ਵੈਸਟਇੰਡੀਜ਼ ਦੇ ਹਰਫ਼ਨਮੌਲਾ ਖਿਡਾਰੀ ਬ੍ਰਾਵੋ ਨੇ ਅੰਤਰਰਾਸ਼ਟਰੀ ਕ੍ਰਿਕਟ ਤੋਂ ਸੰਨਿਆਸ ਲੈਣ ਦਾ ਕੀਤਾ ਐਲਾਨ

Friday, Nov 05, 2021 - 03:07 PM (IST)

ਵੈਸਟਇੰਡੀਜ਼ ਦੇ ਹਰਫ਼ਨਮੌਲਾ ਖਿਡਾਰੀ ਬ੍ਰਾਵੋ ਨੇ ਅੰਤਰਰਾਸ਼ਟਰੀ ਕ੍ਰਿਕਟ ਤੋਂ ਸੰਨਿਆਸ ਲੈਣ ਦਾ ਕੀਤਾ ਐਲਾਨ

ਆਬੂ ਧਾਬੀ (ਭਾਸ਼ਾ)- ਵੈਸਟਇੰਡੀਜ਼ ਦੇ ਦਿੱਗਜ ਹਰਫ਼ਨਮੌਲਾ ਡਵੇਨ ਬ੍ਰਾਵੋ ਨੇ ਆਪਣੇ ਕ੍ਰਿਕਟ ਕਰੀਅਰ ਨੂੰ ਮਾਣ ਮਹਿਸੂਸ ਕਰਾਉਣ ਵਾਲਾ ਦੱਸਦੇ ਹੋਏ ਯੂ.ਏ.ਈ. ਵਿਚ ਖੇਡੇ ਜਾ ਰਹੇ ਆਈ.ਸੀ.ਸੀ. ਟੀ-20 ਵਿਸ਼ਵ ਕੱਪ ਤੋਂ ਬਾਅਦ ਕੌਮਾਂਤਰੀ ਕ੍ਰਿਕਟ ਤੋਂ ਸੰਨਿਆਸ ਲੈਣ ਦਾ ਐਲਾਨ ਕੀਤਾ ਹੈ। ਇਸ 38 ਸਾਲਾ ਖਿਡਾਰੀ ਨੇ ਪਹਿਲਾਂ ਵੀ ਸੰਨਿਆਸ ਲਿਆ ਸੀ ਪਰ 2019 ਵਿਚ ਮੁੜ ਅੰਤਰਰਾਸ਼ਟਰੀ ਕ੍ਰਿਕਟ ਵਿਚ ਵਾਪਸੀ ਕੀਤੀ ਸੀ। ਉਹ ਮੌਜੂਦਾ ਟੀ-20 ਵਿਸ਼ਵ ਕੱਪ 'ਚ ਟੀਮ ਦਾ ਅਹਿਮ ਮੈਂਬਰ ਹਨ। ਹਾਲਾਂਕਿ ਵੀਰਵਾਰ ਨੂੰ ਸ਼੍ਰੀਲੰਕਾ ਦੇ ਖ਼ਿਲਾਫ਼ ਹਾਰ ਦੇ ਨਾਲ ਟੀਮ ਸੈਮੀਫਾਈਨਲ ਦੀ ਦੌੜ ਤੋਂ ਬਾਹਰ ਹੋ ਗਈ। ਸ਼੍ਰੀਲੰਕਾ ਨੇ ਸੁਪਰ 12 ਪੜਾਅ ਦਾ ਇਹ ਮੈਚ 20 ਦੌੜਾਂ ਨਾਲ ਜਿੱਤ ਲਿਆ। ਵੈਸਟਇੰਡੀਜ਼ ਦੀ ਚਾਰ ਮੈਚਾਂ 'ਚ ਇਹ ਤੀਜੀ ਹਾਰ ਸੀ ਅਤੇ ਟੀਮ ਨੂੰ ਹੁਣ ਸ਼ਨੀਵਾਰ ਨੂੰ ਆਸਟ੍ਰੇਲੀਆ ਖ਼ਿਲਾਫ਼ ਖੇਡਣਾ ਹੈ, ਜੋ ਬ੍ਰਾਵੋ ਦਾ ਆਖ਼ਰੀ ਅੰਤਰਰਾਸ਼ਟਰੀ ਮੈਚ ਹੋਵੇਗਾ।

ਇਹ ਵੀ ਪੜ੍ਹੋ : ਵਿਰਾਟ ਦੇ ਜਨਮਦਿਨ ਮੌਕੇ ਅਨੁਸ਼ਕਾ ਨੇ ਸਾਂਝੀ ਕੀਤੀ ਰੋਮਾਂਟਿਕ ਤਸਵੀਰ, ਕਿਹਾ-ਇਸ ਫੋਟੋ ਲਈ ਕਿਸੇ ਫਿਲਟਰ ਦੀ ਲੋੜ ਨਹੀਂ

ਲਗਭਗ 17 ਸਾਲਾਂ ਤੱਕ ਅੰਤਰਰਾਸ਼ਟਰੀ ਕ੍ਰਿਕਟ ਖੇਡਣ ਵਾਲੇ ਬ੍ਰਾਵੋ ਨੇ ਕਿਹਾ, 'ਮੈਨੂੰ ਲੱਗਦਾ ਹੈ ਕਿ ਸਮਾਂ (ਅੰਤਰਰਾਸ਼ਟਰੀ ਕ੍ਰਿਕਟ ਨੂੰ ਅਲਵਿਦਾ ਕਹਿਣ ਦਾ) ਆ ਗਿਆ ਹੈ । ਮੇਰਾ ਕਰੀਅਰ ਬਹੁਤ ਵਧੀਆ ਰਿਹਾ ਹੈ। 18 ਸਾਲਾਂ ਤੱਕ ਵੈਸਟਇੰਡੀਜ਼ ਦੀ ਨੁਮਾਇੰਦਗੀ ਕਰਦੇ ਹੋਏ ਕਈ ਉਤਰਾਅ-ਚੜ੍ਹਾਅ ਆਏ, ਪਰ ਜਦੋਂ ਮੈਂ ਪਿੱਛੇ ਮੁੜ ਕੇ ਦੇਖਦਾ ਹਾਂ ਤਾਂ ਇੰਨੇ ਲੰਬੇ ਸਮੇਂ ਤੱਕ ਉਸ ਖੇਤਰ ਅਤੇ ਕੈਰੇਬੀਅਨ ਲੋਕਾਂ ਦੀ ਨੁਮਾਇੰਦਗੀ ਕਰਨ ਲਈ ਮੈਂ ਬਹੁਤ ਸ਼ੁਕਰਗੁਜ਼ਾਰ ਹਾਂ।' ਬ੍ਰਾਵੋ ਨੇ ਸ਼੍ਰੀਲੰਕਾ ਦੇ ਮੈਚ ਤੋਂ ਬਾਅਦ ਕਿਹਾ, 'ICC ਦੇ 3 ਖ਼ਿਤਾਬ ਜਿੱਤਣ ਮੈਨੂੰ ਮਾਣ ਹੈ। ਇਨ੍ਹਾਂ ਵਿਚੋਂ 2 ਮੈਂ ਇੱਥੇ ਖੱਬੇ ਪਾਸੇ ਖੜ੍ਹੇ ਆਪਣੇ ਕਪਤਾਨ (ਡੈਰੇਨ ਸੈਮੀ) ਦੀ ਅਗਵਾਈ ਵਿਚ ਜਿੱਤੇ ਹਨ। ਇਸ ਗੱਲ 'ਤੇ ਮੈਨੂੰ ਮਾਣ ਹੈ ਕਿ ਅਸੀਂ ਕ੍ਰਿਕਟਰਾਂ ਦੇ ਅਜਿਹੇ ਯੁੱਗ ਦਾ ਹਿੱਸਾ ਰਹੇ ਜੋ ਗਲੋਬਲ ਮੰਚ 'ਤੇ ਆਪਣਾ ਨਾਂ ਬਣਾਉਣ ਦੇ ਯੋਗ ਸਨ।'

ਇਸ ਤੋਂ ਪਹਿਲਾਂ ਪਾਕਿਸਤਾਨ ਖ਼ਿਲਾਫ਼਼ ਘਰੇਲੂ ਸੀਰੀਜ਼ ਦੌਰਾਨ ਕਪਤਾਨ ਕੀਰੋਨ ਪੋਲਾਰਡ ਨੇ ਕਿਹਾ ਸੀ ਕਿ ਬ੍ਰਾਵੋ ਕੈਰੇਬੀਅਨ ਦੀ ਧਰਤੀ 'ਤੇ ਆਪਣਾ ਆਖ਼ਰੀ ਟੀ-20 ਅੰਤਰਰਾਸ਼ਟਰੀ ਮੈਚ ਖੇਡ ਰਹੇ ਸਨ। ਬ੍ਰਾਵੋ ਨੇ ਸਾਰੇ ਸੱਤ ਟੀ-20 ਵਿਸ਼ਵ ਕੱਪ ਵਿਚ ਹਿੱਸਾ ਲਿਆ ਹੈ ਅਤੇ 2012 ਅਤੇ 2016 ਵਿਚ ਵੈਸਟਇੰਡੀਜ਼ ਨੂੰ ਚੈਂਪੀਅਨ ਬਣਨ ਵਿਚ ਮਦਦ ਕੀਤੀ। ਉਨ੍ਹਾਂ ਨੇ 90 ਟੀ-20 ਅੰਤਰਰਾਸ਼ਟਰੀ ਮੈਚਾਂ ਵਿਚ 1245 ਦੌੜਾਂ ਬਣਾਈਆਂ ਅਤੇ ਆਪਣੀ ਟੀਮ ਲਈ 78 ਵਿਕਟਾਂ ਲਈਆਂ। ਸਾਲ 2004 ਵਿਚ ਅੰਤਰਰਾਸ਼ਟਰੀ ਕ੍ਰਿਕਟ ਵਿਚ ਡੈਬਿਊ ਕਰਨ ਵਾਲੇ ਬ੍ਰਾਵੋ ਨੇ 40 ਟੈਸਟ ਮੈਚਾਂ ਵਿਚ 31.42 ਦੀ ਔਸਤ ਨਾਲ 2200 ਦੌੜਾਂ ਬਣਾ ਕੇ 86 ਵਿਕਟਾਂ ਵੀ ਲਈਆਂ ਹਨ। ਉਨ੍ਹਾਂ ਨੇ 164 ਵਨਡੇ ਮੈਚਾਂ 'ਚ 199 ਵਿਕਟਾਂ ਅਤੇ 2968 ਦੌੜਾਂ ਬਣਾਈਆਂ ਹਨ। ਬ੍ਰਾਵੋ ਨੇ ਹਾਲਾਂਕਿ ਮੰਨਿਆ ਕਿ ਟੀ-20 ਵਿਸ਼ਵ ਕੱਪ 'ਚ ਉਨ੍ਹਾਂ ਦੀ ਟੀਮ ਦਾ ਪ੍ਰਦਰਸ਼ਨ ਚੰਗਾ ਨਹੀਂ ਰਿਹਾ।

ਇਹ ਵੀ ਪੜ੍ਹੋ : ਖੇਡ ਮੰਤਰਾਲਾ ਵੱਲੋਂ ਰਾਸ਼ਟਰੀ ਪੁਰਸਕਾਰਾਂ ਨੂੰ ਮਨਜ਼ੂਰੀ, ਪੰਜਾਬ ਦੇ ਇਸ ਗੱਭਰੂ ਨੂੰ ਮਿਲੇਗਾ 'ਖੇਲ ਰਤਨ'

ਉਨ੍ਹਾਂ ਨੇ ਨੌਜਵਾਨ ਖਿਡਾਰੀਆਂ ਦਾ ਸਮਰਥਨ ਕਰਦਿਆਂ ਕਿਹਾ, 'ਮੈਂ ਹੁਣ ਨੌਜਵਾਨ ਖਿਡਾਰੀਆਂ ਨਾਲ ਆਪਣਾ ਅਨੁਭਵ ਸਾਂਝਾ ਕਰਨ ਦੀ ਕੋਸ਼ਿਸ਼ ਕਰਾਂਗਾ। ਮੈਨੂੰ ਲੱਗਦਾ ਹੈ ਕਿ ਵੈਸਟਇੰਡੀਜ਼ ਕ੍ਰਿਕਟ ਦਾ ਸਫੈਦ ਗੇਂਦ ਦੇ ਫਾਰਮੈਟ 'ਚ ਉਜਵਲ ਭਵਿੱਖ ਹੈ ਅਤੇ ਸਾਡੇ ਲਈ ਖਿਡਾਰੀਆਂ ਦਾ ਸਮਰਥਨ ਅਤੇ ਹੌਸਲਾ ਵਧਾਉਣਾ ਮਹੱਤਵਪੂਰਨ ਹੈ। ਉਨ੍ਹਾਂ ਕਿਹਾ, 'ਇਹ ਵਿਸ਼ਵ ਕੱਪ ਉਹ ਜਿਹਾ ਨਹੀਂ ਸੀ, ਜਿਸਦੀ ਸਾਨੂੰ ਉਮੀਦ ਸੀ। ਸਾਨੂੰ ਇਸ 'ਤੇ ਨਿਰਾਸ਼ ਨਹੀਂ ਹੋਣਾ ਚਾਹੀਦਾ, ਇਹ ਸਖ਼ਤ ਮੁਕਾਬਲਾ ਸੀ।'

ਨੋਟ: ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦਿਓ ਜਵਾਬ।


author

cherry

Content Editor

Related News