...ਜਦੋਂ 9 ਸਾਲ ਪਹਿਲਾਂ ਭਾਰਤ ਨੇ ਜਿੱਤਿਆ ਸੀ ਵਿਸ਼ਵ ਕੱਪ

04/03/2020 3:06:33 AM

ਨਵੀਂ ਦਿੱਲੀ- ਕਪਤਾਨ ਮਹਿੰਦਰ ਸਿੰਘ ਧੋਨੀ ਦੀ ਅਗਵਾਈ ਵਿਚ ਭਾਰਤੀ ਟੀਮ ਨੇ ਅੱਜ ਦੇ ਹੀ ਦਿਨ 9 ਸਾਲ ਪਹਿਲਾਂ 28 ਸਾਲਾਂ ਦਾ ਸੋਕਾ ਖਤਮ ਕਰ ਕੇ ਸ਼੍ਰੀਲੰਕਾ ਨੂੰ ਹਰਾ ਕੇ ਵਿਸ਼ਵ ਕੱਪ ਜਿੱਤਿਆ ਸੀ। ਟੀਮ ਇੰਡੀਆ ਨੇ 2011 ਆਈ. ਸੀ. ਸੀ. ਵਿਸ਼ਵ ਕੱਪ ਦੇ ਫਾਈਨਲ ਵਿਚ ਸ਼੍ਰੀਲੰਕਾ ਨੂੰ ਬੇਹੱਦ ਰੋਮਾਂਚਕ ਮੁਕਾਬਲੇ ਵਿਚ 6 ਵਿਕਟਾਂ ਨਾਲ ਹਰਾ ਕੇ ਦੂਜੀ ਵਾਰ ਵਿਸ਼ਵ ਕੱਪ ਆਪਣੇ ਨਾਂ ਕੀਤਾ ਸੀ। ਮੁੰਬਈ ਵਿਚ ਹੋਏ ਫਾਈਨਲ ਵਿਚ ਸ਼੍ਰੀਲੰਕਾ ਨੇ ਪਹਿਲਾਂ ਬੱਲੇਬਾਜ਼ੀ ਕਰਦਿਆਂ 50 ਓਵਰਾਂ ਵਿਚ 6 ਵਿਕਟਾਂ 'ਤੇ 274 ਦੌੜਾਂ ਬਣਾਈਆਂ। ਟੀਚੇ ਦਾ ਪਿੱਛਾ ਕਰਨ ਉਤਰੀ ਭਾਰਤੀ ਟੀਮ ਨੇ 48.2 ਓਵਰਾਂ ਵਿਚ 4 ਵਿਕਟਾਂ 'ਤੇ 277 ਦੌੜਾਂ ਬਣਾ ਕੇ ਖਿਤਾਬ ਆਪਣੇ ਨਾਂ ਕੀਤਾ। ਇਸ ਖਿਤਾਬ ਦੀ ਭਾਲ ਭਾਰਤੀ ਟੀਮ ਦੇ ਨਾਲ-ਨਾਲ ਦੇਸ਼ ਦੀ ਜਨਤਾ ਨੂੰ ਵੀ ਸਾਲਾਂ ਤੋਂ ਸੀ ਅਤੇ ਧੋਨੀ ਨੇ ਨੁਵਾਨ ਕੁਲਾਸ਼ੇਖਰਾ ਦੀ ਗੇਂਦ 'ਤੇ ਛੱਕਾ ਲਾ ਕੇ ਭਾਰਤ ਦਾ 28 ਸਾਲ ਦਾ ਸੋਕਾ ਖਤਮ ਕੀਤਾ ਤੇ ਟੀਮ ਨੂੰ ਵਿਸ਼ਵ ਜੇਤੂ ਬਣਾ ਦਿੱਤਾ।
ਇਹ ਜਿੱਤ ਟੀਮ ਇੰਡੀਆ ਦੇ ਨਾਲ-ਨਾਲ ਟੀਮ ਦੇ ਸਭ ਤੋਂ ਸੀਨੀਅਰ ਖਿਡਾਰੀ ਰਹੇ ਸਚਿਨ ਤੇਂਦੁਲਕਰ ਲਈ ਵੀ ਕਾਫੀ ਅਹਿਮ ਸੀ। ਇਹ ਉਸਦੇ ਕਰੀਅਰ ਦਾ ਛੇਵਾਂ ਤੇ ਆਖਰੀ ਵਿਸ਼ਵ ਕੱਪ ਸੀ। ਫਾਈਨਲ ਮੈਚ ਸਚਿਨ ਦੇ ਘਰੇਲੂ ਮੈਦਾਨ ਮੁੰਬਈ ਦੇ ਵਾਨਖੇੜੇ ਸਟੇਡੀਅਮ ਵਿਚ ਹੋਇਆ ਸੀ। 2011 ਵਿਸ਼ਵ ਕੱਪ ਦਾ ਆਯੋਜਨ ਏਸ਼ੀਆ ਵਿਚ ਹੋਇਆ ਸੀ ਅਤੇ ਟੀਮ ਇੰਡੀਆ ਨੇ ਟੂਰਨਾਮੈਂਟ ਦੀ ਸ਼ੁਰੂਆਤ ਤੋਂ ਹੀ ਦਿਖਾ ਦਿੱਤਾ ਸੀ ਕਿ ਉਹ ਇਸ ਦੇ ਪ੍ਰਮੁੱਖ ਦਾਅਵੇਦਾਰਾਂ 'ਚੋਂ ਇਕ ਹੈ। ਭਾਰਤ ਨੇ ਟੂਰਨਾਮੈਂਟ ਦੇ ਗਰੁੱਪ ਗੇੜ ਤੋਂ ਹੀ ਧਮਾਕੇਦਾਰ ਸ਼ੁਰੂਆਤ ਕੀਤੀ ਅਤੇ ਪਹਿਲੇ ਮੁਕਾਬਲੇ ਵਿਚ ਬੰਗਲਾਦੇਸ਼ ਨੂੰ ਹਰਾਇਆ। ਇਸ ਤੋਂ ਬਾਅਦ ਟੀਮ ਲਗਾਤਾਰ ਜਿੱਤ ਦੇ ਰਸਤੇ 'ਤੇ ਵਧਦੀ ਰਹੀ। ਹਾਲਾਂਕਿ ਉਸਦਾ ਇੰਗਲੈਂਡ ਦੇ ਨਾਲ ਮੈਚ ਟਾਈ ਰਿਹਾ, ਜਦਕਿ ਉਸ ਨੂੰ ਦੱਖਣੀ ਅਫਰੀਕਾ ਹੱਥੋਂ ਹਾਰ ਦਾ ਸਾਹਮਣਾ ਕਰਨਾ ਪਿਆ ਪਰ ਭਾਰਤ ਨੇ ਕੁਆਰਟਰ ਫਾਈਨਲ ਵਿਚ ਸਾਬਕਾ ਜੇਤੂ ਆਸਟਰੇਲੀਆ ਨੂੰ ਹਰਾ ਕੇ ਆਪਣੀ ਮਜ਼ਬੂਤੀ ਦਾ ਅਹਿਸਾਸ ਕਰਵਾ ਦਿੱਤਾ।

PunjabKesari
ਫਾਈਨਲ 'ਚ ਟੀਚੇ ਦਾ ਪਿੱਛਾ ਕਰਨ ਉਤਰੀ ਭਾਰਤੀ ਟੀਮ ਦੀ ਸ਼ੁਰੂਆਤ ਚੰਗੀ ਨਹੀਂ ਰਹੀ ਸੀ-
ਫਾਈਨਲ ਮੁਕਾਬਲੇ ਵਿਚ ਸ਼੍ਰੀਲੰਕਾ ਵਲੋਂ ਮਹੇਲਾ ਜੈਵਰਧਨੇ ਨੇ ਸਭ ਤੋਂ ਵੱਧ ਅਜੇਤੂ 103 ਦੌੜਾਂ ਬਣਾਈਆਂ ਅਤੇ ਆਪਣੀ ਟੀਮ ਨੂੰ ਲੜਨਯੋਗ ਸਕੋਰ ਤਕ ਪਹੁੰਚਾਇਆ। ਟੀਚੇ ਦਾ ਪਿੱਛਾ ਕਰਨ ਉਤਰੀ ਭਾਰਤੀ ਟੀਮ ਦੀ ਸ਼ੁਰੂਆਤ ਚੰਗੀ ਨਹੀਂ ਰਹੀ ਤੇ ਉਸਦੀ ਸਲਾਮੀ ਜੋੜੀ ਸਿਰਫ 31 ਦੌੜਾਂ 'ਤੇ ਪੈਵੇਲੀਅਨ ਚਲ ਗਈ। ਇਸ ਤੋਂ ਬਾਅਦ ਗੌਤਮ ਗੰਭੀਰ ਨੇ ਪਹਿਲਾਂ ਵਿਰਾਟ ਕੋਹਲੀ ਤੇ ਉਸ ਤੋਂ ਬਾਅਦ ਧੋਨੀ ਨਾਲ ਮਿਲ ਕੇ ਪਾਰੀ ਨੂੰ ਸੰਭਾਲਿਆ ਤੇ ਟੀਮ ਨੂੰ ਜਿੱਤ ਦੇ ਕੰਢੇ 'ਤੇ ਪਹੁੰਚਾ ਦਿੱਤਾ।
ਗੰਭੀਰ ਹਾਲਾਂਕਿ ਆਪਣਾ ਸੈਂਕੜਾ ਪੂਰਾ ਨਹੀਂ ਕਰ ਸਕਿਆ ਤੇ 97 ਦੌੜਾਂ 'ਤੇ ਆਊਟ ਹੋ ਗਿਆ। ਗੰਭੀਰ ਦੇ ਪੈਵੇਲੀਅਨ ਜਾਣ ਤੋਂ ਬਾਅਦ ਮੈਦਾਨ 'ਤੇ ਟੂਰਨਾਮੈਂਟ 'ਚ ਸਭ ਤੋਂ ਵੱਧ ਦੌੜਾਂ ਬਣਾਉਣ ਵਾਲਾ ਯੁਵਰਾਜ ਸਿੰਘ ਮੈਦਾਨ 'ਤੇ ਉਤਰਿਆ ਤੇ ਉਸ ਨੇ ਧੋਨੀ ਨਾਲ ਮਿਲ ਕੇ ਟੀਮ ਨੂੰ ਜਿੱਤ ਦਿਵਾਈ। ਜਿੱਤ ਦੇ ਨਾਲ ਹੀ ਟੀਮ ਇੰਡੀਆ ਦੇ ਸਾਰੇ ਖਿਡਾਰੀ ਮੈਦਾਨ 'ਤੇ ਆ ਕੇ ਖੁਸ਼ੀ ਮਨਾਉਣ ਲੱਗੇ। ਯੁਵਰਾਜ, ਹਰਭਜਨ ਸਿੰਘ, ਸਚਿਨ ਤੇ ਧੋਨੀ ਸਮੇਤ ਸਾਰੇ ਖਿਡਾਰੀ ਭਾਵੁਕ ਹੋ ਗਏ। ਟੀਮ ਦੇ ਸਾਰੇ ਖਿਡਾਰੀਆਂ ਨੇ ਸਚਿਨ ਨੂੰ ਮੋਢਿਆਂ 'ਤੇ ਚੁੱਕ ਕੇ ਮੈਦਾਨ ਦਾ ਚੱਕਰ ਲਾਇਆ ਤੇ ਦਰਸ਼ਕਾਂ ਦਾ ਅਭਿਵਾਦਨ ਸਵੀਕਾਰ ਕੀਤਾ। ਇਸ ਪਲ ਨੂੰ 9 ਸਾਲ ਬੀਤ ਚੁੱਕੇ ਹਨ ਪਰ ਇਹ ਹੁਣ ਵੀ ਸੁਪਨੇ ਵਰਗਾ ਲੱਗਦਾ ਹੈ। ਵਿਸ਼ਵ ਕੱਪ ਟੀਮ ਦੇ ਜੇਤੂ ਖਿਡਾਰੀਆਂ ਨੇ ਇਸ ਦਿਨ ਨੂੰ ਯਾਦ ਕੀਤਾ। ਗੰਭੀਰ ਨੇ ਟਵੀਟ ਕਰ ਕੇ ਕਿਹਾ, ''ਵਿਸ਼ਵ ਕੱਪ ਭਾਰਤ ਨੇ, ਭਾਰਤ ਲਈ ਤੇ ਭਾਰਤ ਦੇ ਨਾਲ ਮਿਲ ਕੇ ਜਿੱਤਿਆ ਸੀ।'' ਹਰਭਜਨ ਨੇ ਟਵੀਟ ਕਰ ਕੇ ਕਿਹਾ, ''2011 ਵਿਸ਼ਵ ਕੱਪ ਜਿੱਤਣਾ। ਉਹ ਵੀ ਕੀ ਦਿਨ ਸੀ। ਇਹ ਦਿਨ ਭਾਰਤੀਆਂ ਲਈ ਬੇਹੱਦ ਮਾਣ ਦਾ ਪਲ ਸੀ।'' 

 PunjabKesari
ਸੈਮੀਫਾਈਨਲ 'ਚ ਪੁਰਾਣੇ ਵਿਰੋਧੀ ਪਾਕਿਸਤਾਨ ਨੂੰ ਵੀ ਕੀਤਾ ਸੀ ਚਿੱਤ 
ਸੈਮੀਫਾਈਨਲ ਵਿਚ ਭਾਰਤ ਦਾ ਮੁਕਾਬਲਾ ਪੁਰਾਣੇ ਵਿਰੋਧੀ ਪਾਕਿਸਤਾਨ ਨਾਲ ਸੀ ਅਤੇ ਪੂਰਾ ਦੇਸ਼ ਇਸ ਨੂੰ ਫਾਈਨਲ ਦੇ ਰੂਪ ਵਿਚ ਦੇਖ ਰਿਹਾ ਸੀ। ਇਹ ਮੈਚ ਮੋਹਾਲੀ ਵਿਚ ਆਯੋਜਿਤ ਕੀਤਾ ਗਿਆ ਤੇ ਇਸ ਮੈਚ ਨੂੰ ਦੇਖਣ ਲਈ ਭਾਰਤ ਦੇ ਤਤਕਾਲੀਨ ਪ੍ਰਧਾਨ ਮੰਤਰੀ ਮਨਮੋਹਨ ਸਿੰਘ ਤੇ ਪਾਕਿਸਤਾਨ ਦੇ ਤਤਕਾਲੀਨ ਪ੍ਰਧਾਨ ਮੰਤਰੀ ਯੂਸਫ ਰਜ਼ਾ ਗਿਲਾਨੀ ਵੀ ਸਟੇਡੀਅਮ ਵਿਚ ਮੌਜੂਦ ਸਨ। ਭਾਰਤ ਨੇ ਸੈਮੀਫਾਈਨਲ ਵਿਚ ਪਾਕਿਸਤਾਨ ਨੂੰ 29 ਦੌੜਾਂ ਨਾਲ ਹਰਾਇਆ ਅਤੇ ਇਸਦੇ ਨਾਲ ਹੀ ਫਾਈਨਲ ਵਿਚ ਜਗ੍ਹਾ ਪੱਕੀ ਕੀਤੀ। ਪਾਕਿਸਤਾਨ ਵਿਸ਼ਵ ਕੱਪ ਵਿਚ ਭਾਰਤ ਹੱਥੋਂ ਆਪਣੀ ਹਾਰ ਦਾ ਸਿਲਸਿਲਾ ਨਹੀਂ ਤੋੜ ਸਕਿਆ ਤੇ ਇਸ ਹਾਰ ਦੇ ਨਾਲ ਹੀ ਉਸਦਾ ਸਫਰ ਟੂਰਨਾਮੈਂਟ 'ਚ ਖਤਮ ਹੋ ਗਿਆ। 

PunjabKesari
1983 ਵਿਚ ਕਪਿਲ ਦੇਵ ਦੀ ਅਗਵਾਈ ਵਿਚ ਭਾਰਤ ਨੇ ਪਹਿਲੀ ਵਾਰ ਜਿੱਤਿਆ ਸੀ ਵਿਸ਼ਵ ਕੱਪ 
2011 ਤੋਂ ਪਹਿਲਾਂ ਭਾਰਤ ਨੇ 1983 ਵਿਚ ਕਪਿਲ ਦੇਵ ਦੀ ਅਗਵਾਈ ਵਿਚ ਪਹਿਲੀ ਵਾਰ ਵਿਸ਼ਵ ਕੱਪ ਜਿੱਤਿਆ ਸੀ। ਇਸ ਤੋਂ ਬਾਅਦ 2003 ਵਿਚ ਟੀਮ ਕਪਤਾਨ ਸੌਰਭ ਗਾਂਗੁਲੀ ਦੀ ਅਗਵਾਈ ਵਿਚ ਫਾਈਨਲ ਤਕ ਪਹੁੰਚੀ ਪਰ ਉਸ ਨੂੰ ਖਿਤਾਬੀ ਮੁਕਾਬਲੇ ਵਿਚ ਆਸਟਰੇਲੀਆ ਹੱਥੋਂ ਹਾਰ ਦਾ ਸਾਹਮਣਾ ਕਰਨਾ ਪਿਆ।


Gurdeep Singh

Content Editor

Related News