ਵਿਸ਼ਵ ਚੈਂਪੀਅਨਸ਼ਿਪ : ਵਿਨੇਸ਼ ਫੋਗਾਟ ਮੰਗੋਲੀਆਈ ਪਹਿਲਵਾਨ ਖ਼ਿਲਾਫ਼ 0-7 ਨਾਲ ਹਾਰੀ
Tuesday, Sep 13, 2022 - 07:16 PM (IST)

ਬੇਲਗ੍ਰਾਦ— ਤਿੰਨ ਵਾਰ ਦੀ ਰਾਸ਼ਟਰਮੰਡਲ ਖੇਡਾਂ ਦੀ ਚੈਂਪੀਅਨ ਵਿਨੇਸ਼ ਫੋਗਾਟ ਮੰਗਲਵਾਰ ਨੂੰ ਇੱਥੇ ਵਿਸ਼ਵ ਕੁਸ਼ਤੀ ਚੈਂਪੀਅਨਸ਼ਿਪ ਦੇ ਕੁਆਲੀਫਿਕੇਸ਼ਨ ਦੌਰ 'ਚ ਮੰਗੋਲੀਆ ਦੀ ਖੁਲਾਨ ਬਟਖੁਆਗ ਨੂੰ ਚੁਣੌਤੀ ਦੇਣ 'ਚ ਨਾਕਾਮ ਰਹੀ ਅਤੇ ਉਸ ਨੂੰ 0-7 ਨਾਲ ਹਾਰ ਦਾ ਸਾਹਮਣਾ ਕਰਨਾ ਪਿਆ। ਬਰਮਿੰਘਮ ਰਾਸ਼ਟਰਮੰਡਲ ਖੇਡਾਂ ਵਿੱਚ ਭਾਰਤ ਦੇ 12 ਤਗ਼ਮੇ ਜਿੱਤਣ ਦੇ ਸ਼ਾਨਦਾਰ ਪ੍ਰਦਰਸ਼ਨ ਦੌਰਾਨ ਸੋਨ ਤਮਗ਼ਾ ਆਪਣੇ ਨਾਂ ਕਰਨ ਵਾਲੀ 10ਵਾਂ ਦਰਜਾ ਪ੍ਰਾਪਤ ਵਿਨੇਸ਼ ਇਸ ਮੁਕਾਬਲੇ 'ਚ ਥੱਕੀ ਹੋਈ ਨਜ਼ਰ ਆਈ।
ਏਸ਼ੀਆਈ ਚੈਂਪੀਅਨਸ਼ਿਪ ਦੀ ਚਾਂਦੀ ਦਾ ਤਮਗ਼ਾ ਜੇਤੂ ਵਿਨੇਸ਼ ਮਹਿਲਾਵਾਂ ਦੇ ਫ੍ਰੀਸਟਾਈਲ 53 ਕਿਲੋਗ੍ਰਾਮ ਵਰਗ ਵਿੱਚ ਆਖਰੀ ਸਕਿੰਟਾਂ ਵਿੱਚ ਆਪਣਾ ਸੰਤੁਲਨ ਗੁਆਬੈਠੀ, ਜਿਸ ਦਾ ਫਾਇਦਾ ਉਠਾ ਕੇ ਵਿਰੋਧੀ ਖਿਡਾਰਨ ਨੇ ਉਸ ਨੂੰ ਚਿੱਤ ਕਰ ਦਿੱਤਾ। ਬਟਖੁਯਾਗ ਨੇ ਪਹਿਲੇ ਗੇੜ ਤੋਂ ਬਾਅਦ 3-0 ਦੀ ਬੜ੍ਹਤ ਲੈ ਲਈ ਅਤੇ ਵਿਸ਼ਵ ਚੈਂਪੀਅਨਸ਼ਿਪ ਦੇ ਸਾਬਕਾ ਕਾਂਸੀ ਤਮਗਾ ਜੇਤੂ ਨੂੰ ਆਖਰੀ ਸਕਿੰਟਾਂ ਵਿੱਚ ਮੈਟ 'ਤੇ ਪਿੱਠ ਦੇ ਭਾਰ ਸੁੱਟ ਕੇ ਚਾਰ ਅੰਕ ਹਾਸਲ ਕੀਤੇ। ਅਤੇ ਪ੍ਰਭਾਵਸ਼ਾਲੀ ਜਿੱਤ ਦਰਜ ਕੀਤੀ।
ਇਹ ਵੀ ਪੜ੍ਹੋ : ਤਮਗ਼ਾ ਜੇਤੂ ਖਿਡਾਰੀਆਂ 'ਤੇ ਮਿਹਰਬਾਨ ਹੋਈ ਪੰਜਾਬ ਸਰਕਾਰ, ਕੀਤੇ ਕਈ ਵੱਡੇ ਐਲਾਨ
ਜ਼ਿਕਰਯੋਗ ਹੈ ਕਿ ਚੋਣ ਟਰਾਇਲ ਵਿੱਚ ਵਿਨੇਸ਼ ਤੋਂ ਹਾਰਨ ਵਾਲੀ ਭਾਰਤੀ ਜੂਨੀਅਰ ਪਹਿਲਵਾਨ ਨੇ ਪਿਛਲੇ ਮਹੀਨੇ ਦੀ ਸ਼ੁਰੂਆਤ ਵਿੱਚ ਅੰਡਰ-23 ਏਸ਼ੀਆਈ ਚੈਂਪੀਅਨਸ਼ਿਪ ਵਿੱਚ ਮੰਗੋਲੀਆਈ ਪਹਿਲਵਾਨ ਨੂੰ ਹਰਾਇਆ ਸੀ। ਸਾਬਕਾ ਚਾਂਦੀ ਤਮਗਾ ਜੇਤੂ ਅੰਸ਼ੂ ਮਲਿਕ ਦੀ ਗੈਰ-ਮੌਜੂਦਗੀ ਵਿੱਚ, ਵਿਨੇਸ਼ ਤਗਮੇ ਦੀ ਮਜ਼ਬੂਤਦਾਅਵੇਦਾਰ ਸੀ ਕਿਉਂਕਿ ਜਾਪਾਨ ਦੀ ਮੌਜੂਦਾ ਚੈਂਪੀਅਨ ਅਕਾਰੀ ਫੁਜਿਨਾਮੀ ਸੱਟ ਕਾਰਨ ਹਟਣ ਤੋਂ ਬਾਅਦ ਉਸ ਨੂੰ ਅਨੁਕੂਲ ਡਰਾਅ ਮਿਲਿਆ ਸੀ। ਹਾਲਾਂਕਿ, ਉਹ ਕੁਆਲੀਫਿਕੇਸ਼ਨ ਵਿੱਚ ਬਾਹਰ ਹੋ ਗਈ।
ਭਾਰਤ ਨੂੰ ਉਸ ਸਮੇਂ ਹੋਰ ਨਿਰਾਸ਼ਾ ਝੱਲਣੀ ਪਈ ਜਦੋਂ ਨੀਲਮ ਸਿਰੋਹੀ 50 ਕਿਲੋ ਵਰਗ ਵਿੱਚ ਦੋ ਵਾਰ ਦੀ ਵਿਸ਼ਵ ਚੈਂਪੀਅਨਸ਼ਿਪ ਦੀ ਚਾਂਦੀ ਦਾ ਤਗ਼ਮਾ ਜੇਤੂ ਰੋਮਾਨੀਆ ਦੀ ਐਮਿਲੀਆ ਏਲੇਨਾ ਵੁਕ ਤੋਂ ਤਕਨੀਕੀ ਸ਼੍ਰੇਸ਼ਠਤਾ 'ਤੇ 0-10 ਨਾਲ ਹਾਰ ਗਈ। ਫਰਾਂਸ ਦੀ ਪਹਿਲਵਾਨ ਕੌਂਬਾ ਲਾਰੋਕੇ ਨੇ ਗੋਡੇ ਦੀ ਭਾਰੀ ਪੱਟੀ ਨਾਲ ਖੇਡਦੇ ਹੋਏ ਮਹਿਲਾਵਾਂ ਦੇ 65 ਕਿਲੋ ਵਰਗ ਵਿੱਚ ਸ਼ੈਫਾਲੀ ਨੂੰ ਤਕਨੀਕੀ ਸ਼੍ਰੇਸ਼ਠਤਾ ਦੇ ਆਧਾਰ ’ਤੇ ਹਰਾਇਆ।
ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ। ਕੁਮੈਂਟ ਕਰਕੇ ਦਿਓ ਜਵਾਬ।