ਪੰਜਾਬ ਪੁਲਸ ਦੀ ਮਹਿਲਾ ਮੁਲਾਜ਼ਮ ਦੀ ਦਰਦਨਾਕ ਮੌਤ

Tuesday, Jan 20, 2026 - 07:06 PM (IST)

ਪੰਜਾਬ ਪੁਲਸ ਦੀ ਮਹਿਲਾ ਮੁਲਾਜ਼ਮ ਦੀ ਦਰਦਨਾਕ ਮੌਤ

ਕਪੂਰਥਲਾ: ਜਲੰਧਰ-ਅੰਮ੍ਰਿਤਸਰ ਹਾਈਵੇਅ 'ਤੇ ਵਾਪਰੇ ਇਕ ਦਰਦਨਾਕ ਸੜਕ ਹਾਦਸੇ ਵਿਚ ਢਿਲਵਾਂ ਪੁਲਸ ਸਟੇਸ਼ਨ ਵਿਚ ਤਾਇਨਾਤ ਇਕ ਮਹਿਲਾ ਕਾਂਸਟੇਬਲ ਦੀ ਮੌਤ ਹੋ ਗਈ ਹੈ। ਇਹ ਹਾਦਸਾ ਉਸ ਸਮੇਂ ਵਾਪਰਿਆ ਜਦੋਂ ਇਕ ਅਣਪਛਾਤੇ ਵਾਹਨ ਨੇ ਮਹਿਲਾ ਕਾਂਸਟੇਬਲ ਦੀ ਐਕਟਿਵਾ ਨੂੰ ਜ਼ਬਰਦਸਤ ਟੱਕਰ ਮਾਰ ਦਿੱਤੀ।

ਮ੍ਰਿਤਕ ਮਹਿਲਾ ਕਾਂਸਟੇਬਲ ਦੀ ਪਛਾਣ ਕੁਲਵਿੰਦਰ ਕੌਰ (44) ਵਜੋਂ ਹੋਈ ਹੈ, ਜੋ ਕਿ ਜਗਤਜੀਤ ਨਗਰ ਹਮੀਰਾ ਦੀ ਰਹਿਣ ਵਾਲੀ ਸੀ। ਉਹ ਮੂਲ ਰੂਪ ਵਿਚ ਪਟਿਆਲਾ ਦੀ ਰਹਿਣ ਵਾਲੀ ਸੀ ਅਤੇ ਵਿਆਹ ਤੋਂ ਬਾਅਦ ਹਮੀਰਾ ਵਿਚ ਰਹਿ ਰਹੀ ਸੀ। ਪੁਲਸ ਮੁਤਾਬਕ ਕੁਲਵਿੰਦਰ ਕੌਰ ਸਵੇਰੇ ਕਰੀਬ 11 ਵਜੇ ਆਪਣੀ ਐਕਟਿਵਾ 'ਤੇ ਸਵਾਰ ਹੋ ਕੇ ਹਮੀਰਾ ਤੋਂ ਢਿਲਵਾਂ ਥਾਣੇ ਡਿਊਟੀ ਲਈ ਜਾ ਰਹੀ ਸੀ। ਜਦੋਂ ਉਹ ਢਿਲਵਾਂ ਨੇੜੇ ਇਕ ਪੈਲੇਸ ਦੇ ਸਾਹਮਣੇ ਪਹੁੰਚੀ ਤਾਂ ਇਕ ਤੇਜ਼ ਰਫਤਾਰ ਵਾਹਨ ਨੇ ਉਸ ਨੂੰ ਟੱਕਰ ਮਾਰ ਦਿੱਤੀ। ਟੱਕਰ ਇੰਨੀ ਜ਼ਬਰਦਸਤ ਸੀ ਕਿ ਉਹ ਸੜਕ 'ਤੇ ਡਿੱਗ ਪਈ ਅਤੇ ਉਸ ਨੂੰ ਕਾਫੀ ਗੰਭੀਰ ਸੱਟਾਂ ਲੱਗੀਆਂ।

ਹਾਦਸੇ ਦੀ ਸੂਚਨਾ ਮਿਲਣ 'ਤੇ 108 ਐਂਬੂਲੈਂਸ ਦੀ ਟੀਮ ਨੇ ਉਸ ਨੂੰ ਤੁਰੰਤ ਸਿਵਲ ਹਸਪਤਾਲ ਕਪੂਰਥਲਾ ਪਹੁੰਚਾਇਆ। ਹਾਲਾਂਕਿ, ਹਸਪਤਾਲ ਵਿਚ ਡਿਊਟੀ 'ਤੇ ਮੌਜੂਦ ਡਾਕਟਰ ਨੇ ਜਾਂਚ ਤੋਂ ਬਾਅਦ ਉਸ ਨੂੰ ਮ੍ਰਿਤਕ ਐਲਾਨ ਦਿੱਤਾ। ਢਿਲਵਾਂ ਥਾਣੇ ਦੇ ਐੱਸ.ਐੱਚ.ਓ. ਦਲਵਿੰਦਰ ਸਿੰਘ ਨੇ ਘਟਨਾ ਦੀ ਪੁਸ਼ਟੀ ਕਰਦਿਆਂ ਕਿਹਾ ਕਿ ਪੁਲਸ ਨੇ ਲਾਸ਼ ਨੂੰ ਕਬਜ਼ੇ ਵਿਚ ਲੈ ਕੇ ਪੋਸਟਮਾਰਟਮ ਲਈ ਸਿਵਲ ਹਸਪਤਾਲ ਦੇ ਮੁਰਦਾਘਰ ਵਿਚ ਰਖਵਾ ਦਿੱਤੀ ਹੈ। ਪੁਲਿਸ ਨੇ ਅਣਪਛਾਤੇ ਡਰਾਈਵਰ ਵਿਰੁੱਧ ਮਾਮਲਾ ਦਰਜ ਕਰ ਲਿਆ ਹੈ ਅਤੇ ਫਰਾਰ ਵਾਹਨ ਦੀ ਪਛਾਣ ਲਈ ਇਲਾਕੇ ਵਿਚ ਜਾਂਚ ਕੀਤੀ ਜਾ ਰਹੀ ਹੈ।


author

Anmol Tagra

Content Editor

Related News