ਪੱਛਮੀ ਬੰਗਾਲ ’ਚ ਰਾਜਪਾਲ ''ਤੇ ਛੇੜਛਾੜ ਦਾ ਦੋਸ਼, ਮਮਤਾ ਨੇ ਕਿਹਾ- ਖ਼ਬਰ ਸੁਣ ਕੇ ਰੋ ਰਿਹਾ ਹੈ ਮੇਰਾ ਦਿਲ
Saturday, May 04, 2024 - 10:42 AM (IST)
ਕੋਲਕਾਤਾ (ਏਜੰਸੀਆਂ)- ਪੱਛਮੀ ਬੰਗਾਲ ਦੇ ਰਾਜਪਾਲ ਸੀ. ਵੀ. ਆਨੰਦ ਬੋਸ ਵਲੋਂ ਇਕ ਔਰਤ ਨਾਲ ਛੇੜਛਾੜ ਕਰਨ ਨੂੰ ਲੈ ਕੇ ਸਿਆਸੀ ਹਲਕਿਆਂ ਵਿਚ ਬਵਾਲ ਮਚ ਗਿਆ ਹੈ। ਵੀਰਵਾਰ ਇਕ ਔਰਤ ਨੇ ਬੋਸ ’ਤੇ ਉਸ ਨੂੰ ਗਲਤ ਤਰੀਕੇ ਨਾਲ ਛੂਹਣ ਦਾ ਦੋਸ਼ ਲਾਇਆ ਸੀ। ਮੁੱਖ ਮੰਤਰੀ ਤੇ ਤ੍ਰਿਣਮੂਲ ਕਾਂਗਰਸ ਦੀ ਮੁਖੀ ਮਮਤਾ ਬੈਨਰਜੀ ਨੇ ਰਾਜ ਭਵਨ ’ਚ ਇੱਕ ਮਹਿਲਾ ਮੁਲਾਜ਼ਮ ਨਾਲ ਕਥਿਤ ਤੌਰ ’ਤੇ ਦੁਰਵਿਵਹਾਰ ਕਰਨ ਲਈ ਰਾਜਪਾਲ ਨੂੰ ਲੰਬੇ ਹੱਥੀਂ ਲਿਆ ਹੈ। ਮਮਤਾ ਨੇ ਕਿਹਾ ਕਿ ਰਾਜ ਭਵਨ ’ਚ ਔਰਤ ਨਾਲ ਛੇੜਛਾੜ ਦੀ ਖ਼ਬਰ ਸੁਣ ਕੇ ਉਨ੍ਹਾਂ ਦਾ ਦਿਲ ਰੋ ਰਿਹਾ ਹੈ। ਉਨ੍ਹਾਂ ਇਸ ਨੂੰ ਸ਼ਰਮਨਾਕ ਕਰਾਰ ਦਿੱਤਾ ਅਤੇ ਕਿਹਾ ਕਿ ਮੈਂ ਪੀੜਤਾ ਦੇ ਇਲਜ਼ਾਮ ਦੀ ਵੀਡੀਓ ਵੇਖੀ ਹੈ। ਸੰਦੇਸ਼ਖਾਲੀ ਦੀ ਗੱਲ ਕਰਨ ਤੋਂ ਪਹਿਲਾਂ ਭਾਜਪਾ ਨੂੰ ਜਵਾਬ ਦੇਣਾ ਚਾਹੀਦਾ ਹੈ ਕਿ ਰਾਜਪਾਲ ਨੇ ਰਾਜ ਭਵਨ ’ਚ ਕੰਮ ਕਰਨ ਵਾਲੀ ਮਹਿਲਾ ਮੁਲਾਜ਼ਮ ਨਾਲ ਅਜਿਹਾ ਕਿਉਂ ਕੀਤਾ। ਮਮਤਾ ਨੇ ਹੈਰਾਨੀ ਜਤਾਈ ਕਿ ਬੀਤੀ ਰਾਤ ਰਾਜ ਭਵਨ ਆਏ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਇਸ ਮੁੱਦੇ ’ਤੇ ਇੱਕ ਸ਼ਬਦ ਵੀ ਕਿਉਂ ਨਹੀਂ ਕਿਹਾ?
ਸ਼ੁਭੇਂਦੂ ਅਧਿਕਾਰੀ ਨੇ ਕਿਹਾ- ਮਾਮਲਾ ਸਹੀ ਹੈ ਤਾਂ ਹੋਵੇਗੀ ਕਾਰਵਾਈ
ਰਾਜਪਾਲ ’ਤੇ ਲੱਗੇ ਦੋਸ਼ਾਂ ਬਾਰੇ ਭਾਜਪਾ ਨੇਤਾ ਸ਼ੁਭੇਂਦੂ ਅਧਿਕਾਰੀ ਨੇ ਕਿਹਾ ਕਿ ਇਹ ਵੇਖਣਾ ਹੋਵੇਗਾ ਕਿ ਦੋਸ਼ ਸੱਚ ਹਨ ਜਾਂ ਕੋਈ ਸਾਜ਼ਿਸ਼ ਹੈ। 26,000 ਅਧਿਆਪਕਾਂ ਦੀਆਂ ਨੌਕਰੀਆਂ ਗਈਆਂ, ਤ੍ਰਿਣਮੂਲ ਸੰਦੇਸ਼ਖਾਲੀ ਮੁੱਦੇ ’ਤੇ ਘਿਰੀ ਹੋਈ ਹੈ। ਹੁਣ ਵੇਖਣਾ ਇਹ ਹੋਵੇਗਾ ਕਿ ਇਹ ਸ਼ਿਕਾਇਤ ਸਿਆਸੀ ਸਾਜ਼ਿਸ਼ ਹੈ ਜਾਂ ਨਹੀਂ। ਜੇ ਇਹ ਸਹੀ ਹੈ ਤਾਂ ਕੇਂਦਰ ਸਰਕਾਰ ਜ਼ਰੂਰ ਕਾਰਵਾਈ ਕਰੇਗੀ।
ਰਾਜ ਭਵਨ ’ਚ ਪੁਲਸ ਦੇ ਦਾਖ਼ਲੇ ’ਤੇ ਪਾਬੰਦੀ
ਪੁਲਸ ਦੇ ਰਾਜ ਭਵਨ ਅੰਦਰ ਜਾਣ ’ਤੇ ਪਾਬੰਦੀ ਲਾ ਦਿੱਤੀ ਗਈ ਹੈ। ਇਸ ਦੇ ਨਾਲ ਹੀ ਰਾਜਪਾਲ ਨੇ ਰਾਜ ਮੰਤਰੀ ਚੰਦਰਿਮਾ ਭੱਟਾਚਾਰੀਆ ਦੇ ਦਾਖ਼ਲੇ ’ਤੇ ਵੀ ਪਾਬੰਦੀ ਲਾ ਦਿੱਤੀ ਹੈ। ਰਾਜਪਾਲ ਨੇ ਚੰਦਰਿਮਾ ’ਤੇ ਸੰਵਿਧਾਨ ਵਿਰੋਧੀ ਬਿਆਨ ਦੇਣ ਦਾ ਦੋਸ਼ ਲਾਇਆ ਹੈ। ਉਨ੍ਹਾਂ ਮੰਤਰੀ ਵਿਰੁੱਧ ਕਾਰਵਾਈ ਲਈ ਅਟਾਰਨੀ ਜਨਰਲ ਤੋਂ ਸਲਾਹ ਮੰਗੀ ਹੈ।
ਰਾਜਪਾਲ ਨੇ ਕਿਹਾ-ਚੋਣ ਲਾਭ ਲਈ ਮੇਰਾ ਅਕਸ ਕੀਤਾ ਜਾ ਰਿਹਾ ਹੈ ਖ਼ਰਾਬ
ਇਨ੍ਹਾਂ ਗੰਭੀਰ ਦੋਸ਼ਾਂ ’ਤੇ ਪਹਿਲੀ ਵਾਰ ਰਾਜਪਾਲ ਦੀ ਪ੍ਰਤੀਕਿਰਿਆ ਸਾਹਮਣੇ ਆਈ ਹੈ। ਉਨ੍ਹਾਂ ਕਿਹਾ ਕਿ ਸੱਚ ਦੀ ਜਿੱਤ ਹੋਣੀ ਹੈ। ਜੇ ਕਿਸੇ ਨੂੰ ਲੱਗਦਾ ਹੈ ਕਿ ਉਹ ਮੇਰੇ ਅਕਸ ਨੂੰ ਖਰਾਬ ਕਰ ਕੇ ਚੋਣਾਂ ’ਚ ਫਾਇਦਾ ਉਠਾ ਸਕਦੇ ਹਨ ਤਾਂ ਪ੍ਰਮਾਤਮਾ ਉਨ੍ਹਾਂ ਦਾ ਭਲਾ ਕਰੇ, ਪਰ ਮੈਂਨੂੰ ਭ੍ਰਿਸ਼ਟਾਚਾਰ ਅਤੇ ਬੰਗਾਲ ਦੀ5 ਹਿੰਸਾ ਵਿਰੁੱਧ ਆਵਾਜ਼ ਉਠਾਉਣ ਤੋਂ ਕੋਈ ਨਹੀਂ ਰੋਕ ਸਕਦਾ। ਰਾਜ ਭਵਨ ਦੇ ਸੂਤਰਾਂ ਨੇ ਪੀੜਤ ਔਰਤ ਬਾਰੇ ਵੱਡਾ ਦਾਅਵਾ ਕੀਤਾ ਹੈ। ਸੂਤਰਾਂ ਨੇ ਕਿਹਾ ਕਿ ਮਹਿਲਾ ਮੁਲਾਜ਼ਮ ਆਪਣੇ ਦੂਜੇ ਸਾਥੀ ਨਾਲ ਮਿਲ ਕੇ ਲੋਕਾਂ ਦੀਆਂ ਸ਼ਿਕਾਇਤਾਂ ਚੋਣ ਕਮਿਸ਼ਨ ਤੱਕ ਨਹੀਂ ਪਹੁੰਚਣ ਦੇ ਰਹੀ ਸੀ। ਜਦੋਂ ਉਸ ਤੋਂ ਪੁੱਛਗਿੱਛ ਕੀਤੀ ਗਈ ਤਾਂ ਉਸ ਨੇ ਰਾਜਪਾਲ ’ਤੇ ਸੈਕਸ ਸ਼ੋਸ਼ਣ ਦਾ ਦੋਸ਼ ਲਾ ਦਿੱਤਾ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8