351 ਦੌੜਾਂ ਬਣਾ ਕੇ ਵੀ ਹਾਰ ਗਿਆ ਭਾਰਤ, ਵੈਸਟਇੰਡੀਜ਼ ਨੇ ਕੀਤਾ ਰਿਕਾਰਡ ਚੇਜ਼

Sunday, Oct 04, 2026 - 12:22 AM (IST)

351 ਦੌੜਾਂ ਬਣਾ ਕੇ ਵੀ ਹਾਰ ਗਿਆ ਭਾਰਤ, ਵੈਸਟਇੰਡੀਜ਼ ਨੇ ਕੀਤਾ ਰਿਕਾਰਡ ਚੇਜ਼

ਸਪੋਰਟਸ ਡੈਸਕ : ਨਿਊ ਚੰਡੀਗੜ੍ਹ ਦੇ ਪੀ.ਸੀ.ਏ. ਇੰਟਰਨੈਸ਼ਨਲ ਸਟੇਡੀਅਮ ਵਿਖੇ ਖੇਡੇ ਗਏ ਤੀਜੇ ਅਤੇ ਆਖਰੀ ਵਨਡੇ ਮੈਚ ਵਿੱਚ ਵੈਸਟਇੰਡੀਜ਼ ਨੇ ਭਾਰਤੀ ਟੀਮ ਨੂੰ 5 ਵਿਕਟਾਂ ਨਾਲ ਹਰਾ ਕੇ ਇਤਿਹਾਸਕ ਜਿੱਤ ਦਰਜ ਕੀਤੀ ਹੈ। ਭਾਰਤ ਨੇ ਪਹਿਲਾਂ ਬੱਲੇਬਾਜ਼ੀ ਕਰਦਿਆਂ 7 ਵਿਕਟਾਂ ਦੇ ਨੁਕਸਾਨ 'ਤੇ 351 ਰਨ ਦਾ ਵਿਸ਼ਾਲ ਸਕੋਰ ਖੜ੍ਹਾ ਕੀਤਾ ਸੀ। ਜਵਾਬ ਵਿੱਚ ਵੈਸਟਇੰਡੀਜ਼ ਦੇ ਕਪਤਾਨ ਸ਼ੇ ਹੋਪ ਦੀਆਂ ਨਾਬਾਦ 162 ਦੌੜਾਂ ਦੀ ਸ਼ਾਨਦਾਰ ਪਾਰੀ ਦੀ ਬਦੌਲਤ ਟੀਮ ਨੇ 48.2 ਓਵਰਾਂ ਵਿੱਚ 352 ਦੌੜਾਂ ਬਣਾ ਕੇ ਆਪਣੇ ਵਨਡੇ ਇਤਿਹਾਸ ਦਾ ਸਭ ਤੋਂ ਵੱਡਾ ਰਨ ਚੇਜ਼ ਪੂਰਾ ਕੀਤਾ।

ਟੌਸ ਜਿੱਤ ਕੇ ਪਹਿਲਾਂ ਬੱਲੇਬਾਜ਼ੀ ਕਰਨ ਉੱਤਰੀ ਭਾਰਤੀ ਟੀਮ ਦੀ ਸ਼ੁਰੂਆਤ ਬੇਹੱਦ ਖ਼ਰਾਬ ਰਹੀ। ਭਾਰਤੀ ਕਪਤਾਨ ਸ਼ੁਭਮਨ ਗਿੱਲ ਮਾਤਰ 1 ਰਨ ਬਣਾ ਕੇ ਜੇਡਨ ਸੀਲਸ ਦੀ ਗੇਂਦ 'ਤੇ ਆਊਟ ਹੋ ਗਏ। ਅਗਲੀ ਹੀ ਗੇਂਦ 'ਤੇ ਜੇਡਨ ਸੀਲਸ ਨੇ ਵਿਰਾਟ ਕੋਹਲੀ ਨੂੰ ਬਿਨਾਂ ਖਾਤਾ ਖੋਲੇ ਬੋਲਡ ਕਰ ਦਿੱਤਾ, ਜਿਸ ਨਾਲ ਭਾਰਤ ਨੇ 3 ਓਵਰਾਂ ਅੰਦਰ 4 ਦੌੜਾਂ 'ਤੇ ਹੀ 2 ਵੱਡੀਆਂ ਵਿਕਟਾਂ ਗੁਆ ਦਿੱਤੀਆਂ।

ਇਸ ਤੋਂ ਬਾਅਦ ਰੋਹਿਤ ਸ਼ਰਮਾ ਅਤੇ ਰਿਤੂਰਾਜ ਗਾਇਕਵਾੜ ਨੇ ਪਾਰੀ ਨੂੰ ਸੰਭਾਲਿਆ। ਰੋਹਿਤ ਨੇ 85 ਗੇਂਦਾਂ ਵਿੱਚ 92 ਰਨ (10 ਚੌਕੇ, 3 ਛੱਕੇ) ਅਤੇ ਰਿਤੂਰਾਜ ਨੇ 69 ਗੇਂਦਾਂ ਵਿੱਚ 57 ਰਨ ਬਣਾਏ। ਅੰਤ ਵਿੱਚ ਕੇ.ਐੱਲ. ਰਾਹੁਲ ਨੇ 87 ਗੇਂਦਾਂ 'ਚ ਨਾਬਾਦ 129 ਰਨਾਂ ਦੀ ਪਾਰੀ ਖੇਡ ਕੇ ਭਾਰਤ ਦਾ ਸਕੋਰ 50 ਓਵਰਾਂ ਵਿੱਚ 7 ਵਿਕਟਾਂ 'ਤੇ 351 ਰਨ ਤੱਕ ਪਹੁੰਚਾਇਆ।

352 ਦੌੜਾਂ ਦੇ ਟੀਚੇ ਦਾ ਪਿੱਛਾ ਕਰਨ ਉੱਤਰੀ ਵੈਸਟਇੰਡੀਜ਼ ਟੀਮ ਦੇ ਓਪਨਰ ਜੁਏਲ ਐਂਡਰਿਊ ਉਂਗਲੀ ਦੀ ਸੱਟ ਕਾਰਨ ਬੱਲੇਬਾਜ਼ੀ ਲਈ ਨਹੀਂ ਆ ਸਕੇ, ਜਿਸ ਤੋਂ ਬਾਅਦ ਕਪਤਾਨ ਸ਼ੇ ਹੋਪ ਖੁਦ ਪਾਰੀ ਦੀ ਸ਼ੁਰੂਆਤ ਕਰਨ ਉੱਤਰੇ। ਜੌਨ ਕੈਂਪਬੈੱਲ ਨੂੰ ਮੁਹੰਮਦ ਸਿਰਾਜ ਨੇ ਜਲਦੀ ਬੋਲਡ ਕਰ ਦਿੱਤਾ, ਪਰ ਅਮੀਰ ਜਾਂਗੂ ਨੇ 56 ਗੇਂਦਾਂ ਵਿੱਚ 67 ਦੌੜਾਂ ਬਣਾ ਕੇ ਹੋਪ ਦਾ ਵਧੀਆ ਸਾਥ ਦਿੱਤਾ। ਇਸ ਤੋਂ ਬਾਅਦ ਕੀਮੋ ਪਾਲ ਨੇ 35 ਗੇਂਦਾਂ ਵਿੱਚ 44 ਦੌੜਾਂ ਅਤੇ ਗੁਡਾਕੇਸ਼ ਮੋਤੀ ਨੇ ਨਾਬਾਦ 19 ਦੌੜਾਂ ਬਣਾਈਆਂ।

ਦੂਜੇ ਪਾਸੇ ਕਪਤਾਨ ਸ਼ੇ ਹੋਪ ਅੰਤ ਤੱਕ ਨਾਬਾਦ ਰਹੇ ਅਤੇ 143 ਗੇਂਦਾਂ ਵਿੱਚ 17 ਚੌਕਿਆਂ ਤੇ 3 ਛੱਕਿਆਂ ਦੀ ਮਦਦ ਨਾਲ 162 ਦੌੜਾਂ ਬਣਾ ਕੇ ਟੀਮ ਨੂੰ ਜਿੱਤ ਦੇ ਪਾਰ ਪਹੁੰਚਾਇਆ। ਇਸ 5 ਵਿਕਟਾਂ ਦੀ ਰੋਮਾਂਚਕ ਜਿੱਤ ਨਾਲ ਵੈਸਟਇੰਡੀਜ਼ ਨੇ ਲੜੀ 1-2 'ਤੇ ਖ਼ਤਮ ਕੀਤੀ।


 


author

Inder Prajapati

Content Editor

Related News