹਾਂ ਨੂੰ ਖਿਡਾਰੀਆਂ ਨਾਲ ਮਿਲ ਕੇ ਗੱਲ ਕਰਨੀ ਚਾਹੀਦਾ ਸੀ। ਜਦੋਂ ਦੇਸ਼ ਦੇ ਓਲੰਪਿਕ ਤਮਗਾ ਜੇਤੂ ਸੜਕਾਂ 'ਤੇ ਵਿਰੋਧ ਪ੍ਰਦਰਸ਼ਨ ਕਰ ਰਹੇ ਹਨ, ਮੈਨੂੰ ਲੱਗਦਾ ਹੈ ਕਿ ਪੀਟੀ ਊਸ਼ਾ ਮੈਡਮ ਨੂੰ ਸਾਡੇ ਕੋਲ ਆਉਣਾ ਚਾਹੀਦਾ ਸੀ। ਉਨ੍ਹਾਂ ਨੂੰ ਪੁੱਛਣਾ ਚਾਹੀਦਾ ਸੀ ਕਿ ਅਸੀਂ ਹੰਝੂ ਕਿਉਂ ਵਹਾ ਰਹੇ ਹਾਂ। ਇੱਕ ਲੋਕਤੰਤਰੀ ਦੇਸ਼ ਦੇ ਨਾਗਰਿਕ ਹੋਣ ਦੇ ਨਾਤੇ, ਪ੍ਰਦਰਸ਼ਨ ਕਰਨਾ ਸਾਡਾ ਅਧਿਕਾਰ ਹੈ। ਜਦੋਂ ਤੱਕ ਸਾਨੂੰ ਇਨਸਾਫ ਨਹੀਂ ਮਿਲਦਾ, ਅਸੀਂ ਇੱਥੇ ਹੀ ਰਹਾਂਗੇ।
ਇਹ ਵੀ ਪੜ੍ਹੋ: ਪਰਬਤਾਰੋਹੀ ਅਰਜੁਨ ਵਾਜਪਾਈ ਨੇ ਚਮਕਾਇਆ ਭਾਰਤ ਦਾ ਨਾਂ, ਕਾਇਮ ਕੀਤੀ ਹੌਂਸਲੇ ਦੀ ਮਿਸਾਲ
ਧਿਆਨਦੇਣ ਯੋਗ ਹੈ ਕਿ ਪੂਨੀਆ, ਵਿਨੇਸ਼ ਅਤੇ ਸਾਕਸ਼ੀ ਮਲਿਕ ਵਰਗੇ ਮਸ਼ਹੂਰ ਪਹਿਲਵਾਨ ਐਤਵਾਰ ਤੋਂ ਰੈਸਲਿੰਗ ਫੈਡਰੇਸ਼ਨ ਆਫ ਇੰਡੀਆ (ਡਬਲਯੂ.ਐੱਫ.ਆਈ.) ਦੇ ਪ੍ਰਧਾਨ ਬ੍ਰਿਜ ਭੂਸ਼ਣ ਸ਼ਰਨ ਸਿੰਘ ਦੇ ਖਿਲਾਫ ਪ੍ਰਦਰਸ਼ਨ 'ਤੇ ਬੈਠੇ ਹੋਏ ਹਨ। ਪਹਿਲਵਾਨਾਂ ਨੇ ਸਿੰਘ 'ਤੇ ਜਿਨਸੀ ਸ਼ੋਸ਼ਣ ਵਰਗੇ ਕਈ ਗੰਭੀਰ ਦੋਸ਼ ਲਗਾਏ ਹਨ ਅਤੇ ਉਨ੍ਹਾਂ ਦੀ ਮੰਗ ਹੈ ਕਿ ਉੱਤਰ ਪ੍ਰਦੇਸ਼ ਦੇ ਬਾਹੂਬਲੀ ਨੇਤਾ ਨੂੰ ਪ੍ਰਧਾਨ ਦੇ ਅਹੁਦੇ ਤੋਂ ਹਟਾਇਆ ਜਾਣਾ ਚਾਹੀਦਾ ਹੈ ਅਤੇ ਦੋਸ਼ਾਂ ਦੀ ਜਾਂਚ ਹੋਣੀ ਚਾਹੀਦੀ ਹੈ।
ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦਿਓ ਜਵਾਬ।