ਮਹਿਲਾ ਵਿਸ਼ਵ ਮੁੱਕੇਬਾਜ਼ੀ : ਜੈਸਮੀਨ, ਸ਼ਸ਼ੀ ਜਿੱਤੇ ਪਰ ਸ਼ਰੂਤੀ ਹਾਰ ਕੇ ਬਾਹਰ
03/18/2023 5:25:31 PM

ਨਵੀਂ ਦਿੱਲੀ : ਰਾਸ਼ਟਰਮੰਡਲ ਖੇਡਾਂ ਦੀ ਤਗ਼ਮਾ ਜੇਤੂ ਜੈਸਮੀਨ ਲੰਬੋਰੀਆ ਨੇ ਮਹਿਲਾ ਵਿਸ਼ਵ ਮੁੱਕੇਬਾਜ਼ੀ ਚੈਂਪੀਅਨਸ਼ਿਪ ਵਿੱਚ ਆਪਣੇ ਸ਼ੁਰੂਆਤੀ ਮੈਚ ਵਿੱਚ ਆਰਐਸਸੀ ਦੇ ਫ਼ੈਸਲੇ ਨਾਲ ਤਨਜ਼ਾਨੀਆ ਦੀ ਨਿਆਮਬੇਗਾ ਬੀਟਰਿਸ ਨੂੰ ਹਰਾਇਆ। ਸ਼ਸ਼ੀ ਚੋਪੜਾ (63 ਕਿਲੋਗ੍ਰਾਮ) ਨੇ ਕੀਨੀਆ ਦੀ ਮਵਾਂਗੀ ਟੇਰੇਸੀਆ ਨੂੰ 5-0 ਨਾਲ ਹਰਾਇਆ। ਭਾਰਤ ਦੀ ਸ਼ਰੂਤੀ ਯਾਦਵ (70 ਕਿਲੋਗ੍ਰਾਮ) ਨੂੰ ਹਾਲਾਂਕਿ ਚੀਨ ਦੀ ਝੂ ਪੈਨ ਨੇ 5-0 ਨਾਲ ਹਰਾਇਆ।
ਬਰਮਿੰਘਮ ਰਾਸ਼ਟਰਮੰਡਲ ਖੇਡਾਂ 2022 ਵਿੱਚ ਕਾਂਸੀ ਦਾ ਤਗ਼ਮਾ ਜਿੱਤਣ ਵਾਲੀ ਜੈਸਮੀਨ ਨੇ 60 ਕਿਲੋਗ੍ਰਾਮ ਵਰਗ ਵਿੱਚ ਸਿਰਫ਼ 90 ਸਕਿੰਟਾਂ ਵਿੱਚ ਜਿੱਤ ਦਰਜ ਕੀਤੀ। ਉਸ ਦੇ ਪੰਚ ਇੰਨੇ ਦਮਦਾਰ ਸਨ ਕਿ ਤਨਜ਼ਾਨੀਆ ਦੀ ਮੁੱਕੇਬਾਜ਼ ਸੰਭਲ ਹੀ ਨਾ ਸਕੀ। ਪਹਿਲੇ ਦਿਨ ਨਿਖਤ ਜ਼ਰੀਨ ਅਤੇ ਪ੍ਰੀਤੀ ਨੇ ਵੀ ਆਰਐਸਸੀ ਦੇ ਫੈਸਲੇ 'ਤੇ ਆਪਣੇ ਮੁਕਾਬਲੇ ਜਿੱਤੇ ਜਦੋਂ ਰੈਫਰੀ ਨੇ ਇਕਤਰਫਾ ਮੁਕਾਬਲਾ ਰੋਕ ਦਿੱਤਾ ਸੀ। ਜੈਸਮੀਨ ਦਾ ਸਾਹਮਣਾ ਹੁਣ ਤਜ਼ਾਕਿਸਤਾਨ ਦੀ ਸਮਦੋਵਾ ਮਿਜਗੋਨਾ ਨਾਲ ਹੋਵੇਗਾ। ਦੂਜੇ ਪਾਸੇ ਸ਼ਸ਼ੀ ਦਾ ਮੁਕਾਬਲਾ 2022 ਏਸ਼ੀਅਨ ਚੈਂਪੀਅਨਸ਼ਿਪ ਚਾਂਦੀ ਦਾ ਤਗਮਾ ਜੇਤੂ ਜਾਪਾਨ ਦੇ ਕਿਟੋ ਮੇਈ ਨਾਲ ਹੋਵੇਗਾ।