ਅਈਅਰ ਦੇ ਤੂਫਾਨੀ ਸੈਂਕੜੇ ਨਾਲ ਭਾਰਤ ਨੇ ਵੈਸਟਇੰਡੀਜ਼ ਨੂੰ 8 ਵਿਕਟਾਂ ਨਾਲ ਹਰਾਇਆ, ਸੀਰੀਜ਼ ''ਚ 1-0 ਦੀ ਬੜ੍ਹਤ
Wednesday, Oct 07, 2026 - 01:32 AM (IST)
ਲਖਨਊ : ਲਖਨਊ ਦੇ ਇਕਾਨਾ ਸਟੇਡੀਅਮ ਵਿੱਚ ਖੇਡੇ ਗਏ ਪਹਿਲੇ ਟੀ-20 ਮੁਕਾਬਲੇ ਵਿੱਚ ਭਾਰਤੀ ਟੀਮ ਨੇ ਸ਼ਾਨਦਾਰ ਪ੍ਰਦਰਸ਼ਨ ਕਰਦੇ ਹੋਏ ਵੈਸਟਇੰਡੀਜ਼ ਨੂੰ 8 ਵਿਕਟਾਂ ਨਾਲ ਕਰਾਰੀ ਹਾਰ ਦਿੱਤੀ ਹੈ। ਇਸ ਜਿੱਤ ਨਾਲ ਭਾਰਤ ਨੇ 5 ਮੈਚਾਂ ਦੀ ਟੀ-20 ਸੀਰੀਜ਼ ਵਿੱਚ 1-0 ਦੀ ਮਹੱਤਵਪੂਰਨ ਬੜ੍ਹਤ ਹਾਸਲ ਕਰ ਲਈ ਹੈ। ਸੀਰੀਜ਼ ਦਾ ਦੂਜਾ ਟੀ-20 ਮੁਕਾਬਲਾ ਸ਼ੁੱਕਰਵਾਰ, 9 ਅਕਤੂਬਰ ਨੂੰ ਰਾਂਚੀ ਵਿੱਚ ਖੇਡਿਆ ਜਾਵੇਗਾ।
172 ਦੌੜਾਂ ਦੇ ਟੀਚੇ ਦਾ ਪਿੱਛਾ ਕਰਨ ਉੱਤਰੀ ਭਾਰਤੀ ਟੀਮ ਦੀ ਸ਼ੁਰੂਆਤ ਖਰਾਬ ਰਹੀ, ਜਿੱਥੇ ਓਪਨਰ ਅਭਿਸ਼ੇਕ ਸ਼ਰਮਾ ਅਤੇ ਸੰਜੂ ਸੈਮਸਨ ਜਲਦੀ ਆਊਟ ਹੋ ਗਏ। ਇਸ ਤੋਂ ਬਾਅਦ ਕਪਤਾਨ ਸ਼੍ਰੇਅਸ ਅਈਅਰ ਅਤੇ ਈਸ਼ਾਨ ਕਿਸ਼ਨ ਨੇ ਮੋਰਚਾ ਸੰਭਾਲਿਆ। ਸ਼੍ਰੇਅਸ ਅਈਅਰ ਨੇ ਤਾਬੜਤੋੜ ਬੱਲੇਬਾਜ਼ੀ ਕਰਦੇ ਹੋਏ 43 ਗੇਂਦਾਂ ਵਿੱਚ 10 ਚੌਕਿਆਂ ਅਤੇ 6 ਛੱਕਿਆਂ ਦੀ ਮਦਦ ਨਾਲ ਨਾਬਾਦ 102 ਦੌੜਾਂ ਬਣਾਈਆਂ, ਜੋ ਉਨ੍ਹਾਂ ਦੇ ਟੀ-20 ਅੰਤਰਰਾਸ਼ਟਰੀ ਕਰੀਅਰ ਦਾ ਪਹਿਲਾ ਸੈਂਕੜਾ ਹੈ। ਈਸ਼ਾਨ ਕਿਸ਼ਨ ਨੇ ਨਾਬਾਦ 37 ਦੌੜਾਂ ਦੀ ਪਾਰੀ ਖੇਡੀ। ਭਾਰਤ ਨੇ 14.4 ਓਵਰਾਂ ਵਿੱਚ 2 ਵਿਕਟਾਂ ਦੇ ਨੁਕਸਾਨ 'ਤੇ ਟੀਚਾ ਆਸਾਨੀ ਨਾਲ ਹਾਸਲ ਕਰ ਲਿਆ।
ਇਸ ਤੋਂ ਪਹਿਲਾਂ ਟੌਸ ਹਾਰ ਕੇ ਪਹਿਲਾਂ ਬੱਲੇਬਾਜ਼ੀ ਕਰਦਿਆਂ ਵੈਸਟਇੰਡੀਜ਼ ਦੀ ਟੀਮ 171 ਦੌੜਾਂ 'ਤੇ ਆਲ ਆਊਟ ਹੋ ਗਈ ਸੀ। ਮਹਿਮਾਨ ਟੀਮ ਲਈ ਕਪਤਾਨ ਸ਼ਾਈ ਹੋਪ ਅਤੇ ਸ਼ੇਰਫੇਨ ਰਦਰਫੋਰਡ ਨੇ ਅਰਧ-ਸੈਂਕੜੇ ਲਗਾਏ। ਭਾਰਤ ਵੱਲੋਂ ਆਪਣਾ ਡੈਬਿਊ ਮੈਚ ਖੇਡ ਰਹੇ ਯੁਵਾ ਆਲਰਾਊਂਡਰ ਨਮਨ ਧੀਰ ਨੇ ਸਭ ਤੋਂ ਵਧੀਆ ਗੇਂਦਬਾਜ਼ੀ ਕਰਦਿਆਂ 3 ਵਿਕਟਾਂ ਝਟਕਾਈਆਂ। ਇਸ ਤੋਂ ਇਲਾਵਾ ਸਪਿਨਰ ਕੁਲਦੀਪ ਯਾਦਵ ਅਤੇ ਅਕਸ਼ਰ ਪਟੇਲ ਨੇ 2-2 ਵਿਕਟਾਂ ਹਾਸਲ ਕੀਤੀਆਂ, ਜਦਕਿ ਤੇਜ਼ ਗੇਂਦਬਾਜ਼ ਅਰਸ਼ਦੀਪ ਸਿੰਘ ਨੇ 1 ਵਿਕਟ ਲਈ।
