ਈਰਾਨੀ ਕੱਪ : ''ਸ਼ੇਸ਼ ਭਾਰਤ'' ਨੇ ਜੰਮੂ-ਕਸ਼ਮੀਰ ਨੂੰ 167 ਦੌੜਾਂ ਨਾਲ ਹਰਾ ਕੇ ਜਿੱਤਿਆ ਖਿਤਾਬ

Sunday, Oct 04, 2026 - 04:25 PM (IST)

ਈਰਾਨੀ ਕੱਪ : ''ਸ਼ੇਸ਼ ਭਾਰਤ'' ਨੇ ਜੰਮੂ-ਕਸ਼ਮੀਰ ਨੂੰ 167 ਦੌੜਾਂ ਨਾਲ ਹਰਾ ਕੇ ਜਿੱਤਿਆ ਖਿਤਾਬ

ਸ੍ਰੀਨਗਰ : ਮੁਕੇਸ਼ ਕੁਮਾਰ (33 ਦੌੜਾਂ ਬਦਲੇ 6 ਵਿਕਟਾਂ) ਅਤੇ ਆਕਾਸ਼ ਦੀਪ (25 ਦੌੜਾਂ ਬਦਲੇ 3 ਵਿਕਟਾਂ) ਦੀ ਘਾਤਕ ਗੇਂਦਬਾਜ਼ੀ ਦੇ ਦਮ 'ਤੇ 'ਸ਼ੇਸ਼ ਭਾਰਤ' ਨੇ ਐਤਵਾਰ ਨੂੰ ਮੈਚ ਦੇ ਚੌਥੇ ਅਤੇ ਆਖਰੀ ਦਿਨ ਜੰਮੂ-ਕਸ਼ਮੀਰ ਨੂੰ 167 ਦੌੜਾਂ ਨਾਲ ਹਰਾ ਕੇ ਈਰਾਨੀ ਕੱਪ ਦਾ ਖਿਤਾਬ ਜਿੱਤ ਲਿਆ ਹੈ। 279 ਦੌੜਾਂ ਦੇ ਟੀਚੇ ਦਾ ਪਿੱਛਾ ਕਰ ਰਹੀ ਜੰਮੂ-ਕਸ਼ਮੀਰ ਦੀ ਟੀਮ, ਜਿਸ ਨੇ ਪਹਿਲੀ ਪਾਰੀ ਵਿੱਚ 41 ਦੌੜਾਂ ਦੀ ਬੜ੍ਹਤ ਹਾਸਲ ਕੀਤੀ ਸੀ, ਮੁਕੇਸ਼ ਅਤੇ ਆਕਾਸ਼ ਦੀਪ ਦੀ ਧਾਰਦਾਰ ਗੇਂਦਬਾਜ਼ੀ ਅੱਗੇ ਦੂਜੀ ਪਾਰੀ ਵਿੱਚ ਮਹਿਜ਼ 111 ਦੌੜਾਂ 'ਤੇ ਹੀ ਢਹਿ-ਢੇਰੀ ਹੋ ਗਈ।

ਜੰਮੂ-ਕਸ਼ਮੀਰ ਲਈ ਸਲਾਮੀ ਬੱਲੇਬਾਜ਼ ਸ਼ੁਭਮ ਖਜੂਰੀਆ (32) ਅਤੇ ਕਾਮਰਾਨ ਇਕਬਾਲ (32) ਨੇ ਪਹਿਲੀ ਵਿਕਟ ਲਈ 54 ਦੌੜਾਂ ਜੋੜ ਕੇ ਚੰਗੀ ਸ਼ੁਰੂਆਤ ਦਿਵਾਈ ਸੀ, ਪਰ ਆਕਾਸ਼ ਦੀਪ ਨੇ ਇਕਬਾਲ ਨੂੰ ਐੱਲ.ਬੀ.ਡਬਲਿਊ. ਕਰਕੇ ਇਸ ਸਾਂਝੇਦਾਰੀ ਨੂੰ ਤੋੜਿਆ। ਇਸ ਤੋਂ ਬਾਅਦ ਮੁਕੇਸ਼ ਕੁਮਾਰ ਨੇ ਲੰਚ ਤੋਂ ਠੀਕ ਪਹਿਲਾਂ ਲਗਾਤਾਰ ਦੋ ਗੇਂਦਾਂ 'ਤੇ ਸ਼ੁਭਮ ਪੁੰਡੀਰ ਅਤੇ ਕਪਤਾਨ ਪਾਰਸ ਡੋਗਰਾ (0) ਨੂੰ ਆਊਟ ਕਰਕੇ ਜੰਮੂ-ਕਸ਼ਮੀਰ ਨੂੰ ਦੋਹਰਾ ਝਟਕਾ ਦਿੱਤਾ। ਲੰਚ ਤੋਂ ਬਾਅਦ ਪਹਿਲੀ ਹੀ ਗੇਂਦ 'ਤੇ ਆਕਾਸ਼ ਦੀਪ ਨੇ ਖਜੂਰੀਆ ਨੂੰ ਪਵੇਲੀਅਨ ਭੇਜ ਦਿੱਤਾ, ਜਿਸ ਤੋਂ ਬਾਅਦ ਜੰਮੂ-ਕਸ਼ਮੀਰ ਦੀ ਪਾਰੀ ਲੜਖੜਾ ਗਈ ਅਤੇ ਟੀਮ ਨੇ ਅਗਲੇ 9 ਓਵਰਾਂ ਵਿੱਚ ਮਹਿਜ਼ 22 ਦੌੜਾਂ ਜੋੜ ਕੇ ਆਪਣੀਆਂ 6 ਵਿਕਟਾਂ ਗੁਆ ਦਿੱਤੀਆਂ।

ਮੈਚ ਵਿੱਚ ਕੁੱਲ 6 ਵਿਕਟਾਂ ਲੈਣ ਵਾਲੇ ਆਕਾਸ਼ ਦੀਪ ਦਾ ਇਹ ਪ੍ਰਦਰਸ਼ਨ ਨਿਊਜ਼ੀਲੈਂਡ ਦੇ ਆਗਾਮੀ ਦੌਰੇ ਦੇ ਮੱਦੇਨਜ਼ਰ ਭਾਰਤੀ ਚੋਣਕਾਰਾਂ ਅਤੇ ਟੀਮ ਪ੍ਰਬੰਧਨ ਲਈ ਰਾਹਤ ਦੀ ਖ਼ਬਰ ਹੈ। ਇਸ ਤੋਂ ਪਹਿਲਾਂ 'ਸ਼ੇਸ਼ ਭਾਰਤ' ਨੇ ਆਪਣੀ ਦੂਜੀ ਪਾਰੀ ਵਿੱਚ 319 ਦੌੜਾਂ ਬਣਾਈਆਂ ਸਨ, ਜਿਸ ਵਿੱਚ ਜੰਮੂ-ਕਸ਼ਮੀਰ ਵੱਲੋਂ ਉਮਰ ਨਜ਼ੀਰ, ਸੁਨੀਲ ਕੁਮਾਰ ਅਤੇ ਸਾਹਿਲ ਲੋਤਰਾ ਨੇ 3-3 ਵਿਕਟਾਂ ਹਾਸਲ ਕੀਤੀਆਂ।
 


author

Tarsem Singh

Content Editor

Related News