ਮਹਿਲਾ ਵਰਗ ''ਚ ਖਿਤਾਬ ''ਤੇ ਪੱਛਮੀ ਰੇਲਵੇ ਦਾ ਲਗਾਤਾਰ ਦੂਜੇ ਸਾਲ ਕਬਜ਼ਾ

10/30/2017 5:25:50 AM

ਜਲੰਧਰ (ਰਾਹੁਲ)— 34ਵੇਂ ਇੰਡੀਅਨ ਆਇਲ ਸਰਵੋ ਸੁਰਜੀਤ ਹਾਕੀ ਟੂਰਨਾਮੈਂਟ ਦੇ ਮਹਿਲਾ ਵਰਗ 'ਚ ਸਾਬਕਾ ਜੇਤੂ ਪੱਛਮੀ ਰੇਲਵੇ ਮੁੰਬਈ ਦੀ ਟੀਮ ਨੇ ਰੇਲ ਕੋਚ ਫੈਕਟਰੀ ਕਪੂਰਥਲਾ ਦਾ ਡੱਬਾ ਗੋਲ ਕਰ ਕੇ ਖਿਤਾਬ 'ਤੇ ਲਗਾਤਾਰ ਦੂਜੇ ਸਾਲ ਕਬਜ਼ਾ ਕੀਤਾ ਹੈ।
ਸਥਾਨਕ ਉਲੰਪੀਅਨ ਸੁਰਜੀਤ ਹਾਕੀ ਸਟੇਡੀਅਮ ਵਿਚ ਜਾਰੀ ਇਸ ਟੂਰਨਾਮੈਂਟ ਦੇ ਸੱਤਵੇਂ ਦਿਨ ਮਹਿਲਾ ਵਰਗ ਦੇ ਫਾਈਨਲ ਮੁਕਾਬਲੇ ਵਿਚ ਪੱਛਮੀ ਰੇਲਵੇ ਮੁੰਬਈ ਨੇ ਆਪਣੇ ਤਜਰਬੇ ਅਤੇ ਤੇਜ਼ਤਰਾਰ ਖੇਡ ਦੇ ਕਾਰਨ ਰੇਲ ਕੋਚ ਫੈਕਟਰੀ ਕਪੂਰਥਲਾ ਦੀ ਟੀਮ ਨੂੰ 2-1 ਨਾਲ ਹਰਾ ਕੇ ਖਿਤਾਬ 'ਤੇ ਕਬਜ਼ਾ ਕੀਤਾ। ਟੀਮਾਂ ਅੱਧੇ ਸਮੇਂ ਤੱਕ 1-1 ਦੀ ਬਰਾਬਰੀ 'ਤੇ ਸਨ। ਪੱਛਮੀ ਰੇਲਵੇ ਮੁੰਬਈ ਵੱਲੋਂ ਪਹਿਲਾ ਗੋਲ ਮੈਚ ਦੇ 16ਵੇਂ ਮਿੰਟ ਵਿਚ ਸਰਿਤਾ ਬਾਰਲਾ ਨੇ ਸ਼ਾਨਦਾਰ ਮੈਦਾਨੀ ਗੋਲ ਰਾਹੀਂ ਕੀਤਾ। ਰੇਲ ਕੋਚ ਫੈਕਟਰੀ ਕਪੂਰਥਲਾ ਵੱਲੋਂ ਲਾਲਰੋਤਫੈਲੀ ਨੇ 18ਵੇਂ ਮਿੰਟ ਵਿਚ ਪੈਨਲਟੀ ਕਾਰਨਰ ਨੂੰ ਗੋਲ ਵਿਚ ਤਬਦੀਲ ਕਰ ਕੇ ਟੀਮਾਂ ਨੂੰ 1-1 ਦੀ ਬਰਾਬਰੀ 'ਤੇ ਲਿਆ ਖੜ੍ਹਾ ਕੀਤਾ। ਇਹ ਬਰਾਬਰੀ ਅੱਧੇ ਸਮੇਂ ਤੱਕ ਬਰਕਰਾਰ ਰਹੀ। ਜੇਤੂ ਪੱਛਮੀ ਰੇਲਵੇ ਵੱਲੋਂ ਦੂਜਾ ਅਤੇ ਆਖਰੀ ਗੋਲ ਖੇਡ ਦੇ 40ਵੇਂ ਮਿੰਟ ਵਿਚ ਪ੍ਰੀਤੀ ਦੂਬੇ ਨੇ ਖੱਬੇ ਕਿਨਾਰੇ ਤੋਂ ਤਿਰਛੀ ਹਿੱਟ ਰਾਹੀਂ ਕੀਤਾ। 
ਜੇਤੂਆਂ ਨੂੰ ਸ਼੍ਰੀਮਤੀ ਅਨੀਤਾ ਪੁੰਜ (ਆਈ. ਪੀ. ਐੱਸ.) ਆਈ. ਜੀ. ਕਮ ਡਾਇਰੈਕਟਰ ਪੰਜਾਬ ਪੁਲਸ ਅਕੈਡਮੀ ਫਿਲੌਰ ਨੇ ਸਨਮਾਨਿਤ ਕੀਤਾ। ਜੇਤੂ ਟੀਮ ਨੂੰ ਇਕ ਲੱਖ ਰੁਪਏ (ਹਰਦੀਪ ਸਿੰਘ ਕੁਲਾਰ (ਇੰਗਲੈਂਡ) ਵੱਲੋਂ ਆਪਣੀ ਮਾਤਾ ਮਹਿੰਦਰ ਕੌਰ ਦੀ ਯਾਦ ਵਿਚ ਸਪਾਂਸਰ) ਅਤੇ ਉਪ ਜੇਤੂ ਨੂੰ 75 ਹਜ਼ਾਰ ਰੁਪਏ (ਇਨੋਸੈਂਟ ਹਾਰਟ ਗਰੁੱਪ ਵੱਲੋਂ ਕਮਲੇਸ਼ ਬੋਹਰੀ ਦੀ ਯਾਦ ਵਿਚ ਸਪਾਂਸਰ) ਦਿੱਤਾ ਗਿਆ। ਸੀ. ਆਰ. ਪੀ. ਐੱਫ. ਦਿੱਲੀ ਦੀ ਟੀਮ ਨੂੰ ਫੇਅਰ ਪਲੇਅ ਟਰਾਫੀ ਨਾਲ ਸਨਮਾਨਤ ਕੀਤਾ ਗਿਆ। ਇਸ ਤੋਂ ਪਹਿਲਾਂ ਪੁਰਸ਼ ਵਰਗ ਦੇ ਪੂਲ-ਡੀ 'ਚੋਂ ਪੰਜਾਬ ਐੈਂਡ ਸਿੰਧ ਬੈਂਕ ਦੀ ਟੀਮ ਨੇ ਏਅਰ ਇੰਡੀਆ ਨੂੰ 4-3 ਨਾਲ ਹਰਾ ਕੇ ਚਾਰ ਅੰਕ ਜੋੜਦੇ ਹੋਏ ਸੈਮੀਫਾਈਨਲ ਵਿਚ ਦਾਖਲਾ ਹਾਸਲ ਕੀਤਾ।
ਪੁਰਸ਼ ਵਰਗ ਦੇ ਪੂਲ-ਡੀ 'ਚੋਂ ਪੰਜਾਬ ਐਂਡ ਸਿੰਧ ਬੈਂਕ ਅਤੇ ਏਅਰ ਇੰਡੀਆ ਦੀਆਂ ਟੀਮਾਂ ਵਿਚਾਲੇ ਆਖਰੀ ਲੀਗ ਮੈਚ ਖੇਡਿਆ ਗਿਆ। ਏਅਰ ਇੰਡੀਆ ਟੀਮ ਨੇ ਸ਼ਾਨਦਾਰ ਖੇਡ ਪ੍ਰਦਰਸ਼ਨ ਕਰਦੇ ਹੋਏ ਮੈਚ 'ਤੇ ਆਪਣੀ ਪਕੜ ਮਜ਼ਬੂਤ ਬਣਾ ਲਈ ਸੀ। ਏਅਰ ਇੰਡੀਆ ਦੇ ਹਰਸਾਹਿਬ ਸਿੰਘ ਸ਼ੰਮੀ ਨੇ 13ਵੇਂ ਅਤੇ 23ਵੇਂ ਮਿੰਟ ਵਿਚ ਸ਼ਾਨਦਾਰ ਮੈਦਾਨੀ ਗੋਲ ਕਰ ਕੇ ਟੀਮ ਨੂੰ 2-0 ਦੀ ਲੀਡ ਦਿਵਾ ਦਿੱਤੀ ਸੀ। ਬੈਂਕ ਟੀਮ ਦੀ ਫਾਰਵਰਡ ਲਾਈਨ ਦੇ ਖਿਡਾਰੀਆਂ ਨੇ ਮੈਚ ਵਿਚ ਸ਼ਾਨਦਾਰ ਵਾਪਸੀ ਕੀਤੀ। 26ਵੇਂ ਮਿੰਟ ਵਿਚ ਅਸ਼ੀਸ਼ ਪਾਲ ਅਤੇ 29ਵੇਂ ਮਿੰਟ ਵਿਚ ਮਨਿੰਦਰ ਸਿੰਘ ਨੇ ਸ਼ਾਨਦਾਰ ਮੈਦਾਨੀ ਗੋਲ ਕਰ ਕੇ ਟੀਮ ਨੂੰ 2-2 ਦੀ ਬਰਾਬਰੀ 'ਤੇ ਲਿਆ ਖੜ੍ਹਾ ਕੀਤਾ। ਟੀਮਾਂ ਦੀ ਇਹ ਬਰਾਬਰੀ ਅੱਧੇ ਸਮੇਂ ਤੱਕ ਕਾਇਮ ਰਹੀ।
ਅੱਧੇ ਸਮੇਂ ਤੋਂ ਬਾਅਦ ਏਅਰ ਇੰਡੀਆ ਦੀ ਟੀਮ ਨੂੰ 37ਵੇਂ ਮਿੰਟ ਵਿਚ ਪੈਨਲਟੀ ਕਾਰਨਰ ਮਿਲਿਆ, ਜਿਸ ਦੌਰਾਨ ਜੋਗਿੰਦਰ ਸਿੰਘ ਨੇ ਗੋਲ ਕਰ ਕੇ ਟੀਮ ਨੂੰ 3-2 ਨਾਲ ਅੱਗੇ ਕਰ ਦਿੱਤਾ। ਬੈਂਕ ਵੱਲੋਂ 56ਵੇਂ ਮਿੰਟ ਗਗਨਪ੍ਰੀਤ ਸਿੰਘ ਨੇ ਮੈਦਾਨੀ ਗੋਲ ਦਾਗ ਕੇ ਟੀਮਾਂ ਨੂੰ 3-3 ਦੀ ਬਰਾਬਰੀ ਤੇ ਲਿਆ ਖੜ੍ਹਾ ਕੀਤਾ। ਮਿੱਥੇ ਸਮੇਂ ਤੋਂ ਸਿਰਫ਼ 2 ਮਿੰਟ ਪਹਿਲਾਂ ਅਸ਼ੀਸ਼ ਪਾਲ ਨੇ ਬੈਂਕ ਵੱਲੋਂ ਸ਼ਾਨਦਾਰ ਮੈਦਾਨੀ ਗੋਲ ਦਾਗ ਕੇ ਸਕੋਰ 4-3 ਕਰ ਦਿੱਤਾ, ਜਿਹੜਾ ਆਖਰੀ ਸਕੋਰ ਸਾਬਿਤ ਹੋਇਆ। ਬੈਂਕ ਟੀਮ ਦੇ ਇਸ ਪੂਲ ਵਿਚ ਦੋ ਮੈਚਾਂ ਤੋਂ ਬਾਅਦ 4 ਅੰਕ ਹੋ ਗਏ, ਜਦਕਿ ਏਅਰ ਇੰਡੀਆ ਦੇ 3 ਅਤੇ ਕੈਗ ਦਾ ਸਿਰਫ਼ 1 ਹੀ ਅੰਕ ਬਣਿਆ ਸੀ। ਸੈਮੀਫਾਈਨਲ ਮੈਚ 30 ਅਕਤੂਬਰ ਨੂੰ ਖੇਡੇ ਜਾਣਗੇ, ਜਿਸ ਦੇ ਤਹਿਤ ਪੰਜਾਬ ਐੈਂਡ ਸਿੰਧ ਬੈਂਕ ਦਾ ਮੁਕਾਬਲਾ ਓ. ਐੱਨ. ਜੀ. ਸੀ. ਅਤੇ ਪੰਜਾਬ ਪੁਲਸ ਦਾ ਮੈਚ ਇੰਡੀਅਨ ਆਇਲ ਦੇ ਨਾਲ ਹੋਵੇਗਾ।


Related News