ਤਿਲਕ ਵਰਮਾ ਨੇ ਟੀ-20 ਕ੍ਰਿਕਟ 'ਚ ਰਚਿਆ ਇਤਿਹਾਸ, 5000 ਦੌੜਾਂ ਪੂਰੀਆਂ ਕਰਦੇ ਹੋਏ ਬਣਾਇਆ ਖਾਸ ਵਿਸ਼ਵ ਰਿਕਾਰਡ

Saturday, Oct 10, 2026 - 03:07 PM (IST)

ਤਿਲਕ ਵਰਮਾ ਨੇ ਟੀ-20 ਕ੍ਰਿਕਟ 'ਚ ਰਚਿਆ ਇਤਿਹਾਸ, 5000 ਦੌੜਾਂ ਪੂਰੀਆਂ ਕਰਦੇ ਹੋਏ ਬਣਾਇਆ ਖਾਸ ਵਿਸ਼ਵ ਰਿਕਾਰਡ

ਰਾਂਚੀ : ਰਾਂਚੀ ਵਿਖੇ ਵੈਸਟਇੰਡੀਜ਼ ਵਿਰੁੱਧ ਖੇਡੇ ਗਏ ਦੂਜੇ ਟੀ-20 ਮੁਕਾਬਲੇ ਵਿੱਚ ਭਾਰਤ ਦੀ ਹਾਰ ਦੇ ਬਾਵਜੂਦ, ਸਟਾਰ ਬੱਲੇਬਾਜ਼ ਤਿਲਕ ਵਰਮਾ ਨੇ ਇੱਕ ਅਜਿਹਾ ਇਤਿਹਾਸਕ ਕਾਰਨਾਮਾ ਕਰ ਦਿਖਾਇਆ ਹੈ ਜੋ ਟੀ-20 ਕ੍ਰਿਕਟ ਦੇ ਇਤਿਹਾਸ ਵਿੱਚ ਉਨ੍ਹਾਂ ਤੋਂ ਪਹਿਲਾਂ ਕੋਈ ਵੀ ਬੱਲੇਬਾਜ਼ ਨਹੀਂ ਕਰ ਸਕਿਆ ਸੀ। ਤਿਲਕ ਨੇ ਮਹਿਜ਼ 18 ਗੇਂਦਾਂ ਵਿੱਚ 44 ਦੌੜਾਂ ਦੀ ਤੂਫ਼ਾਨੀ ਨਾਬਾਦ ਪਾਰੀ ਖੇਡ ਕੇ ਟੀ-20 ਕ੍ਰਿਕਟ ਵਿੱਚ ਆਪਣੀਆਂ 5000 ਦੌੜਾਂ ਪੂਰੀਆਂ ਕਰ ਲਈਆਂ ਹਨ। ਇਸ ਦੇ ਨਾਲ ਹੀ ਉਹ 40 ਤੋਂ ਵੱਧ ਦੀ ਔਸਤ ਅਤੇ 140 ਪਲੱਸ ਦੇ ਸਟ੍ਰਾਈਕ ਰੇਟ ਨਾਲ 5000 ਟੀ-20 ਦੌੜਾਂ ਬਣਾਉਣ ਵਾਲੇ ਵਿਸ਼ਵ ਦੇ ਪਹਿਲੇ ਅਤੇ ਇਕਲੌਤੇ ਖਿਡਾਰੀ ਬਣ ਗਏ ਹਨ।

175ਵੇਂ ਮੈਚ 'ਚ ਬਣਾਇਆ ਰਿਕਾਰਡ
ਟੀ-20 ਕ੍ਰਿਕਟ ਵਿੱਚ ਮੈਚ ਫਿਨਿਸ਼ਰ ਦੀ ਭੂਮਿਕਾ ਨਿਭਾਉਣ ਵਾਲੇ ਤਿਲਕ ਵਰਮਾ ਨੇ ਆਪਣੇ 175ਵੇਂ ਟੀ-20 ਮੈਚ ਦੀ 166ਵੀਂ ਪਾਰੀ ਵਿੱਚ ਇਹ 5000 ਦੌੜਾਂ ਦਾ ਆਂਕੜਾ ਪਾਰ ਕੀਤਾ। ਹੁਣ ਤੱਕ ਉਨ੍ਹਾਂ ਨੇ 41.57 ਦੀ ਔਸਤ ਅਤੇ 145.36 ਦੇ ਬਿਹਤਰੀਨ ਸਟ੍ਰਾਈਕ ਰੇਟ ਨਾਲ ਕੁੱਲ 5031 ਦੌੜਾਂ ਬਣਾਈਆਂ ਹਨ। ਇਨ੍ਹਾਂ 5000 ਤੋਂ ਵੱਧ ਦੌੜਾਂ ਦੌਰਾਨ ਉਨ੍ਹਾਂ ਦੇ ਬੱਲੇ ਤੋਂ 5 ਸੈਂਕੜੇ ਅਤੇ 30 ਅਰਧ-ਸੈਂਕੜੇ ਨਿਕਲੇ ਹਨ।

ਵਿਰਾਟ ਕੋਹਲੀ ਨੂੰ ਛੱਡਿਆ ਪਿੱਛੇ
ਟੀ-20 ਕ੍ਰਿਕਟ ਵਿੱਚ ਸਭ ਤੋਂ ਘੱਟ ਪਾਰੀਆਂ ਵਿੱਚ 5000 ਦੌੜਾਂ ਪੂਰੇ ਕਰਨ ਵਾਲੇ ਭਾਰਤੀ ਬੱਲੇਬਾਜ਼ਾਂ ਦੀ ਸੂਚੀ ਵਿੱਚ ਤਿਲਕ ਵਰਮਾ ਨੇ ਵਿਰਾਟ ਕੋਹਲੀ ਨੂੰ ਪਿੱਛੇ ਛੱਡ ਦਿੱਤਾ ਹੈ। ਤਿਲਕ ਨੇ 166ਵੀਂ ਪਾਰੀ ਵਿੱਚ ਇਹ ਮੁਕਾਮ ਹਾਸਲ ਕੀਤਾ, ਜਦਕਿ ਵਿਰਾਟ ਕੋਹਲੀ ਨੇ 167 ਪਾਰੀਆਂ ਵਿੱਚ ਆਪਣੇ 5000 ਦੌੜਾਂ ਪੂਰੀਆਂ ਕੀਤੀਆਂ ਸਨ। ਇਸ ਦੇ ਨਾਲ ਹੀ ਤਿਲਕ ਸਭ ਤੋਂ ਤੇਜ਼ 5000 ਟੀ-20 ਦੌੜਾਂ ਬਣਾਉਣ ਵਾਲੇ 5ਵੇਂ ਭਾਰਤੀ ਬੱਲੇਬਾਜ਼ ਬਣ ਗਏ ਹਨ। ਇਸ ਸੂਚੀ ਵਿੱਚ ਕੇ.ਐੱਲ. ਰਾਹੁਲ (143 ਪਾਰੀਆਂ) ਪਹਿਲੇ ਸਥਾਨ 'ਤੇ ਹਨ, ਜਦਕਿ ਰੁਤੂਰਾਜ ਗਾਇਕਵਾੜ (145 ਪਾਰੀਆਂ), ਸ਼ੁਭਮਨ ਗਿੱਲ (154 ਪਾਰੀਆਂ) ਅਤੇ ਅਭਿਸ਼ੇਕ ਸ਼ਰਮਾ (165 ਪਾਰੀਆਂ) ਕ੍ਰਮਵਾਰ ਦੂਜੇ, ਤੀਜੇ ਅਤੇ ਚੌਥੇ ਸਥਾਨ 'ਤੇ ਹਨ। 


author

Tarsem Singh

Content Editor

Related News