ਅੰਕਿਤਾ ਦੀਆਂ ਦੋ ਜਿੱਤਾਂ ਨਾਲ ਭਾਰਤ ਨੇ ਬੀ. ਜੇ. ਕੇ. ਸੀ. ਟੈਨਿਸ ’ਚ ਥਾਈਲੈਂਡ ਨੂੰ ਹਰਾਇਆ
Wednesday, Apr 12, 2023 - 02:07 PM (IST)

ਤਾਸ਼ਕੰਦ (ਉਜਬੇਕਿਸਤਾਨ), (ਭਾਸ਼ਾ)– ਤਜਰਬੇਕਾਰ ਅੰਕਿਤਾ ਰੈਨਾ ਨੇ ਦੂਜੇ ਸਿੰਗਲਜ਼ ਵਿਚ ਸਫਲਤਾ ਹਾਸਲ ਕਰਨ ਤੋਂ ਬਾਅਦ ਰਿਤੂਜਾ ਭੋਸਲੇ ਦੇ ਨਾਲ ਫੈਸਲਾਕੁੰਨ ਡਬਲਜ਼ ਮੁਕਾਬਲੇ ’ਚ ਜਿੱਤ ਦਰਜ ਕੀਤੀ, ਜਿਸ ਨਾਲ ਭਾਰਤ ਨੇ ਮੰਗਲਵਾਰ ਨੂੰ ਇੱਥੇ ਬਿਲੀ ਜੀਨ ਕਿੰਗ ਕੱਪ (ਬੀ. ਜੇ. ਕੇ. ਸੀ.) ਟੈਨਿਸ ਦੇ ਸ਼ੁਰੂਆਤੀ ਦਿਨ ਏਸ਼ੀਆ-ਓਸਿਆਨਾ ਗਰੁੱਪ-ਏ ਦੇ ਮੁਕਾਬਲੇ ’ਚ ਥਾਈਲੈਂਡ ਨੂੰ 2-1 ਨਾਲ ਹਰਾਇਆ।
ਇਸ ਮੁਕਾਬਲੇ ਦੇ ਸ਼ੁਰੂਆਤੀ ਮੈਚ ’ਚ ਰਿਤੂਜਾ ਨੂੰ ਲੁਕਸਿਕਾ ਕੁਮਖੁਮ ਨੂੰ 2-6, 1-6 ਨਾਲ ਹਾਰ ਦਾ ਸਾਹਮਣਾ ਕਰਨਾ ਪਿਆ। ਇਸ ਹਾਰ ਤੋਂ ਬਾਅਦ ਭਾਰਤ 0-1 ਨਾਲ ਪਿਛੜ ਗਿਆ। ਮੁਕਾਬਲੇ ’ਚ ਭਾਰਤ ਦੀ ਵਾਪਸੀ ਦਾ ਦਾਰੋਮਦਾਰ ਅੰਕਿਤਾ ’ਤੇ ਸੀ ਤੇ ਉਸ ਨੇ ਨਿਰਾਸ਼ ਨਹੀਂ ਕੀਤਾ।
ਸਿੰਗਲਜ਼ ਮੁਕਾਬਲੇ ’ਚ ਉਸ ਨੇ ਪੀਂਗਟਰਨ ਪਿਲਪਯੂਚ ਨੂੰ 5-7, 6-1, 6-3 ਨਾਲ ਹਰਾ ਕੇ ਭਾਰਤ ਦੀਆਂ ਉਮੀਦਾਂ ਨੂੰ ਜਿਊਂਦੇ ਕਰ ਦਿੱਤਾ। ਫੈਸਲਾਕੁੰਨ ਡਬਲਜ਼ ਮੁਕਾਬਲੇ ’ਚ ਅੰਕਿਤਾ ਤੇ ਰਿਤੂਜਾ ਦੀ ਜੋੜੀ ਨੇ ਪਹਿਲਾ ਸੈੱਟ ਗਵਾਉਣ ਤੋਂ ਬਾਅਦ ਸ਼ਾਨਦਾਰ ਵਾਪਸੀ ਕਰਦੇ ਹੋਏ ਥਾਈਲੈਂਡ ਦੀ ਕੁਮਖੁਮ ਤੇ ਪਿਲਪਊਚ ਦੀ ਜੋੜੀ ਨੂੰ 4-6, 6-3, 6-2 ਨਾਲ ਹਰਾ ਦਿੱਤਾ। ਭਾਰਤ ਟੀਮ ਸਾਹਮਣੇ ਬੁੱਧਵਾਰ ਨੂੰ ਉਜਬੇਕਿਸਤਾਨ ਦੀ ਚੁਣੌਤੀ ਹੋਵੇਗੀ।