ਭਾਰਤ ਦਾ ਅੱਜ ਤੀਜੇ ਵਨਡੇ ''ਚ ਵੈਸਟਇੰਡੀਜ਼ ਨਾਲ ਸਾਹਮਣਾ, ਖਾਸ ਗੱਲਾਂ ''ਤੇ ਪਾਓ ਇਕ ਝਾਤ
Saturday, Oct 03, 2026 - 10:21 AM (IST)
ਸਪੋਰਟਸ ਡੈਸਕ– ਭਾਰਤ ਤੇ ਵੈਸਟਇੰਡੀਜ਼ ਵਿਚਾਲੇ 3 ਮੈਚਾਂ ਦੀ ਵਨਡੇ ਸੀਰੀਜ਼ ਦਾ ਆਖਰੀ ਤੇ ਤੀਜਾ ਮੈਚ ਅੱਜ ਨਿਊ ਚੰਡੀਗੜ੍ਹ ਦੇ ਪੀਸੀਏ ਕ੍ਰਿਕਟ ਸਟੇਡੀਅਮ ਵਿਖੇ ਖੇਡਿਆ ਜਾਵੇਗਾ। ਪਹਿਲੇ ਦੋ ਮੈਚਾਂ ’ਚ ਜਿੱਤ ਹਾਸਲ ਕਰਕੇ ਕਲੀਨ ਸਵੀਪ ਦੀ ਦਹਿਲੀਜ਼ ’ਤੇ ਖੜ੍ਹੀ ਭਾਰਤੀ ਟੀਮ ਨੂੰ ਵੈਸਟਇੰਡੀਜ਼ ਖਿਲਾਫ ਹੋਣ ਵਾਲੇ ਤੀਜੇ ਤੇ ਆਖਰੀ ਵਨ ਡੇ ਮੈਚ ’ਚ ਆਪਣੀ ਗੇਂਦਬਾਜ਼ੀ ਦੀ ਗੁੱਥੀ ਸੁਲਝਾਉਣੀ ਪਵੇਗੀ, ਜਿਸ ’ਚ ਅਨੁਭਵੀ ਰਵਿੰਦਰ ਜਡੇਜਾ ਦੇ ਪ੍ਰਦਰਸ਼ਨ ’ਤੇ ਨਜ਼ਰਾਂ ਰਹਿਣਗੀਆਂ।
ਭਾਰਤ ਨੇ ਲੜੀ ’ਚ ਦਬਦਬਾ ਬਣਾਈ ਰੱਖਿਆ ਹੈ ਪਰ ਉਸ ਦੇ ਪ੍ਰਦਰਸ਼ਨ ਦੀ ਬਜਾਏ ਚਰਚਾ ਪਿੱਚਾਂ ਦੇ ਬੱਲੇਬਾਜ਼ਾਂ ਦੇ ਅਨੁਕੂਲ ਹੋਣ ’ਤੇ ਕੇਂਦ੍ਰਿਤ ਰਹੀ ਹੈ, ਕਿਉਂਕਿ ਪਿਛਲੇ ਵਨ ਡੇ ’ਚ 800 ਤੋਂ ਵੱਧ ਦੌੜਾਂ ਬਣੀਆਂ ਸਨ। ਇਨ੍ਹਾਂ ਸਥਿਤੀਆਂ ਦੀ ਆਲੋਚਨਾ ਕਰਨ ਵਾਲਿਆਂ ’ਚ ਭਾਰਤ ਦਾ ਮੁੱਖ ਕੋਚ ਗੌਤਮ ਗੰਭੀਰ ਵੀ ਸ਼ਾਮਲ ਹੈ, ਜਿਹੜਾ ਬੱਲੇ ਤੇ ਗੇਂਦ ਵਿਚਾਲੇ ਸੰਤੁਲਨ ਦੇਖਣਾ ਚਾਹੁੰਦਾ ਹੈ।
ਲੜੀ ’ਤੇ ਪਹਿਲਾਂ ਹੀ ਅਜੇਤੂ ਬੜ੍ਹਤ ਬਣਾ ਚੁੱਕੀ ਭਾਰਤੀ ਟੀਮ ਹੁਣ ਆਪਣੇ ਗੇਂਦਬਾਜ਼ਾਂ ਤੋਂ ਬਿਹਤਰ ਪ੍ਰਦਰਸ਼ਨ ਦੀ ਉਮੀਦ ਕਰੇਗੀ। ਕਪਤਾਨ ਸ਼ੁਭਮਨ ਗਿੱਲ ਦੀ ਅਗਵਾਈ ’ਚ ਬੱਲੇਬਾਜ਼ਾਂ ਨੇ ਸ਼ਾਨਦਾਰ ਪ੍ਰਦਰਸ਼ਨ ਕੀਤਾ ਹੈ ਪਰ ਗੇਂਦਬਾਜ਼ੀ ਕਮਜ਼ੋਰ ਰਹੀ ਹੈ। ਦੋਵਾਂ ਮੈਚਾਂ ’ਚ ਪਹਿਲੇ 10 ਓਵਰਾਂ ’ਚ ਸਿਰਫ ਇਕ ਵਿਕਟ ਮਿਲੀ ਹੈ ਤੇ ਦੋਵਾਂ ਪਾਵਰਪਲੇਅ ’ਚ 177 ਦੌੜਾਂ ਦਿੱਤੀਆਂ ਗਈਆਂ। ਭਾਰਤ ਨੂੰ ਵਿਚਾਲੇ ਦੇ ਓਵਰਾਂ ’ਚ ਵੀ ਵਿਕਟਾਂ ਲੈਣ ਲਈ ਸੰਘਰਸ਼ ਕਰਨਾ ਪੈ ਰਿਹਾ ਹੈ। ਕੁਲਦੀਪ ਯਾਦਵ ਨੂੰ ਹੋਰ ਗੇਂਦਬਾਜ਼ਾਂ ਤੋਂ ਜ਼ਿਆਦਾ ਸਹਿਯੋਗ ਨਹੀਂ ਮਿਲ ਰਿਹਾ। ਜਡੇਜਾ ਵਰਗੇ ਤਜਰਬੇਕਾਰ ਖਿਡਾਰੀ ’ਤੇ ਵੀ ਸਵਾਲ ਉੱਠ ਰਹੇ ਹਨ। ਉਸ ਨੇ ਪਿਛਲੇ 8 ਮੈਚਾਂ ’ਚ ਸਿਰਫ 3 ਵਿਕਟਾਂ ਲਈਆਂ ਹਨ।
ਗਿੱਲ ਬੱਲੇ ਨਾਲ ਸ਼ਾਨਦਾਰ ਪ੍ਰਦਰਸ਼ਨ ਕਰ ਰਿਹਾ ਹੈ। ਸੱਜੇ ਹੱਥ ਦੇ ਇਸ ਬੱਲੇਬਾਜ਼ ਦੀ 2024 ਤੋਂ ਘਰੇਲੂ ਵਨ ਡੇ ਮੈਚਾਂ ’ਚ ਔਸਤ 79.3 ਹੈ ਤੇ ਇਸ ਲੜੀ ’ਚ ਉਹ ਪਹਿਲਾਂ ਹੀ ਇਕ ਸੈਂਕੜਾ ਤੇ ਇਕ ਦੋਹਰਾ ਸੈਂਕੜਾ ਲਾ ਚੁੱਕੇ ਹੈ। ਗਿੱਲ ਦੀ ਅਜੇਤੂ 223 ਦੌੜਾਂ ਦੀ ਪਾਰੀ ਦੀ ਮਦਦ ਨਾਲ ਭਾਰਤ ਨੇ ਪਿਛਲੇ ਮੈਚ ’ਚ ਰਿਕਾਰਡ 406 ਦੌੜਾਂ ਦਾ ਟੀਚਾ ਹਾਸਲ ਕੀਤਾ ਸੀ। ਰੋਹਿਤ ਸ਼ਰਮਾ ਤੇ ਵਿਰਾਟ ਕੋਹਲੀ ਨੂੰ ਵੀ ਇਸ ਲੜੀ ’ਚ ਉਪਯੋਗੀ ਪਾਰੀਆਂ ਖੇਡਣ ਦਾ ਮੌਕਾ ਮਿਲਿਆ ਪਰ ਹੁਣ ਤੱਕ ਸਿਰਫ 4 ਭਾਰਤੀ ਬੱਲੇਬਾਜ਼ਾਂ ਨੂੰ ਹੀ ਬੱਲੇਬਾਜ਼ੀ ਦਾ ਮੌਕਾ ਮਿਲਿਆ ਹੈ। ਕੇ. ਐੱਲ. ਰਾਹੁਲ, ਨਮਨ ਧੀਰ ਤੇ ਜਡੇਜਾ ਨੇ ਅਜੇ ਤੱਕ ਬੱਲੇਬਾਜ਼ੀ ਨਹੀਂ ਕੀਤੀ ਹੈ।
ਵੈਸਟਇੰਡੀਜ਼ ਭਾਵੇਂ ਲੜੀ ਹਾਰ ਚੁੱਕਾ ਹੈ ਪਰ ਉਸ ਦੇ ਬੱਲੇਬਾਜ਼ਾਂ ਨੇ ਚੰਗਾ ਪ੍ਰਦਰਸ਼ਨ ਕੀਤਾ ਹੈ। ਜੌਨ ਕੈਂਪਬੈੱਲ ਨੇ ਦੋਵਾਂ ਮੈਚਾਂ ’ਚ ਟੀਮ ਨੂੰ ਧਮਾਕੇਦਾਰ ਸ਼ੁਰੂਆਤ ਦਿੱਤੀ ਹੈ, ਉੱਥੇ ਹੀ ਕਪਤਾਨ ਸ਼ਾਈ ਹੋਪ ਨੇ ਸਹੀ ਸਮੇਂ ’ਤੇ ਤੇਜ਼ੀ ਦਿਖਾਉਣ ਤੋਂ ਪਹਿਲਾਂ ਪਾਰੀ ਨੂੰ ਸੰਭਾਲਣ ਦੀ ਅਹਿਮ ਭੂਮਿਕਾ ਨਿਭਾਈ ਹੈ। ਹਾਲਾਂਕਿ ਉਸ ਦੀ ਟੀਮ ਸ਼ੇਰਫੇਨ ਰਦਰਫੋਰਡ, ਰੋਸਟਨ ਚੇਜ਼ ਤੇ ਕੀਮੋ ਪਾਲ ਤੋਂ ਉਪਯੋਗੀ ਯੋਗਦਾਨ ਦੀ ਉਮੀਦ ਕਰੇਗੀ।
