ਮਹਿਲਾ ਐਡਵੋਕੇਟ ਦੀ ਸ਼ੱਕੀ ਹਾਲਤ ’ਚ ਮੌਤ ਦਾ ਮਾਮਲਾ: ਪੰਜਾਬ ਰਾਜ ਮਹਿਲਾ ਕਮਿਸ਼ਨ ਨੇ ਲਿਆ ਨੋਟਿਸ
Sunday, Jan 25, 2026 - 10:00 AM (IST)
ਲੁਧਿਆਣਾ (ਬੇਰੀ) : ਈ. ਡਬਲਿਊ. ਐੱਸ. ਕਾਲੋਨੀ ਵਿਚ ਰਹਿਣ ਵਾਲੀ 25 ਸਾਲਾ ਯੁਵਾ ਐਡਵੋਕੇਟ ਦਿਲਜੋਤ ਸ਼ਰਮਾ ਦੀ ਸ਼ੱਕੀ ਹਾਲਾਤ ਵਿਚ ਮੌਤ ਨੇ ਇਕ ਨਵਾਂ ਮੋੜ ਲੈ ਲਿਆ ਹੈ। ਇਸ ਮਾਮਲੇ ਦੀ ਗੰਭੀਰਤਾ ਨੂੰ ਦੇਖਦੇ ਹੋਏ ਪੰਜਾਬ ਰਾਜ ਮਹਿਲਾ ਕਮਿਸ਼ਨ ਦੀ ਚੇਅਰਪਰਸਨ ਨੇ ਇਸ ਦਾ ਸਖਤ ਨੋਟਿਸ (ਸੁਮੋਟੋ) ਲਿਆ ਹੈ। ਕਮਿਸ਼ਨ ਨੇ ਲੁਧਿਆਣਾ ਦੇ ਪੁਲਸ ਕਮਿਸ਼ਨਰ ਨੂੰ ਸਖਤ ਆਦੇਸ਼ ਜਾਰੀ ਕੀਤੇ ਹਨ ਕਿ ਇਸ ਪੂਰੇ ਮਾਮਲੇ ਦੀ ਜਾਂਚ ਕਿਸੇ ਡੀ.ਐੱਸ.ਪੀ. ਰੈਂਕ ਦੇ ਅਧਿਕਾਰੀ ਤੋਂ ਕਰਵਾਈ ਜਾਵੇ ਤਾਂ ਕਿ ਸੱਚ ਸਾਹਮਣੇ ਆ ਸਕੇ। ਵਰਨਣਯੋਗ ਹੈ ਕਿ ਮੂਲ ਰੂਪ ਵਿਚ ਮਾਨਸਾ ਦੀ ਰਹਿਣ ਵਾਲੀ ਦਿਲਜੋਤ ਸ਼ਰਮਾ ਲੁਧਿਆਣਾ ਦੇ ਲੇਬਰ ਕੋਰਟ ਵਿਚ ਵਕਾਲਤ ਕਰਦੀ ਸੀ ਅਤੇ ਆਪਣੀ ਸਹੇਲੀ ਰਵਿੰਦਰ ਕੌਰ ਦੇ ਨਾਲ ਕਿਰਾਏ ਦੇ ਕਮਰੇ ਵਿਚ ਰਹਿੰਦੀ ਸੀ।
ਇਹ ਵੀ ਪੜ੍ਹੋ : ਉੱਤਰਾਖੰਡ ’ਚ 92 ਦਿਨਾਂ ਬਾਅਦ ਭਾਰੀ ਬਰਫ਼ਬਾਰੀ, ਸ਼ਿਮਲਾ ਦੂਜੇ ਦਿਨ ਵੀ ਰਿਹਾ ਬੰਦ
5 ਜਨਵਰੀ ਦੀ ਰਾਤ ਅਚਾਨਕ ਉਸ ਦੀ ਹਾਲਤ ਵਿਗੜੀ, ਉਲਟੀਆਂ ਹੋਈਆਂ ਅਤੇ ਉਹ ਜ਼ਮੀਨ ’ਤੇ ਡਿੱਗ ਗਈ ਸੀ। ਸਹੇਲੀਆਂ ਨੇ ਉਸ ਨੂੰ ਹਸਪਤਾਲ ਪਹੁੰਚਾਇਆ ਪਰ ਤਦ ਤੱਕ ਉਸ ਦੀ ਮੌਤ ਹੋ ਚੁੱਕੀ ਸੀ। ਮਾਮਲਾ ਉਸ ਸਮੇਂ ਪੇਚੀਦਾ ਹੋ ਗਿਆਸ, ਜਦੋਂ ਸਹੇਲੀ ਰਵਿੰਦਰ ਕੌਰ ਨੇ ਅਲਮਾਰੀ ’ਚੋਂ ਇਕ ਸੁਸਾਈਡ ਨੋਟ ਪੇਸ਼ ਕਰਦੇ ਦਾਅਵਾ ਕੀਤਾ ਕਿ ਦਿਲਜੋਤ ਨੇ ਬੀਮਾਰੀ ਤੋਂ ਤੰਗ ਆ ਕੇ ਖੁਦਕੁਸ਼ੀ ਕੀਤੀ ਹੈ। ਸੁਸਾਈਡ ਨੋਟ ਵਿਚ ਲਿਖਿਆ ਗਿਆ ਹੈ ਕਿ ਉਹ ਆਪਣੀ ਮੌਤ ਦੇ ਲਈ ਖੁਦ ਜਿੰਮੇਦਾਰ ਹੈ। ਦੂਜੇ ਪਾਸੇ ਮਾਨਸਾ ਤੋਂ ਲੁਧਿਆਣਾ ਪੁੱਜੀ ਮ੍ਰਿਤਕਾ ਦੀ ਮਾਂ ਬੀਰਪਾਲ ਕੌਰ ਨੇ ਆਪਣੀ ਬੇਟੀ ਦੀ ਸਹੇਲੀ ’ਤੇ ਹੀ ਸੰਗੀਨ ਦੋਸ਼ ਜੜੇ ਹਨ। ਵਿਲਖਦੀ ਹੋਈ ਮਾਂ ਨੇ ਕਿਹਾ ਕਿ ਉਨ੍ਹਾਂ ਦੀ ਬੇਟੀ ਕਦੇ ਸੁਸਾਈਡ ਵਰਗਾ ਕਦਮ ਨਹੀਂ ਚੁਕ ਸਕਦੀ। ਮਾਂ ਦਾ ਦੋਸ਼ ਹੈ ਕਿ ਬਰਾਮਦ ਸੁਸਾਈਡ ਨੋਟ ਫਰਜ਼ੀ ਹੈ ਤੇ ਉਸ ਦੀ ਹੈਂਡ ਰਾਈਟਿੰਗ ਨਹੀਂ ਮਿਲਦੀ।
ਇਹ ਵੀ ਪੜ੍ਹੋ : ਬੁਮਰਾਹ ਨੂੰ ਮਿਲੇਗਾ ਰੋਹਿਤ-ਵਿਰਾਟ ਤੋਂ ਜ਼ਿਆਦਾ ਪੈਸਾ? ਕੋਈ ਖਿਡਾਰੀ ਨਹੀਂ ਹੋਵੇਗਾ ਆਸਪਾਸ, BCCI ਦੀ ਖ਼ਾਸ ਯੋਜਨਾ!
ਉਨ੍ਹਾਂ ਖੁਲਾਸਾ ਕੀਤਾ ਕਿ ਸਹੇਲੀ ਰਵਿੰਦਰ ਕੌਰ ਅਕਸਰ ਉਨ੍ਹਾਂ ਦੀ ਬੇਟੀ ਅਤੇ ਉਸਦੇ ਭਰਾ ਨੂੰ ਜਾਨ ਤੋਂ ਮਾਰਨ ਦੀ ਧਮਕੀ ਦਿੰਦੀ ਸੀ। ਮਾਂ ਨੇ ਸਵਾਲ ਚੁਕਿਆ ਕਿ ਦਿਲਜੋਤ ਦਾ ਇਲਾਜ ਪੀ.ਜੀ.ਆਈ. ਤੋਂ ਚੱਲ ਰਿਹਾ ਸੀ ਅਤੇ ਉਹ ਠੀਕ ਹੋ ਰਹੀ ਸੀ ਤਾਂ ਅਚਾਨਕ ਮੌਤ ਕਿਵੇਂ ਹੋ ਗਈ ? ਪੁਲਸ ਇਸ ਸੁਸਾਈਡ ਨੋਟ ਦੀ ਫਾਰੈਂਸਿਕ ਜਾਂਚ ਕਰਵਾਵੇਗੀ ਤਾਂ ਕਿ ਇਹ ਸਾਫ ਹੋ ਸਕੇ ਕਿ ਇਸ ਨੂੰ ਦਿਲਜੋਤ ਨੇ ਲਿਖਿਆ ਹੈ ਜਾਂ ਇਹ ਕਿਸੇ ਵੱਡੀ ਸਾਜਿਸ਼ ਦਾ ਹਿੱਸਾ ਹੈ। ਫਿਲਹਾਲ ਮਹਿਲਾ ਕਮਿਸ਼ਨ ਦੇ ਦਖਲ ਦੇ ਬਾਅਦ ਪੁਲਸ ਪ੍ਰਸ਼ਾਸ਼ਨ ਨੇ ਮਾਮਲੇ ਦੀ ਜਾਂਚ ਤੇਜ ਕਰ ਦਿਤੀ ਹੈ ਤੇ ਜਲਦ ਹੀ ਇਸ ਸ਼ੱਕੀ ਮੌਤ ਦੇ ਪਿੱਛੇ ਛੁਪਿਆ ਸੱਚ ਬੇਨਾਕਾਬ ਹੋਣ ਦੀ ਉਮੀਦ ਹੈ।
