ਮਹਿਲਾ ਵਿਸ਼ਵ ਕੱਪ : ਸੈਮੀਫਾਈਨਲ ਸਥਾਨ ਲਈ ਭਾਰਤ ਸਾਹਮਣੇ ਆਸਟਰੇਲੀਆ ਦੀ ਚੁਣੌਤੀ
Wednesday, Jul 12, 2017 - 05:15 AM (IST)
ਬ੍ਰਿਸਟਲ— ਆਈ. ਸੀ. ਸੀ. ਮਹਿਲਾ ਕ੍ਰਿਕਟ ਵਿਸ਼ਵ ਕੱਪ ਵਿਚ ਹੁਣ ਰੋਮਾਂਚਕ ਹੋ ਚੁੱਕੀ ਜੰਗ ਵਿਚ ਮਿਤਾਲੀ ਰਾਜ ਦੀ ਕਪਤਾਨੀ ਵਾਲੀ ਭਾਰਤੀ ਟੀਮ ਨੂੰ ਪਿਛਲੀ ਹਾਰ ਤੋਂ ਸਬਕ ਲੈਂਦਿਆਂ ਬੁੱਧਵਾਰ ਨੂੰ ਸੈਮੀਫਾਈਨਲ 'ਚ ਜਗ੍ਹਾ ਤੈਅ ਕਰਨ ਲਈ ਆਸਟਰੇਲੀਆ ਵਿਰੁੱਧ ਆਪਣਾ ਸਰਵਸ੍ਰੇਸ਼ਠ ਪ੍ਰਦਰਸ਼ਨ ਕਰਨਾ ਪਵੇਗਾ।
ਭਾਰਤੀ ਮਹਿਲਾ ਟੀਮ ਨੇ ਹੁਣ ਤਕ ਵਿਸ਼ਵ ਕੱਪ 'ਚ ਕਮਾਲ ਦੀ ਖੇਡ ਦਿਖਾਈ ਹੈ ਪਰ ਉਸ ਦੀ ਲਗਾਤਾਰ ਚਾਰ ਮੈਚਾਂ ਵਿਚ ਜਿੱਤ ਦੀ ਲੈਅ ਦੱਖਣੀ ਅਫਰੀਕਾ ਹੱਥੋਂ ਪਿਛਲੇ ਮੈਚ 'ਚ ਹਾਰ ਨਾਲ ਟੁੱਟ ਗਈ ਸੀ। ਭਾਰਤ ਨੂੰ ਇਸ ਮੈਚ 'ਚ 115 ਦੌੜਾਂ ਦੇ ਵੱਡੇ ਫਰਕ ਨਾਲ ਹਾਰ ਮਿਲੀ ਸੀ ਤੇ ਉਹ ਪਟੜੀ ਤੋਂ ਵੀ ਉਤਰ ਗਈ ਪਰ ਉਸ ਦੀ ਇਸ ਹਾਰ ਨਾਲ ਅੰਕ ਸੂਚੀ ਵਿਚ ਬਾਕੀ ਟੀਮਾਂ ਨਾਲ ਉਸ ਦੀ ਸਥਿਤੀ ਹੁਣ ਕਾਫੀ ਰੋਮਾਂਚਕ ਤੇ ਚੁਣੌਤੀਪੂਰਨ ਵੀ ਹੋ ਗਈ ਹੈ।
ਭਾਰਤ ਨੇ ਪਿਛਲਾ ਮੈਚ ਜਿਥੇ ਹਾਰਿਆ, ਉਥੇ ਹੀ ਆਸਟ੍ਰੇਲੀਆ ਦੀ ਵੀ ਲੈਅ ਟੁੱਟ ਗਈ ਤੇ ਉਹ ਇੰਗਲੈਂਡ ਤੋਂ ਰੋਮਾਂਚਕ ਤਿੰਨ ਦੌੜਾਂ ਨਾਲ ਮੈਚ ਹਾਰ ਗਈ। ਇਸ ਨਾਲ ਹੁਣ ਅੰਕ ਸੂਚੀ ਵਿਚ ਇੰਗਲੈਂਡ ਅੱਠ ਅੰਕਾਂ ਨਾਲ ਚੋਟੀ 'ਤੇ ਹੈ, ਜਦਕਿ ਆਸਟਰੇਲੀਆ ਇੰਨੇ ਹੀ ਅੰਕ ਲੈ ਕੇ ਦੂਜੇ ਤੇ ਭਾਰਤ ਦੌੜਾਂ ਦੇ ਵੱਡੇ ਫਰਕ ਨਾਲ ਮਿਲੀ ਹਾਰ ਕਾਰਨ ਇਕ ਬਰਾਬਰ ਅੰਕ ਲੈ ਕੇ ਤੀਜੇ ਸਥਾਨ 'ਤੇ ਹੈ। ਮਿਤਾਲੀ ਐਂਡ ਕੰਪਨੀ ਲਈ ਵਿਸ਼ਵ ਕੱਪ ਦੇ ਇਸ ਅਹਿਮ ਗੇੜ 'ਤੇ ਆਪਣੀ ਖੇਡ ਦੇ ਪੱਧਰ ਨੂੰ ਹੁਣ ਹੋਰ ਉੱਚਾ ਚੁੱਕਣ ਦੀ ਲੋੜ ਹੈ ਤੇ ਆਸਟ੍ਰੇਲੀਆ ਵਿਰੁੱਧ ਉਸ ਨੂੰ ਹਰ ਹਾਲ ਵਿਚ ਜਿੱਤ ਦਰਜ ਕਰਨੀ ਪਵੇਗੀ, ਨਹੀਂ ਤਾਂ ਨਿਊਜ਼ੀਲੈਂਡ ਵਿਰੁੱਧ ਲੀਗ ਗੇੜ ਦੇ ਆਖਰੀ ਮੈਚ ਵਿਚ ਉਸ ਦੀ ਸਥਿਤੀ ਕਾਫੀ ਵਿਗੜ ਸਕਦੀ ਹੈ।
