ਬੁਮਰਾਹ ਦੀ ਧਾਕੜ ਗੇਂਦਬਾਜ਼ੀ ਨੂੰ ਲੈ ਕੇ ਇਹ ਕੀ ਕਹਿ ਗਏ ਸਾਬਕਾ ਗੇਂਦਬਾਜ਼
Tuesday, Jan 30, 2018 - 10:38 AM (IST)

ਨਵੀਂ ਦਿੱਲੀ (ਬਿਊਰੋ)— ਭਾਵੇਂ ਭਾਰਤੀ ਟੀਮ ਦੱਖਣ ਅਫਰੀਕਾ ਖਿਲਾਫ ਟੈਸਟ ਸੀਰੀਜ਼ ਜ਼ਰੂਰ ਹਾਰ ਗਈ ਹੋਵੇ, ਪਰ ਟੀਮ ਦੇ ਗੇਂਦਬਾਜ਼ਾਂ ਦੀ ਪ੍ਰਸ਼ੰਸਾ ਹਰ ਕੋਈ ਕਰ ਰਿਹਾ ਹੈ। ਸੀਰੀਜ਼ ਦੇ ਤਿੰਨਾਂ ਮੈਚਾਂ ਵਿਚ ਭਾਰਤੀ ਗੇਂਦਬਾਜ਼ਾਂ ਨੇ ਦਮਦਾਰ ਪ੍ਰਦਰਸ਼ਨ ਕਰ ਕੇ ਕ੍ਰਿਕਟ ਦਿੱਗਜਾਂ ਨੂੰ ਹੈਰਾਨ ਕਰ ਦਿੱਤਾ। ਇਸ ਸੀਰੀਜ਼ ਵਿਚ ਆਪਣਾ ਟੈਸਟ ਡੈਬਿਊ ਕਰਨ ਵਾਲੇ ਭਾਰਤੀ ਗੇਂਦਬਾਜ਼ ਜਸਪ੍ਰੀਤ ਬੁਮਰਾਹ ਨੇ ਦੂਜੇ ਮੈਚ ਵਿਚ ਹੀ ਟੈਸਟ ਕਰੀਅਰ ਦੇ ਪਹਿਲੇ ਪੰਜ ਵਿਕਟ ਹਾਸਲ ਕੀਤੇ।
ਬੁਮਰਾਹ ਨੂੰ ਇੰਗਲੈਂਡ ਦੌਰੇ 'ਤੇ ਟੀਮ 'ਚ ਸ਼ਾਮਲ ਨਹੀਂ ਕਰਨਾ ਚਾਹੀਦੈ
ਵੈਸਟਇੰਡੀਜ਼ ਦੇ ਸਾਬਕਾ ਤੇਜ਼ ਗੇਂਦਬਾਜ਼ ਮਾਈਕਲ ਹੋਲਡਿੰਗ ਨੇ ਜਸਪ੍ਰੀਤ ਬੁਮਰਾਹ ਦੇ ਟੈਸਟ ਕਰੀਅਰ ਨੂੰ ਲੈ ਕੇ ਵੱਡਾ ਬਿਆਨ ਦਿੱਤਾ ਹੈ। ਹੋਲਡਿੰਗ ਮੁਤਾਬਕ ਜਸਪ੍ਰੀਤ ਬੁਮਰਾਹ ਨੂੰ ਇੰਗਲੈਂਡ ਦੌਰੇ ਉੱਤੇ ਭਾਰਤੀ ਟੀਮ ਵਿਚ ਸ਼ਾਮਲ ਨਹੀਂ ਕਰਨਾ ਚਾਹੀਦਾ ਹੈ, ਉਹ ਟੀਮ ਵਿਚ ਖੇਡਣ ਲਾਇਕ ਨਹੀਂ ਹੈ।ਜਿੱਥੇ ਇਕ ਪਾਸੇ ਕ੍ਰਿਕਟ ਦੇ ਦਿੱਗਜ ਜਸਪ੍ਰੀਤ ਬੁਮਰਾਹ ਦੀ ਪ੍ਰਸ਼ੰਸਾ ਕਰਦੇ ਨਹੀਂ ਥੱਕ ਰਹੇ ਤਾਂ ਉਥੇ ਹੀ ਹੋਲਡਿੰਗ ਨੇ ਬੁਮਰਾਹ ਦੇ ਗੇਂਦਬਾਜ਼ੀ ਟੈਲੇਂਟ ਉੱਤੇ ਸਵਾਲ ਖੜ੍ਹਾ ਕਰ ਦਿੱਤਾ ਹੈ। ਮਾਈਕਲ ਹੋਲਡਿੰਗ ਨੇ ਕਿਹਾ,''ਜਸਪ੍ਰੀਤ ਬੁਮਰਾਹ ਇੰਗਲੈਂਡ ਵਿਚ ਚੰਗੀ ਗੇਂਦਬਾਜ਼ੀ ਨਹੀਂ ਕਰ ਪਾਉਣਗੇ, ਉਹ ਨਵੀਂ ਗੇਂਦ ਨਾਲ ਉੱਥੋਂ ਦੀਆਂ ਪਿੱਚਾਂ ਉੱਤੇ ਗੇਂਦਬਾਜ਼ੀ ਕਰਨ ਲਾਇਕ ਨਹੀਂ ਹਨ। ਨਵੀਂ ਗੇਂਦ ਦਾ ਬਿਹਤਰ ਇਸਤੇਮਾਲ ਜਸਪ੍ਰੀਤ ਬੁਮਰਾਹ ਤੋਂ ਬਿਹਤਰ ਭੁਵਨੇਸ਼ਵਰ ਕੁਮਾਰ ਕਰ ਸਕਦੇ ਹਨ। ਉਨ੍ਹਾਂ ਕੋਲ ਭਾਵੇਂ ਹੀ ਰਫਤਾਰ ਨਾ ਹੋਵੇ, ਪਰ ਉਹ ਨਵੀਂ ਗੇਂਦ ਦਾ ਪ੍ਰਯੋਗ ਕਰਨਾ ਬਖੂਬੀ ਜਾਣਦੇ ਹਨ।''
ਇੰਗਲੈਂਡ ਦੀਆਂ ਪਿੱਚਾਂ ਦੱਖਣ ਅਫਰੀਕਾ ਤੋਂ ਬਿਲਕੁਲ ਅਲੱਗ
ਹੋਲਡਿੰਗ ਨੇ ਕਿਹਾ, ''ਇੰਗਲੈਂਡ ਦੀਆਂ ਪਿੱਚਾਂ ਦੱਖਣ ਅਫਰੀਕਾ ਤੋਂ ਬਿਲਕੁਲ ਅਲੱਗ ਹੋਣਗੀਆਂ। ਭਾਰਤੀ ਕਪਤਾਨ ਵਿਰਾਟ ਕੋਹਲੀ ਨੂੰ ਪਹਿਲਾਂ ਤੋਂ ਹੀ ਆਪਣੀ ਤੇਜ਼ ਗੇਂਦਬਾਜ਼ੀ ਨੂੰ ਬਿਹਤਰ ਢੰਗ ਨਾਲ ਤਿਆਰ ਕਰਨਾ ਹੋਵੇਗਾ। ਇਸ਼ਾਂਤ ਸ਼ਰਮਾ ਅਤੇ ਮੁਹੰਮਦ ਸ਼ਮੀ ਵੀ ਉੱਥੋਂ ਦੀਆਂ ਪਿਚਾਂ ਉੱਤੇ ਵਧੀਆ ਗੇਂਦਬਾਜ਼ ਸਾਬਤ ਹੋ ਸਕਦੇ ਹਨ। ਉਨ੍ਹਾਂ ਨੇ ਕਿਹਾ ਕਿ ਜੇਕਰ ਮੈਂ ਭਾਰਤੀ ਟੀਮ ਦਾ ਕਪਤਾਨ ਹੁੰਦਾ ਤਾਂ ਬੁਮਰਾਹ ਨੂੰ ਇੰਗਲੈਂਡ ਦੌਰੇ ਲਈ ਟੀਮ ਵਿਚ ਸ਼ਾਮਲ ਨਹੀਂ ਕਰਦਾ। ਹੋਲਡਿੰਗ ਮੁਤਾਬਕ ਬੁਮਰਾਹ ਅੱਗੇ ਗੇਂਦ ਸੁੱਟਣ ਵਿਚ ਸਮਰੱਥਾਵਾਨ ਨਹੀਂ ਹੈ।''
ਸ਼ਮੀ ਤੇ ਭੁਵੀ ਦੀ ਕੀਤੀ ਖੂਬ ਤਾਰੀਫ
ਹੋਲਡਿੰਗ ਨੇ ਕਿਹਾ,”''ਦੱਖਣ ਅਫਰੀਕਾ ਖਿਲਾਫ ਟੈਸਟ ਸੀਰੀਜ਼ ਵਿਚ ਜਸਪ੍ਰੀਤ ਬੁਮਰਾਹ ਨੇ ਜ਼ਿਆਦਤਰ ਗੇਂਦਾਂ ਨੂੰ ਹੇਠਾਂ ਜ਼ੋਰ ਨਾਲ ਪਟਕਨ ਦਾ ਕੰਮ ਕੀਤਾ ਹੈ। ਇਕ ਤੇਜ਼ ਗੇਂਦਬਾਜ਼ ਕਦੇ ਇਸ ਤਰ੍ਹਾਂ ਦੀਆਂ ਗਲਤੀਆਂ ਨਹੀਂ ਕਰਨਾ ਚਾਹੇਗਾ। ਬੁਮਰਾਹ ਨੂੰ ਗੇਂਦ ਨੂੰ ਅੱਗੇ ਸੁੱਟਣ ਦੀ ਪ੍ਰੈਕਟਿਸ ਕਰਨੀ ਚਾਹੀਦੀ ਹੈ। ਬੁਮਰਾਹ ਦੀ ਰਫਤਾਰ ਜ਼ਿਆਦਾ ਹੈ, ਇਸ ਵਜ੍ਹਾ ਨਾਲ ਬੱਲੇਬਾਜ਼ਾਂ ਨੂੰ ਉਨ੍ਹਾਂ ਦੀ ਪਟਕੀਆਂ ਹੋਈਆਂ ਗੇਂਦਾਂ ਨੂੰ ਖੇਡਣ ਵਿਚ ਪਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈਂਦਾ ਹੈ। ਇਸਦੇ ਇਲਾਵਾ ਹੋਲਡਿੰਗ ਨੇ ਭੁਵਨੇਸ਼ਵਰ ਕੁਮਾਰ, ਇਸ਼ਾਂਤ ਸ਼ਰਮਾ ਅਤੇ ਮੁਹੰਮਦ ਸ਼ਮੀ ਦੀ ਖੂਬ ਤਾਰੀਫ ਕੀਤੀ।