ICC ਮਹਿਲਾ ਵਨਡੇ ਰੈਂਕਿੰਗ ’ਚ ਮੰਧਾਨਾ 5ਵੇਂ ਸਥਾਨ ’ਤੇ ਅਤੇ ਮਿਤਾਲੀ ਦੂਜੇ ਨੰਬਰ ’ਤੇ ਬਰਕਰਾਰ

Wednesday, Feb 09, 2022 - 11:04 AM (IST)

ICC ਮਹਿਲਾ ਵਨਡੇ ਰੈਂਕਿੰਗ ’ਚ ਮੰਧਾਨਾ 5ਵੇਂ ਸਥਾਨ ’ਤੇ ਅਤੇ ਮਿਤਾਲੀ ਦੂਜੇ ਨੰਬਰ ’ਤੇ ਬਰਕਰਾਰ

ਦੁਬਈ (ਭਾਸ਼ਾ) : ਭਾਰਤ ਦੀ ਸਲਾਮੀ ਬੱਲੇਬਾਜ਼ ਸਮ੍ਰਿਤੀ ਮੰਧਾਨਾ 2 ਸਥਾਨਾਂ ਦੇ ਸੁਧਾਰ ਨਾਲ ਆਈ.ਸੀ.ਸੀ. ਮਹਿਲਾ ਵਨ ਡੇ ਰੈਂਕਿੰਗ ਵਿਚ ਬੱਲੇਬਾਜ਼ਾਂ ਦੀ ਸੂਚੀ ਵਿਚ ਪੰਜਵੇਂ ਸਥਾਨ ’ਤੇ ਪੁੱਜ ਗਈ ਹੈ। ਉਥੇ ਹੀ ਕਪਤਾਨ ਮਿਤਾਲੀ ਰਾਜ ਨੇ ਆਪਣਾ ਦੂਜਾ ਸਥਾਨ ਕਾਇਮ ਰੱਖਿਆ ਹੈ। ਇਸ ਨਵੀਂ ਰੈਂਕਿੰਗ ਸੂਚੀ ਵਿਚ ਮੰਧਾਨਾ ਦੇ ਨਾਂ 710 ਰੇਟਿੰਗ ਅੰਕ ਹਨ, ਜਦਕਿ ਮਿਤਾਲੀ ਦੇ 738 ਰੇਟਿੰਗ ਅੰਕ ਹਨ। ਆਸਟਰੇਲੀਆ ਦੀ ਏਲਿਸਾ ਹੀਲੀ 742 ਅੰਕਾਂ ਨਾਲ ਸੂਚੀ ਵਿਚ ਸਿਖ਼ਰ ’ਤੇ ਹੈ। ਆਸਟਰੇਲੀਆ ਦੀਆਂ ਦੋ ਹੋਰ ਖਿਡਾਰਨਾਂ ਬੇਥ ਮੂਨੀ (719) ਤੇ ਐਮੀ ਸੈਟਰਥਵੇਟ (717) ਕ੍ਰਮਵਾਰ ਤੀਜੇ ਅਤੇ ਚੌਥੇ ਸਥਾਨ ’ਤੇ ਹਨ।

ਇਹ ਵੀ ਪੜ੍ਹੋ: ਮਾਂ ਦੇ ਓਲੰਪਿਕ ਚੈਂਪੀਅਨ ਬਣਨ ਦੇ 50 ਸਾਲ ਬਾਅਦ ਪੁੱਤਰ ਨੇ ਜਿੱਤਿਆ ਚਾਂਦੀ ਦਾ ਤਗਮਾ

ਗੇਂਦਬਾਜ਼ਾਂ ਦੀ ਰੈਕਿੰਗ ਵਿਚ ਤਜ਼ਰਬੇਕਾਰ ਤੇਜ਼ ਗੇਂਦਬਾਜ਼ ਝੂਲਨ ਗੋਸਵਾਮੀ 727 ਰੇਟਿੰਗ ਅੰਕਾਂ ਨਾਲ ਦੂਜੇ ਸਥਾਨ ’ਤੇ ਬਣੀ ਹੋਈ ਹੈ, ਜਦਕਿ ਆਸਟਰੇਲੀਆ ਦੀ ਜੇਸ ਜੋਨਾਸੇਨ (773) ਨੇ ਆਪਣਾ ਸਿਖਰਲਾ ਸਥਾਨ ਕਾਇਮ ਰੱਖਿਆ ਹੈ। ਆਲਰਾਊਂਡਰਾਂ ਦੀ ਰੈਕਿੰਗ ਵਿਚ ਵੀ ਚੋਟੀ ’ਤੇ ਆਸਟਰੇਲੀਆ ਦੀ ਏਲਿਸੇ ਪੈਰੀ ਹੈ। ਇੰਗਲੈਂਡ ਖ਼ਿਲਾਫ਼ 3 ਮੈਚਾਂ ਦੀ ਵਨ ਡੇ ਸੀਰੀਜ਼ ਦੇ ਦੂਜੇ ਮੈਚ ਵਿਚ 64 ਗੇਂਦਾਂ ਵਿਚ 40 ਦੌੜਾਂ ਦੀ ਪਾਰੀ ਖੇਡਣ ਨਾਲ ਉਨ੍ਹਾਂ ਨੇ 7 ਓਵਰ ਦੀ ਗੇਂਦਬਾਜ਼ੀ ਵਿਚ ਸਿਰਫ਼ 12 ਦੌੜਾਂ ਦੇ ਕੇ 3 ਵਿਕਟਾਂ ਲਈਆਂ। ਮੈਚ ਲਈ ਸਰਬੋਤਮ ਖਿਡਾਰਣ ਚੁਣੇ ਜਾਣ ਨਾਲ ਉਨ੍ਹਾਂ ਨੂੰ 47 ਰੇਟਿੰਗ ਅੰਕਾਂ ਦਾ ਫ਼ਾਇਦਾ ਹੋਇਆ, ਜਿਸ ਨਾਲ ਉਹ ਇੰਗਲੈਂਡ ਦੀ ਨੈੱਟ ਸਕੀਵਰ (360) ਨੂੰ ਪਿੱਛੇ ਛੱਡਣ ਵਿਚ ਕਾਮਯਾਬ ਰਹੀ। ਭਾਰਤ ਦੀ ਦੀਪਤੀ ਸ਼ਰਮਾ ਚੌਥੇ (299 ਅੰਕ) ਤੇ ਝੂਲਨ ਗੋਸਵਾਮੀ (251) 10ਵੇਂ ਸਥਾਨ ’ਤੇ ਕਾਇਮ ਹਨ।

ਇਹ ਵੀ ਪੜ੍ਹੋ: ਮੋਹਾਲੀ ਵਿਰਾਟ ਕੋਹਲੀ ਦੇ 100ਵੇਂ ਟੈਸਟ ਦੀ ਕਰੇਗਾ ਮੇਜ਼ਬਾਨੀ

ਨੋਟ: ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦਿਓ ਜਵਾਬ।


author

cherry

Content Editor

Related News