ਬੀਮਾਰ ਪਤਨੀ ਨਾਲ ਹੈਵਾਨੀਅਤ, ਪੁਲਸ ਨੂੰ ਪਤੀ ਖ਼ਿਲਾਫ਼ ਦਿੱਤੀ ਸ਼ਿਕਾਇਤ
Sunday, Feb 01, 2026 - 05:55 PM (IST)
ਲੁਧਿਆਣਾ (ਰਾਜ) : ਲੁਧਿਆਣਾ ਜ਼ਿਲ੍ਹੇ ਤੋਂ ਇੱਕ ਦਿਲ ਦਹਿਲਾ ਦੇਣ ਵਾਲਾ ਮਾਮਲਾ ਸਾਹਮਣੇ ਆਇਆ ਹੈ। ਇੱਥੇ ਇੱਕ ਪਤੀ ਨੇ ਹੈਵਾਨੀਅਤ ਕਰਦੇ ਹੋਏ ਆਪਣੀ ਬੀਮਾਰ ਪਤਨੀ ਦੀ ਬੁਰੀ ਤਰ੍ਹਾਂ ਕੁੱਟਮਾਰ ਕੀਤੀ। ਇਸ ਤੋਂ ਬਾਅਦ ਔਰਤ ਦੀ ਕੁੱਖ ’ਚ ਭਰੂਣ ਗਿਰ ਗਿਆ। ਔਰਤ ਨੇ ਇਸ ਸਬੰਧ ’ਚ ਥਾਣਾ ਡਵੀਜ਼ਨ ਨੰਬਰ-2 ਦੀ ਪੁਲਸ ਨੂੰ ਦਿੱਤੀ। ਇਸ ਤੋਂ ਬਾਅਦ ਪੁਲਸ ਨੇ ਮੁਲਜ਼ਮ ਪਤੀ ਖ਼ਿਲਾਫ਼ ਮਾਮਲਾ ਦਰਜ ਕਰਕੇ ਉਸਨੂੰ ਗ੍ਰਿਫ਼ਤਾਰ ਕਰਨ ਲਈ ਛਾਪੇਮਾਰੀ ਸ਼ੁਰੂ ਕਰ ਦਿੱਤੀ ਹੈ। ਸ਼ਿਕਾਇਤਕਰਤਾ ਔਰਤ ਪ੍ਰੀਤੀ ਨੇ ਪੁਲਸ ਨੂੰ ਦਿੱਤੇ ਬਿਆਨਾਂ ’ਚ ਦੱਸਿਆ ਕਿ ਬੀਤੀ 22 ਜਨਵਰੀ ਨੂੰ ਉਸਦੀ ਸਿਹਤ ਖ਼ਰਾਬ ਸੀ, ਜਿਸ ਕਾਰਨ ਉਹ ਘਰ ਦਾ ਕੰਮ ਨਹੀਂ ਕਰ ਸਕੀ।
ਇਸ ਗੱਲ ਨੂੰ ਲੈ ਕੇ ਘਰ ’ਚ ਝਗੜਾ ਸ਼ੁਰੂ ਹੋ ਗਿਆ। ਉਸਦਾ ਪਤੀ ਆਪਣਾ ਆਪਾ ਖੋਹ ਬੈਠਿਆ ਅਤੇ ਔਰਤ ਨਾਲ ਬੁਰੀ ਤਰ੍ਹਾਂ ਕੁੱਟਮਾਰ ਕਰਨ ਲਗਾ। ਪੀੜਤਾ ਅਨੁਸਾਰ ਕੁੱਟਮਾਰ ਦੌਰਾਨ ਉਸਦੇ ਢਿੱਡ ’ਤੇ ਗੰਭੀਰ ਸੱਟਾਂ ਲੱਗੀਆ। ਇਸ ਹੈਵਾਨੀਅਤ ਦਾ ਨਤੀਜਾ ਇਹ ਨਿਕਲਿਆ ਕਿ ਉਸਦੇ ਗਰਭ ’ਚ ਪਲ ਰਿਹਾ ਭਰੂਣ ਗਿਰ ਗਿਆ। ਮਾਮਲੇ ਦੀ ਗੰਭੀਰਤਾ ਨੂੰ ਦੇਖਦੇ ਹੋਏ ਪੁਲਸ ਨੇ ਮੁਲਜ਼ਮ ਪਤੀ ਮਾਣਿਕ ਖ਼ਿਲਾਫ਼ ਵੱਖ-ਵੱਖ ਧਾਰਾਵਾਂ ਤਹਿਤ ਮੁਕੱਦਮਾ ਦਰਜ ਕਰਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।
