ਭਾਰਤ ਤੇ ਵੈਸਟਇੰਡੀਜ਼ ਵਿਚਾਲੇ ਅੱਜ ਖੇਡਿਆ ਜਾਵੇਗਾ ਟੀ20 ਮੈਚ, ਖਾਸ ਗੱਲਾਂ ''ਤੇ ਪਾਓ ਝਾਤ
Tuesday, Oct 06, 2026 - 11:41 AM (IST)
ਲਖਨਊ : ਭਾਰਤ ਅਤੇ ਵੈਸਟਇੰਡੀਜ਼ ਵਿਚਾਲੇ ਪਹਿਲਾ T20I ਮੁਕਾਬਲਾ ਅੱਜ ਮੰਗਲਵਾਰ 6 ਅਕਤੂਬਰ ਨੂੰ ਲਖਨਊ ਦੇ 'ਭਾਰਤ ਰਤਨ ਸ਼੍ਰੀ ਅਟਲ ਬਿਹਾਰੀ ਵਾਜਪਾਈ ਇੰਟਰਨੈਸ਼ਨਲ ਇੰਡੀਆ ਸਟੇਡੀਅਮ' (ਇਕਾਨਾ ਕ੍ਰਿਕਟ ਸਟੇਡੀਅਮ) ਵਿਖੇ ਖੇਡਿਆ ਜਾਵੇਗਾ। ਇਹ ਮੈਚ ਸ਼ਾਮ 7 ਵਜੇ ਤੋਂ ਸ਼ੁਰੂ ਹੋਵੇਗਾ। ਮੈਚ ਤੋਂ ਪਹਿਲਾਂ ਆਓ ਜਾਣਦੇ ਹਾਂ ਦੋਵਾਂ ਟੀਮਾਂ ਦੀ ਸੰਭਾਵਿਤ ਪਲੇਇੰਗ 11, ਪਿੱਚ ਦੀ ਸਥਿਤੀ ਅਤੇ ਮੌਸਮ ਦਾ ਹਾਲ:
ਹੈੱਡ-ਟੂ-ਹੈੱਡ ਰਿਕਾਰਡ 'ਚ ਭਾਰਤ ਦਾ ਪੱਲਾ ਭਾਰੀ
ਦੋਵਾਂ ਟੀਮਾਂ ਵਿਚਾਲੇ ਖੇਡੇ ਗਏ ਅੰਕੜਿਆਂ 'ਤੇ ਨਜ਼ਰ ਮਾਰੀਏ ਤਾਂ ਭਾਰਤੀ ਟੀਮ ਦਾ ਪੱਲਾ ਕਾਫ਼ੀ ਮਜ਼ਬੂਤ ਨਜ਼ਰ ਆ ਰਿਹਾ ਹੈ:
ਕੁੱਲ T20I ਮੈਚ: 30
ਭਾਰਤ ਜਿੱਤਿਆ: 20
ਵੈਸਟਇੰਡੀਜ਼ ਜਿੱਤਿਆ: 10
ਕਿੰਝ ਰਹੇਗੀ ਪਿੱਚ ਅਤੇ ਮੌਸਮ ਦਾ ਮਿਜਾਜ਼?
ਮੌਸਮ : ਮੁਕਾਬਲੇ ਦੌਰਾਨ ਲਖਨਊ ਦਾ ਤਾਪਮਾਨ ਲਗਭਗ 36 ਡਿਗਰੀ ਸੈਲਸੀਅਸ ਰਹਿਣ ਦਾ ਅਨੁਮਾਨ ਹੈ ਅਤੇ ਅਸਮਾਨ ਵਿੱਚ ਬੱਦਲ ਛਾਏ ਰਹਿ ਸਕਦੇ ਹਨ।
ਪਿੱਚ : ਇਕਾਨਾ ਦੀ ਪਿੱਚ ਬੱਲੇਬਾਜ਼ਾਂ ਲਈ ਮਦਦਗਾਰ ਸਾਬਤ ਹੋਣ ਦੀ ਉਮੀਦ ਹੈ, ਜਦਕਿ ਤੇਜ਼ ਗੇਂਦਬਾਜ਼ਾਂ ਨੂੰ ਵੀ ਕੁਝ ਮਦਦ ਮਿਲ ਸਕਦੀ ਹੈ। ਇੱਥੇ ਪਹਿਲੀ ਪਾਰੀ ਦਾ ਔਸਤ ਸਕੋਰ ਲਗਭਗ 161 ਦੌੜਾਂ ਹੈ।
ਟੀਚੇ ਦਾ ਪਿੱਛਾ (ਚੇਜ਼) ਕਰਨ ਵਾਲੀ ਟੀਮ ਨੂੰ ਫ਼ਾਇਦਾ
ਇਕਾਨਾ ਸਟੇਡੀਅਮ ਵਿੱਚ ਬਾਅਦ ਵਿੱਚ ਬੱਲੇਬਾਜ਼ੀ ਕਰਨ ਵਾਲੀਆਂ (ਟੀਚੇ ਦਾ ਪਿੱਛਾ ਕਰਨ ਵਾਲੀਆਂ) ਟੀਮਾਂ ਦਾ ਰਿਕਾਰਡ ਚੰਗਾ ਰਿਹਾ ਹੈ। ਅੰਕੜਿਆਂ ਮੁਤਾਬਕ, ਚੇਜ਼ ਕਰਨ ਵਾਲੀਆਂ ਟੀਮਾਂ ਦੀ ਜਿੱਤ ਦੀ ਪ੍ਰਤੀਸ਼ਤਤਾ ਲਗਭਗ 57 ਫੀਸਦੀ ਹੈ। ਅਜਿਹੇ ਵਿੱਚ ਟਾਸ ਜਿੱਤਣ ਵਾਲੀ ਟੀਮ ਪਹਿਲਾਂ ਗੇਂਦਬਾਜ਼ੀ ਕਰਨ ਦਾ ਫ਼ੈਸਲਾ ਲੈ ਸਕਦੀ ਹੈ।
ਦੋਵਾਂ ਟੀਮਾਂ ਦੀ ਸੰਭਾਵਿਤ ਪਲੇਇੰਗ 11:
ਭਾਰਤ : ਸੰਜੂ ਸੈਮਸਨ, ਅਭਿਸ਼ੇਕ ਸ਼ਰਮਾ, ਈਸ਼ਾਨ ਕਿਸ਼ਨ, ਸ਼੍ਰੇਅਸ ਅਈਅਰ, ਤਿਲਕ ਵਰਮਾ, ਨਿਤੀਸ਼ ਕੁਮਾਰ ਰੈੱਡੀ, ਸ਼ਿਵਮ ਦੁਬੇ, ਅਕਸ਼ਰ ਪਟੇਲ, ਕੁਲਦੀਪ ਯਾਦਵ, ਮਯੰਕ ਯਾਦਵ, ਅਰਸ਼ਦੀਪ ਸਿੰਘ।
ਵੈਸਟਇੰਡੀਜ਼ : ਨਿਕੋਲਸ ਪੂਰਨ, ਸ਼ਾਈ ਹੋਪ, ਸ਼ਿਮਰੋਨ ਹੇਟਮਾਇਰ, ਸ਼ੇਰਫੇਨ ਰਦਰਫ਼ੋਰਡ, ਰੋਸਟਨ ਚੇਜ਼, ਰੋਵਮੈਨ ਪੋਵੈਲ, ਰੋਮਾਰੀਓ ਸ਼ੇਫ਼ਰਡ, ਅਕੀਲ ਹੁਸੈਨ, ਮੈਥਿਊ ਫ਼ੋਰਡ, ਗੁਡਾਕੇਸ਼ ਮੋਤੀ, ਸ਼ਮਰ ਜੋਸਫ਼।
ਕੌਣ ਜਿੱਤ ਸਕਦਾ ਹੈ ਪਹਿਲਾ ਮੈਚ?
ਹੈੱਡ-ਟੂ-ਹੈੱਡ ਰਿਕਾਰਡ ਅਤੇ ਟੀਮਾਂ ਦੇ ਮੌਜੂਦਾ ਸੰਤੁਲਨ ਨੂੰ ਦੇਖਦੇ ਹੋਏ ਭਾਰਤ ਨੂੰ ਇਸ ਮੈਚ ਵਿੱਚ ਜਿੱਤ ਦਾ ਦਾਅਵੇਦਾਰ ਮੰਨਿਆ ਜਾ ਰਿਹਾ ਹੈ। ਹਾਲਾਂਕਿ T20 ਫਾਰਮੈਟ ਵਿੱਚ ਵੈਸਟਇੰਡੀਜ਼ ਦੀ ਟੀਮ ਕਿਸੇ ਵੀ ਵੇਲੇ ਮੈਚ ਦਾ ਰੁਖ਼ ਬਦਲਣ ਦੀ ਸਮਰੱਥਾ ਰੱਖਦੀ ਹੈ, ਇਸ ਲਈ ਭਾਰਤੀ ਟੀਮ ਨੂੰ ਸ਼ੁਰੂਆਤ ਤੋਂ ਹੀ ਚੌਕਸ ਰਹਿਣਾ ਪਵੇਗਾ।
