ਮਹਿਲਾ ਟੀ20 ਵਿਸ਼ਵ ਕੱਪ : ਭਾਰਤ ਨੇ ਪਾਕਿ ਨੂੰ 7 ਵਿਕਟਾਂ ਨਾਲ ਹਰਾਇਆ

11/12/2018 2:00:01 AM

ਗਯਾਨਾ- ਸਾਬਕਾ ਕਪਤਾਨ ਮਿਤਾਲੀ ਰਾਜ (56) ਦੇ ਸ਼ਾਨਦਾਰ ਅਰਧ ਸੈਂਕੜੇ ਨਾਲ ਭਾਰਤ ਨੇ ਆਪਣੇ ਵਿਰੋਧੀ ਪਾਕਿਸਤਾਨ ਨੂੰ ਆਈ. ਸੀ. ਸੀ. ਮਹਿਲਾ ਟੀ-20 ਵਿਸ਼ਵ ਕੱਪ ਕ੍ਰਿਕਟ ਟੂਰਨਾਮੈਂਟ ਵਿਚ ਐਤਵਾਰ ਨੂੰ 7 ਵਿਕਟਾਂ ਨਾਲ ਹਰਾ ਕੇ ਗਰੁੱਪ ਬੀ ਵਿਚ ਲਗਾਤਾਰ ਦੂਜੀ ਜਿੱਤ ਦਰਜ ਕੀਤੀ । ਭਾਰਤ ਨੇ ਆਪਣੀ ਸ਼ਾਨਦਾਰ ਗੇਂਦਬਾਜ਼ੀ ਦੇ ਦਮ 'ਤੇ ਪਾਕਿਸਤਾਨ ਨੂੰ 7 ਵਿਕਟਾਂ 'ਤੇ 133 ਦੌੜਾਂ ਹੀ ਬਣਾਉਣ ਦਿੱਤੀਆਂ । ਉਸ ਤੋਂ ਬਾਅਦ ਭਾਰਤ ਨੇ 19 ਓਵਰਾਂ ਵਿਚ 3 ਵਿਕਟਾਂ ਦੇ ਨੁਕਸਾਨ 'ਤੇ 137 ਦੌੜਾਂ ਬਣਾ ਕੇ ਆਸਾਨ ਜਿੱਤ ਹਾਸਲ ਕੀਤੀ । ਨਿਊਜ਼ੀਲੈਂਡ ਖਿਲਾਫ ਮਿਤਾਲੀ ਰਾਜ ਨੂੰ ਉਸ ਦੇ ਪੱਕੇ ਸਥਾਨ ਓਪਨਿੰਗ ਵਿਚ ਨਹੀਂ ਉਤਾਰਿਆ ਗਿਆ ਸੀ ਪਰ ਇਸ ਮੁਕਾਬਲੇ ਵਿਚ ਉਹ ਓਪਨਿੰਗ ਵਿਚ ਉਤਰੀ ਅਤੇ ਉਸ ਨੇ 47 ਗੇਂਦਾਂ ਵਿਚ 7 ਚੌਕਿਆਂ ਦੀ ਮਦਦ ਨਾਲ 57 ਦੌੜਾਂ ਬਣਾ ਕੇ ਭਾਰਤੀ ਜਿੱਤ ਵਿਚ ਅਹਿਮ ਯੋਗਦਾਨ ਦਿੱਤਾ।

PunjabKesari
ਮਿਤਾਲੀ ਜਦੋਂ ਆਊਟ ਹੋਈ ਤਾਂ ਭਾਰਤ ਦਾ ਸਕੋਰ 126 ਦੌੜਾਂ ਤਕ ਪਹੁੰਚ ਚੁੱਕਾ ਸੀ ਅਤੇ ਜਿੱਤ ਜ਼ਿਆਦਾ ਦੂਰ ਨਹੀਂ ਸੀ । ਕਪਤਾਨ ਹਰਮਨਪ੍ਰੀਤ ਕੌਰ ਨੇ 13 ਗੇਂਦਾਂ ਵਿਚ 2 ਚੌਕਿਆਂ ਦੀ ਮਦਦ ਨਾਲ ਅਜੇਤੂ 14 ਅਤੇ ਵੇਦਾਕ੍ਰਿਸ਼ਨਾ ਮੂਰਤੀ ਨੇ 5 ਗੇਂਦਾਂ ਵਿਚ 1 ਚੌਕੇ ਦੀ ਮਦਦ ਨਾਲ ਅਜੇਤੂ 8 ਦੌੜਾਂ ਬਣਾ ਕੇ ਭਾਰਤ ਨੂੰ 6 ਗੇਂਦਾਂ ਬਾਕੀ ਰਹਿੰਦੇ ਹੀ ਜਿੱਤ ਦਿਵਾ ਦਿੱਤੀ । ਵੇਦਾ ਨੇ ਜੇਤੂ ਚੌਕਾ ਮਾਰਿਆ ।
ਟੀਚੇ ਦਾ ਪਿੱਛਾ ਕਰਦੇ ਹੋਏ ਬੱਲੇਬਾਜ਼ ਮਿਤਾਲੀ ਰਾਜ ਅਤੇ ਸਮ੍ਰਿਤੀ ਮੰਧਾਨਾ ਨੇ ਭਾਰਤ ਨੂੰ 9.3 ਓਵਰਾਂ ਵਿਚ 73 ਦੌੜਾਂ ਦੀ ਸ਼ਾਨਦਾਰ ਸ਼ੁਰੂਆਤ ਦਿੱਤੀ । ਮੰਧਾਨਾ 28 ਗੇਂਦਾਂ ਵਿਚ 4 ਚੌਕਿਆਂ ਦੀ ਮਦਦ ਨਾਲ 26 ਦੌੜਾਂ ਬਣਾ ਕੇ ਬਿਸਮਾਹ ਮਾਰੂਫ ਦਾ ਸ਼ਿਕਾਰ ਬਣੀ । ਜੇਮੀਮਾ ਰੋਡਰਿੰਗਸ ਨੇ 21 ਗੇਂਦਾਂ ਵਿਚ ਇਕ ਚੌਕੇ ਦੀ ਮਦਦ ਨਾਲ 16 ਦੌੜਾਂ ਬਣਾਈਆਂ। ਉਸ ਦੀ ਵਿਕਟ 101 ਦੇ ਸਕੋਰ 'ਤੇ ਡਿੱਗੀ।
ਮਿਤਾਲੀ ਨੇ ਭਾਰਤ ਨੂੰ ਜਿੱਤ ਦੇ ਨੇੜੇ ਪਹੁੰਚਾਇਆ ਅਤੇ ਬਾਕੀ ਕੰਮ ਹਰਮਨਪ੍ਰੀਤ ਕੌਰ ਅਤੇ ਵੇਦਾ ਨੇ ਪੂਰਾ ਕੀਤਾ । ਪਾਕਿਸਤਾਨ ਨੇ ਆਪਣੀਆਂ 3 ਵਿਕਟਾਂ 7ਵੇਂ ਓਵਰ ਤਕ ਸਿਰਫ 30 ਦੌੜਾਂ ਤਕ ਗੁਆ ਦਿੱਤੀਆਂ ਸਨ ਪਰ ਬਿਸਮਾਹ ਮਾਰੂਫ ਨੇ 53 ਅਤੇ ਨਿਦਾ ਡਾਰ ਨੇ 52 ਦੌੜਾਂ ਬਣਾਈਆਂ ਅਤੇ ਚੌਥੇ ਵਿਕਟ ਲਈ 94 ਦੌੜਾਂ ਦੀ ਸਾਂਝੇਦਾਰੀ ਕਰ ਕੇ ਪਾਕਿਸਤਾਨ ਨੂੰ ਸੰਭਾਲ ਲਿਆ।


Related News