ਚਾਈਨਾ ਡੋਰ ਖ਼ਿਲਾਫ਼ ਪਹਿਲਾ ਐਕਸ਼ਨ : 790 ਗੱਟੂ ਚਾਈਨਾ ਡੋਰ ਸਮੇਤ ਫੜ੍ਹੇ ਦੋ ਦੋਸ਼ੀ

Thursday, Dec 18, 2025 - 02:53 PM (IST)

ਚਾਈਨਾ ਡੋਰ ਖ਼ਿਲਾਫ਼ ਪਹਿਲਾ ਐਕਸ਼ਨ : 790 ਗੱਟੂ ਚਾਈਨਾ ਡੋਰ ਸਮੇਤ ਫੜ੍ਹੇ ਦੋ ਦੋਸ਼ੀ

ਫਿਰੋਜ਼ਪੁਰ (ਮਲਹੋਤਰਾ) : 23 ਜਨਵਰੀ ਨੂੰ ਮਨਾਏ ਜਾ ਰਹੇ ਬਸੰਤ ਪੰਚਮੀ ਦੇ ਤਿਓਹਾਰ ਨੂੰ ਭੁਨਾਉਣ ਦੇ ਲਈ ਮੁਨਾਫਾਖੋਰਾਂ ਵੱਲੋਂ ਹੁਣੇ ਤੋਂ ਹੀ ਸਟੋਰ ਕੀਤੀ ਜਾ ਰਹੀ ਖ਼ਤਰਨਾਕ ਚਾਈਨਾ ਡੋਰ ਦੇ ਖ਼ਿਲਾਫ਼ ਪੁਲਸ ਨੇ ਪਹਿਲਾ ਐਕਸ਼ਨ ਲੈਂਦੇ ਹੋਏ ਦੋ ਦੋਸ਼ੀਆਂ ਨੂੰ 790 ਗੱਟੂ ਡੋਰ ਸਮੇਤ ਗ੍ਰਿਫ਼ਤਾਰ ਕੀਤਾ ਹੈ। ਐੱਸ. ਐੱਸ.ਪੀ. ਭੁਪਿੰਦਰ ਸਿੰਘ ਨੇ ਦੱਸਿਆ ਕਿ ਪਿਛਲੇ ਕੁੱਝ ਸਾਲਾਂ ਦੌਰਾਨ ਪੂਰੇ ਪੰਜਾਬ ਵਿਚ ਇਸ ਖ਼ਤਰਨਾਕ ਡੋਰ ਦੇ ਮਾੜੇ ਨਤੀਜੇ ਸਾਹਮਣੇ ਆ ਰਹੇ ਹਨ, ਇਸ ਲਈ ਸਰਕਾਰ ਵੱਲੋਂ ਇਸ ਡੋਰ 'ਤੇ ਪਾਬੰਦੀ ਲਗਾਈ ਹੋਈ ਹੈ। ਫਿਰ ਵੀ ਕੁੱਝ ਲੋਕ ਮੁਨਾਫ਼ਾ ਕਮਾਉਣ ਦੇ ਚੱਕਰ ਵਿਚ ਲੋਕਾਂ, ਪਸ਼ੂਆਂ ਅਤੇ ਪੰਛੀਆਂ ਦੀ ਜਾਨ ਜ਼ੋਖਮ ਵਿਚ ਪਾਉਣ ਵਾਲੀ ਇਸ ਡਰੈਗਨ ਡੋਰ ਦਾ ਚੋਰੀ ਛਿਪੇ ਵਪਾਰ ਕਰਦੇ ਹਨ। ਜਾਗਰੂਕ ਨਾਗਰਿਕਾਂ ਦੇ ਸਹਿਯੋਗ ਦੇ ਨਾਲ ਪੁਲਸ ਵੱਲੋਂ ਇਨ੍ਹਾਂ ਦੇ ਖ਼ਿਲਾਫ਼ ਬਣਦੀ ਕਾਰਵਾਈ ਕੀਤੀ ਜਾਂਦੀ ਹੈ। ਇਸੇ ਲੜੀ ਅਧੀਨ ਥਾਣਾ ਸਿਟੀ ਦੇ ਏ. ਐੱਸ. ਆਈ. ਸਾਹਿਬ ਸਿੰਘ ਨੂੰ ਸੂਚਨਾ ਮਿਲੀ ਸੀ ਕਿ ਗਗਨਦੀਪ ਮੋਂਗਾ ਵਾਸੀ ਛੱਤੀ ਗਲੀ ਉਕਤ ਖ਼ਤਰਨਾਕ ਡੋਰ ਦੀ ਵਿਕਰੀ ਕਰਦਾ ਹੈ ਅਤੇ ਆਪਣੀ ਸਕੂਟਰੀ 'ਤੇ ਡੋਰ ਰੱਖ ਕੇ ਦਾਣਾ ਮੰਡੀ ਦੇ ਕੋਲ ਕਿਸੇ ਗ੍ਰਾਹਕ ਨੂੰ ਡਿਲੀਵਰੀ ਦੇਣ ਜਾ ਰਿਹਾ ਹੈ।

ਸੂਚਨਾ ਦੇ ਆਧਾਰ 'ਤੇ ਤੁਰੰਤ ਦਾਣਾ ਮੰਡੀ ਕੋਲ ਛਾਪਾ ਮਾਰਿਆ ਕੇ ਉਕਤ ਗਗਨਦੀਪ ਮੋਂਗਾ ਨੂੰ ਹਿਰਾਸਤ ਵਿਚ ਲੈ ਕੇ ਤਲਾਸ਼ੀ ਲਈ ਤਾਂ ਉਸ ਕੋਲੋਂ 83 ਗੱਟੂ ਚਾਈਨੀਜ਼ ਡੋਰ ਬਰਾਮਦ ਹੋਈ। ਇਸੇ ਤਰ੍ਹਾਂ ਥਾਣਾ ਕੈਂਟ ਦੇ ਏ. ਐੱਸ. ਆਈ. ਬਲਵਿੰਦਰ ਸਿੰਘ ਨੂੰ ਸੂਚਨਾ ਮਿਲੀ ਸੀ ਕਿ ਅਜੈ ਮਲਹੋਤਰਾ ਵਾਸੀ ਵੋਹਰਾ ਕਾਲੋਨੀ ਵੱਡੇ ਪੱਧਰ 'ਤੇ ਚਾਈਨੀਜ਼ ਡੋਰ ਵੇਚਣ ਦਾ ਕੰਮ ਕਰਦਾ ਹੈ ਅਤੇ ਗੱਟੂਆਂ ਦਾ ਭਰਿਆ ਬੋਰਾ ਲੈ ਕੇ ਧੋਬੀਘਾਟ ਦੇ ਕੋਲ ਖੜ੍ਹਾ ਹੈ। ਤੁਰੰਤ ਉੱਥੇ ਛਾਪਾ ਮਾਰ ਕੇ ਉਕਤ ਅਜੈ ਮਲਹੋਤਰਾ ਨੂੰ ਫੜ੍ਹ ਕੇ ਉਸ ਕੋਲੋਂ 707 ਗੱਟੂ ਚਾਈਨੀਜ਼ ਡੋਰ ਬਰਾਮਦ ਕੀਤੀ ਗਈ ਹੈ। ਐੱਸ. ਐੱਸ. ਪੀ. ਨੇ ਦੱਸਿਆ ਕਿ ਦੋਹਾਂ ਦੋਸ਼ੀਆਂ ਦੇ ਖ਼ਿਲਾਫ਼ਸਬੰਧਿਤ ਪੁਲਸ ਥਾਣਿਆਂ ਪਰਚੇ ਦਰਜ ਕਰ ਲਏ ਗਏ ਹਨ।


 


author

Babita

Content Editor

Related News