11 ਸਾਲ ਪਹਿਲਾਂ ਵਿਆਹੀ ਮਹਿਲਾ ਦੀ ਸ਼ੱਕੀ ਹਾਲਤ ''ਚ ਮੌਤ, ਪਤੀ ਗ੍ਰਿਫ਼ਤਾਰ, ਪਰਿਵਾਰ ਨੇ ਲਾਏ ਕਤਲ ਦੇ ਦੋਸ਼

Friday, Jan 30, 2026 - 10:14 PM (IST)

11 ਸਾਲ ਪਹਿਲਾਂ ਵਿਆਹੀ ਮਹਿਲਾ ਦੀ ਸ਼ੱਕੀ ਹਾਲਤ ''ਚ ਮੌਤ, ਪਤੀ ਗ੍ਰਿਫ਼ਤਾਰ, ਪਰਿਵਾਰ ਨੇ ਲਾਏ ਕਤਲ ਦੇ ਦੋਸ਼

ਖਰੜ (ਅਮਰਦੀਪ) — ਖਰੜ ਵਿੱਚ ਇੱਕ 11 ਸਾਲ ਪਹਿਲਾਂ ਵਿਆਹੀ ਮਹਿਲਾ ਦੀ ਮੌਤ ਦਾ ਮਾਮਲਾ ਗੰਭੀਰ ਮੋੜ ਲੈ ਗਿਆ ਹੈ। ਮ੍ਰਿਤਕਾ ਦੇ ਪਰਿਵਾਰਕ ਮੈਂਬਰਾਂ ਨੇ ਖੁਦਕੁਸ਼ੀ ਦੇ ਦਾਵੇ ਨੂੰ ਰੱਦ ਕਰਦੇ ਹੋਏ ਦੋਸ਼ ਲਗਾਇਆ ਹੈ ਕਿ ਉਹਨਾਂ ਦੀ ਲੜਕੀ ਦਾ ਉਸਦੇ ਸਹੁਰਾ ਪਰਿਵਾਰ, ਵੱਲੋਂ ਬੇਰਹਿਮੀ ਨਾਲ ਗਲਾ ਘੋਟ ਕੇ ਕਤਲ ਕੀਤਾ ਗਿਆ ਹੈ। ਮ੍ਰਿਤਕਾ ਦੇ ਭਰਾ ਰਮੇਸ਼ ਸੈਣੀ ਵਾਸੀ ਡੇਰਾ ਬਸੀ ਨੇ ਦੱਸਿਆ ਕਿ ਉਸਦੀ ਭੈਣ ਅਨੀਤਾ ਰਾਣੀ ਸੈਣੀ ਦਾ ਵਿਆਹ 11 ਸਾਲ ਪਹਿਲਾਂ ਕੁਲਵਿੰਦਰ ਸਿੰਘ ਵਾਸੀ ਖਰੜ ਨਾਲ ਹੋਇਆ ਸੀ। ਅਨੀਤਾ ਦੇ ਦੋ ਬੱਚੇ ਹਨ, ਨੌਂ ਸਾਲ ਦਾ ਪੁੱਤਰ ਅਤੇ ਇੱਕ ਸਾਲ ਦੀ ਧੀ। 

ਰਮੇਸ਼ ਸੈਣੀ ਅਨੁਸਾਰ ਉਸਦੀ ਭੈਣ ਨੂੰ ਸੱਸ-ਸਹੁਰਾ ਲਗਾਤਾਰ ਤੰਗ-ਪਰੇਸ਼ਾਨ ਅਤੇ ਕੁੱਟਮਾਰ ਕਰਦੇ ਰਹਿੰਦੇ ਸਨ, ਜਿਸ ਬਾਰੇ ਉਹ ਕਈ ਵਾਰ ਮਾਇਕੇ ਵਾਲਿਆਂ ਨੂੰ ਦੱਸ ਚੁੱਕੀ ਸੀ। ਉਨ੍ਹਾਂ ਦੱਸਿਆ ਕਿ ਅੱਜ ਅਨੀਤਾ ਦਾ ਫ਼ੋਨ ਆਇਆ ਸੀ, ਜਿਸ ਵਿੱਚ ਉਸਨੇ ਕਿਹਾ ਕਿ ਸੱਸ-ਸਹੁਰਾ ਉਸਨੂੰ ਬਹੁਤ ਤੰਗ ਕਰ ਰਹੇ ਹਨ ਅਤੇ ਮਾਰ-ਕੁੱਟ ਹੋ ਰਹੀ ਹੈ। ਪਰਿਵਾਰਕ ਮੈਂਬਰ ਤੁਰੰਤ ਖਰੜ ਪੁੱਜੇ ਤਾਂ ਅਨੀਤਾ ਹਸਪਤਾਲ ਵਿੱਚ ਮਿਲੀ, ਜਿੱਥੇ ਉਸਦੀ ਮੌਤ ਹੋ ਚੁੱਕੀ ਸੀ। 

ਪਰਿਵਾਰ ਨੇ ਦੋਸ਼ ਲਗਾਇਆ ਹੈ ਕਿ ਇਹ ਖੁਦਕੁਸ਼ੀ ਨਹੀਂ, ਸਗੋਂ ਕਤਲ ਹੈ। ਇਸ ਮਾਮਲੇ ਵਿੱਚ ਥਾਣਾ ਸਿਟੀ ਖਰੜ ਦੀ ਪੁਲਸ ਨੇ ਮ੍ਰਿਤਕਾ ਦੇ ਪਤੀ ਕੁਲਵਿੰਦਰ ਸਿੰਘ ਨੂੰ ਗ੍ਰਿਫ਼ਤਾਰ ਕਰਕੇ ਮਾਮਲਾ ਦਰਜ ਕਰ ਲਿਆ ਹੈ। ਦੂਜੇ ਪਾਸੇ, ਮ੍ਰਿਤਕਾ ਦੇ ਪਰਿਵਾਰਕ ਮੈਂਬਰਾਂ ਨੇ ਐਲਾਨ ਕੀਤਾ ਹੈ ਕਿ ਜਦੋਂ ਤੱਕ ਸੱਸ, ਸਹੁਰਾ ਅਤੇ ਹੋਰ ਸਹੁਰਾ ਪਰਿਵਾਰਕ ਮੈਂਬਰ ਗ੍ਰਿਫ਼ਤਾਰ ਨਹੀਂ ਹੁੰਦੇ, ਉਹ ਅਨੀਤਾ ਦਾ ਅੰਤਿਮ ਸੰਸਕਾਰ ਨਹੀਂ ਕਰਨਗੇ। ਪਰਿਵਾਰ ਨੇ ਚਿਤਾਵਨੀ ਦਿੱਤੀ ਹੈ ਕਿ ਲੋੜ ਪੈਣ ‘ਤੇ ਉਹ ਥਾਣਾ ਸਿਟੀ ਖਰੜ ਦਾ ਘਿਰਾਓ ਵੀ ਕਰਨਗੇ। ਮਾਮਲਾ ਇਲਾਕੇ ਵਿੱਚ ਚਰਚਾ ਦਾ ਵਿਸ਼ਾ ਬਣਿਆ ਹੋਇਆ ਹੈ ਅਤੇ ਪੁਲਸ ਵੱਲੋਂ ਅੱਗੇ ਦੀ ਜਾਂਚ ਜਾਰੀ ਹੈ।


author

Inder Prajapati

Content Editor

Related News