7 ਮਹੀਨਿਆਂ ਦੇ ਨਿਆਣੇ ਸਣੇ ਪੂਰੇ ਟੱਬਰ ''ਤੇ ਸੁੱਟ''ਤਾ ਤੇਜ਼ਾਬ

Thursday, Jan 22, 2026 - 04:55 PM (IST)

7 ਮਹੀਨਿਆਂ ਦੇ ਨਿਆਣੇ ਸਣੇ ਪੂਰੇ ਟੱਬਰ ''ਤੇ ਸੁੱਟ''ਤਾ ਤੇਜ਼ਾਬ

ਗੁਰਦਾਸਪੁਰ (ਵਿਨੋਦ)- ਦੇਰ ਰਾਤ ਆਪਣੀ ਕੁੱਲੀ ਵਿੱਚ ਸੁੱਤੇ ਹੋਏ ਗੁੱਜ਼ਰ ਪਰਿਵਾਰ ਤੇ ਕੁਝ ਅਣਪਛਾਤੇ ਵਿਅਕਤੀ ਤੇਜਾਬ ਸੁੱਟ ਕੇ ਦੌੜ ਗਏ, ਜਿਸ ਕਾਰਨ ਪਰਿਵਾਰ ਦਾ 7 ਮਹੀਨੇ ਦਾ ਬੱਚਾ ਅਤੇ ਉਸ ਦੀ ਮਾਂ ਬੁਰੀ ਤਰ੍ਹਾਂ ਨਾਲ ਝੁਲਸ ਗਏ। ਮਾਮਲਾ ਕਸਬਾ ਘੁਮਾਣ ਦੇ ਨਜ਼ਦੀਕ ਪੈਂਦੇ ਪਿੰਡ ਚੋਲ ਚੱਕ ਤੋਂ ਸਾਹਮਣੇ ਆਇਆ ਹੈ। ਪਰਿਵਾਰ ਦਾ ਕਹਿਣਾ ਹੈ ਕਿ ਰਾਤ 12 ਵਜੇ ਦੇ ਕਰੀਬ 5-6 ਅਣਪਛਾਤੇ ਵਿਅਕਤੀਆਂ ਵੱਲੋਂ ਇਸ ਹਰਕਤ ਨੂੰ ਅੰਜਾਮ ਦਿੱਤਾ ਗਿਆ ਹੈ। ਗਨੀਮਤ ਇਹ ਰਹੀ ਕਿ ਸਰਦੀ ਹੋਣ ਕਾਰਨ ਪਰਿਵਾਰ ਦੇ ਜ਼ਿਆਦਾਤਰ ਮੈਂਬਰ ਆਪਣੇ ਮੂੰਹ ਢੱਕ ਕੇ ਸੁੱਤੇ ਸਨ , ਜਿਸ ਕਾਰਨ ਬਿਸਤਰੇ ਤੇ ਕੱਪੜੇ ਹੀ ਜਿਆਦਾ ਸੜੇ ਹਨ ਅਤੇ ਵੱਡਾ ਜਾਨੀ ਨੁਕਸਾਨ ਹੋਣ ਤੋਂ ਬਚਾਅ ਹੋ ਗਿਆ। ਇਸ ਸਬੰਧੀ ਜਾਣਕਾਰੀ ਦਿੰਦਿਆਂ ਪਰਿਵਾਰ ਦੇ ਮੈਂਬਰ ਰਾਜ ਵਲੀ ਨੇ ਦੱਸਿਆ ਕਿ ਰਾਤ ਬਸ਼ੀਰ ਖਾਨ ਦਾ ਪਰਿਵਾਰ ਆਪਣੇ ਕੁੱਲ ਵਿੱਚ ਸੁੱਤਾ ਪਿਆ ਸੀ।

ਰਾਤ ਕਰੀਬ 12 ਵਜੇ ਅਣਪਛਾਤੇ ਵਿਅਕਤੀਆਂ ਵੱਲੋਂ ਬਸ਼ੀਰ ਖਾਨ ਦੇ ਪਰਿਵਾਰਕ ਮੈਂਬਰਾਂ ਉੱਪਰ ਤੇਜਾਬ ਸੁੱਟ ਦਿੱਤਾ। ਜਿਸ ਨਾਲ ਬਸ਼ੀਰ ਖਾਨ ਦੀ ਨੂੰਹ ਗੱਗੂ ਪਤਨੀ ਚਾਂਦੀ ਅਤੇ ਪੋਤਰਾ ਫਰਿਆਦ ਪੁੱਤਰ ਚਾਂਦੀ ਉਮਰ ਤਕਰੀਬਨ 7 ਮਹੀਨੇ ਬੁਰੀ ਤਰ੍ਹਾਂ ਝੁਲਸ ਗਏ। ਜਿਨ੍ਹਾਂ ਨੂੰ ਘੁਮਾਣ ਦੇ ਨਿੱਜੀ ਹਸਪਤਾਲ ਵਿਚ ਇਲਾਜ ਅਧੀਨ ਹਨ। ਅਣਪਛਾਤੇ ਵਿਅਕਤੀਆਂ ਦੀ ਗਿਣਤੀ ਪੰਜ ਦੇ ਕਰੀਬ ਸੀ। ਜਿਨ੍ਹਾਂ ਵਿਚੋਂ ਇਕ ਵਿਅਕਤੀ ਨੇ ਦੋ ਮੱਗਾਂ ਵਿਚ ਤੇਜ਼ਾਬ ਸੁੱਟ ਕੇ ਹਮਲਾ ਕੀਤਾ ਅਤੇ ਬਾਅਦ ਵਿਚ ਮੱਗ ਉੱਥੇ ਹੀ ਸੁੱਟ ਕੇ ਫ਼ਰਾਰ ਹੋ ਗਏ। ਉਨ੍ਹਾਂ ਕਿਹਾ ਕਿ ਪੁਲਸ ਥਾਣਾ ਘੁਮਾਣ ਵਿਖੇ ਲਿਖਤੀ ਦਰਖਾਸਤ ਦੇ ਦਿੱਤੀ ਗਈ ਹੈ। ਪੀੜਤ ਪਰਿਵਾਰ ਨੇ ਪੁਲਸ ਪ੍ਰਸ਼ਾਸਨ ਤੋਂ ਮੰਗ ਕੀਤੀ ਕਿ ਉਕਤ ਦੋਸ਼ੀਆਂ ਨੂੰ ਜਲਦੀ ਗ੍ਰਿਫ਼ਤਾਰ ਕਰਕੇ ਉਨ੍ਹਾਂ ਨੂੰ ਇਨਸਾਫ਼ ਦਿਵਾਇਆ ਜਾਵੇ।


author

Anmol Tagra

Content Editor

Related News