ਸਾਨੂੰ ਓਲੰਪਿਕ ਤੋਂ ਪਹਿਲਾਂ ਮਾਨਸਿਕ ਸ਼ਾਂਤੀ ਦੀ ਲੋੜ : ਮਹਿਲਾ ਪਹਿਲਵਾਨ

Saturday, May 18, 2024 - 12:08 PM (IST)

ਸਾਨੂੰ ਓਲੰਪਿਕ ਤੋਂ ਪਹਿਲਾਂ ਮਾਨਸਿਕ ਸ਼ਾਂਤੀ ਦੀ ਲੋੜ : ਮਹਿਲਾ ਪਹਿਲਵਾਨ

ਨਵੀਂ ਦਿੱਲੀ- ਪੈਰਿਸ ਓਲੰਪਿਕ ਦੀਆਂ ਕੋਟਾ ਜੇਤੂ ਮਹਿਲਾ ਪਹਿਲਵਾਨਾਂ ਨੇ ਸ਼ੁੱਕਰਵਾਰ ਨੂੰ ਰਾਸ਼ਟਰੀ ਸੰਘ ਨੂੰ ਚੋਣ ਟ੍ਰਾਇਲ ਆਯੋਜਿਤ ਨਾ ਕਰਨ ਦੀ ਅਪੀਲ ਕਰਦੇ ਹੋਏ ਕਿਹਾ ਕਿ ਹੁਣ ਤੋਂ ਉਹ ਜੋ ਵੀ ਕਦਮ ਚੁੱਕਣਗੀਆਂ ਤੇ ਜੋ ਕੁਝ ਵੀ ਕਰਨਗੀਆਂ, ਉਸਦਾ ਅਸਰ ਓਲੰਪਿਕ ਵਿਚ ਭਾਰਤ ਦੀਆਂ ਤਮਗਾ ਸੰਭਾਵਨਾਵਾਂ ’ਤੇ ਪਵੇਗਾ। ਸੀਨੀਅਰ ਵਿਸ਼ਵ ਚੈਂਪੀਅਨਸ਼ਿਪ 2021 ਦੇ ਫਾਈਨਲ ਵਿਚ ਪਹੁੰਚਣ ਵਾਲੀ ਭਾਰਤ ਦੀ ਪਹਿਲੀ ਮਹਿਲਾ ਪਹਿਲਵਾਨ ਅੰਸ਼ੂ ਮਲਿਕ ਨੇ ਕਿਹਾ ਕਿ ਖੇਡਾਂ ਦੀਆਂ ਤਿਆਰੀਆਂ ਲਈ ਹੁਣ ਉਨ੍ਹਾਂ ਨੂੰ ਸਿਰਫ ‘ਮਾਨਸਿਕ ਸ਼ਾਂਤੀ’ ਦੀ ਲੋੜ ਹੈ। ਅੰਸ਼ੂ ਨੂੰ ਜੇਕਰ ਪੈਰਿਸ ਜਾਣ ਦਾ ਮੌਕਾ ਮਿਲਦਾ ਹੈ ਤਾਂ ਇਹ ਇਨ੍ਹਾਂ ਖੇਡਾਂ ਵਿਚ ਇਸ 22 ਸਾਲਾ ਖਿਡਾਰਨ ਲਈ ਦੂਜਾ ਮੌਕਾ ਹੋਵੇਗਾ। ਉਸ ਨੇ ਪਿਛਲੀਆਂ ਓਲੰਪਿਕ ਵਿਚ 17 ਸਾਲ ਦੀ ਉਮਰ ਵਿਚ ਮਹਿਲਾਵਾਂ ਦੇ 57 ਕਿ. ਗ੍ਰਾ. ਭਾਰ ਵਰਗ ਵਿਚ ਕੋਟਾ ਹਾਸਲ ਕਰਕੇ ਹੈਰਾਨ ਕੀਤਾ ਸੀ ਪਰ ਵੱਡੇ ਪੱਧਰ ਦੇ ਤਜਰਬੇ ਦੀ ਕਮੀ ਕਾਰਨ ਉਹ ਪਹਿਲੇ ਹੀ ਦੌਰ ਵਿਚੋਂ ਬਾਹਰ ਹੋ ਗਈ ਸੀ। ਟੋਕੀਓ ਓਲੰਪਿਕ ਤੋਂ ਬਾਅਦ ਹਾਲਾਂਕਿ ਇਸ ਹਮਲਾਵਰ ਪਹਿਲਵਾਨ ਨੇ ਆਪਣੀ ਖੇਡ ਵਿਚ ਕਾਫੀ ਸੁਧਾਰ ਕੀਤਾ। ਉਸ ਨੇ ਵਿਸ਼ਵ ਚੈਂਪੀਅਨਸ਼ਿਪ ਵਿਚ ਇਤਿਹਾਸਕ ਚਾਂਦੀ ਤਮਗਾ ਜਿੱਤਣ ਤੋਂ ਬਾਅਦ ਏਸ਼ੀਆਈ ਚੈਂਪੀਅਨਸ਼ਿਪ ਵਿਚ 4 ਤਮਗੇ ਜਿੱਤੇ। ਉਹ ਪਿਛਲੇ ਸਾਲ ਏਸ਼ੀਆਈ ਚੈਂਪੀਅਨਸ਼ਿਪ ਦੌਰਾਨ ਲੱਗੀ ਗੋਡੇ ਵਿਚ ਸੱਟ ਕਾਰਨ ਏਸ਼ੀਆਈ ਖੇਡਾਂ ਵਿਚ ਹਿੱਸਾ ਨਹੀਂ ਲੈ ਸਕੀ ਸੀ। ਅੰਸ਼ੂ ਨੂੰ ਡਰ ਹੈ ਕਿ ਖੇਡਾਂ ਦੇ ਇੰਨੇ ਨੇੜੇ ਆਉਣ ਨਾਲ ਉਸਦੇ ਸਰੀਰ ’ਤੇ ਦਬਾਅ ਪਾਉਣ ਨਾਲ ਉਸਦੀਆਂ ਤਿਆਰੀਆਂ ਪ੍ਰਭਾਵਿਤ ਹੋ ਸਕਦੀਆਂ ਹਨ।
ਅੰਸ਼ੂ ਨੇ ਕਿਹਾ, ‘‘ਮੈਂ 10 ਜੂਨ ਤੋਂ ਇਕ ਕੌਮਾਂਤਰੀ ਟ੍ਰੇਨਿੰਗ ਕੈਂਪ ਲਈ ਯੂਰਪ ਵੀ ਜਾਣਾ ਚਾਹੁੰਦੀ ਹਾਂ ਪਰ ਟ੍ਰਾਇਲਾਂ ਨੂੰ ਲੈ ਕੇ ਸ਼ਸ਼ੋਪੰਜ ਦੀ ਸਥਿਤੀ ਕਾਰਨ ਮੈਂ ਇਸ ਨੂੰ ਆਖਰੀ ਰੂਪ ਨਹੀਂ ਦੇ ਪਾ ਰਹੀ। ਸਾਨੂੰ ਵਿਰੋਧੀਆਂ ਨਾਲ ਮੁਕਾਬਲਿਆਂ ਦੀ ਰਣਨੀਤੀ ਬਣਾਉਣ ਦੀ ਲੋੜ ਹੈ ਪਰ ਜੇਕਰ ਮੈਂ ਟ੍ਰਾਇਲ ਲਈ ਤਿਆਰੀ ਕਰਦੀ ਹਾਂ ਤਾਂ ਮੈਂ ਓਲੰਪਿਕ ਦੀ ਤਿਆਰੀ ਕਿਵੇਂ ਕਰਾਂਗੀ?’’
ਭਾਰਤੀ ਕੁਸ਼ਤੀ ਸੰਘ (ਡਬਲਯੂ. ਐੱਫ. ਆਈ.) ਨੇ ਟ੍ਰਾਇਲ ਮਾਪਦੰਡ ਤੈਅ ਕਰਨ ਲਈ 21 ਮਈ ਨੂੰ ਦਿੱਲੀ ਵਿਚ ਆਪਣੀ ਚੋਣ ਕਮੇਟੀ ਦੀ ਮੀਟਿੰਗ ਬੁਲਾਈ ਹੈ। ਨਿਸ਼ਾ ਦਹੀਆ (68 ਕਿ. ਗ੍ਰਾ.) ਤੇ ਰੀਤਿਕਾ ਹੁੱਡਾ (76 ਕਿ. ਗ੍ਰਾ.) ਉਨ੍ਹਾਂ 5 ਮਹਿਲਾ ਪਹਿਲਵਾਨਾਂ ਵਿਚ ਸ਼ਾਮਲ ਹਨ, ਜਿਨ੍ਹਾਂ ਨੇ ਭਾਰਤ ਲਈ ਕੋਟਾ ਹਾਸਲ ਕੀਤਾ ਹੈ।
ਉੱਥੇ ਹੀ, ਨਿਸ਼ਾ ਦਹੀਆ ਨੇ ਕਿਹਾ,‘‘ਮੈਂ ਅਜੇ ਵੀ ਕੁਆਲੀਫਾਇਰ ਵਿਚ ਭਾਰ-ਕਟੌਤੀ ਤੋਂ ਉੱਭਰ ਰਹੀ ਹਾਂ। ਜੇਕਰ ਅਸੀਂ ਫਿਰ ਤੋਂ ਟ੍ਰਾਇਲਾਂ ਵਿਚੋਂ ਲੰਘਦੇ ਹਾਂ ਤਾਂ ਇਹ ਸਾਡੇ ਸਰੀਰ ’ਤੇ ਅਸਰ ਪਾਵੇਗਾ। ਅਸੀਂ ਧਾਕੜ ਪਹਿਲਵਾਨਾਂ ਨਾਲ ਭਿੜਨਾ ਹੈ ਤੇ ਉਸਦੇ ਲਈ ਚੰਗੀ ਯੋਜਨਾ ਬਣਾਉਣ ਦੀ ਲੋੜ ਹੈ ਪਰ ਜੇਕਰ ਟ੍ਰਾਇਲ ਦੇ ਬਾਰੇ ਵਿਚ ਸੋਚਦੇ ਰਹਾਂਗੇ ਤਾਂ ਅਸੀਂ ਅੱਗੇ ਦੀ ਰਣਨੀਤੀ ਕਿਵੇਂ ਬਣਾਵਾਂਗੇ।’’
ਰੋਹਤਕ ਦੇ ਸਤਿਆਵਾਨ ਦੇ ਅਖਾੜੇ ਵਿਚ ਟ੍ਰੇਨਿੰਗ ਲੈਣ ਵਾਲੀ ਨਿਸ਼ਾ ਨੇ ਕਿਹਾ,‘‘ਮੈਂ ਇਸਤਾਂਬੁਲ ਤੋਂ ਸਿੱਧੇ ਇੱਥੇ ਆਈ ਹਾਂ। ਮੈਂ ਸਮੇਂ ਤੇ ਇਕਾਗਰਤਾ ਬਰਬਾਦ ਨਹੀਂ ਕਰਨਾ ਚਾਹੁੰਦੀ ਸੀ, ਇਸ ਲਈ ਇੱਥੇ ਆਉਂਦੇ ਹੀ ਅਭਿਆਸ ਕਰਨ ਲੱਗੀ ਹਾਂ। ਮੈਂ ਆਪਣੇ ਮਾਤਾ-ਪਿਤਾ ਨੂੰ ਵੀ ਇੱਥੇ ਆਉਣ ਦੀ ਮਨਜ਼ੂਰੀ ਨਹੀਂ ਦਿੱਤੀ। ਹੁਣ ਅਸੀਂ ਓਲੰਪਿਕ ਤੋਂ ਬਾਅਦ ਹੀ ਮਿਲਾਂਗੇ।’’
ਉੱਥੇ ਹੀ, ਰੀਤਿਕਾ ਹੁੱਡਾ ਦਾ ਭਾਰ 81 ਕਿ. ਗ੍ਰਾ. ਹੈ ਤੇ ਅੰਡਰ-23 ਵਰਗ ਵਿਚ ਦੇਸ਼ ਦੀ ਪਹਿਲੀ ਵਿਸ਼ਵ ਚੈਂਪੀਅਨ ਨੇ ਕਿਹਾ, ‘‘ਸਾਨੂੰ ਭਾਰ ਘੱਟ ਕਰਨ ਵਿਚ ਲੱਗਭਗ 7 ਦਿਨ ਲੱਗਦੇ ਹਨ ਤੇ ਮੁਕਾਬਲੇਬਾਜ਼ੀ ਤੋਂ ਬਾਅਦ ਟੀਮ ਹੋਣ ਵਿਚ ਲੱਗਭਗ ਇੰਨਾ ਹੀ ਸਮਾਂ ਲੱਗਦਾ ਹੈ। ਜੇਕਰ ਮੈਨੂੰ ਪ੍ਰਕਿਰਿਆ ਫਿਰ ਤੋਂ ਸ਼ੁਰੂ ਕਰਨੀ ਹੈ ਤਾਂ ਇਹ ਇਕ ਵੱਡੀ ਚੁਣੌਤੀ ਹੈ। ਸਾਨੂੰ ਟ੍ਰਾਇਲਾਂ ਤੋਂ ਛੋਟ ਮਿਲਣੀ ਚਾਹੀਦੀ ਹੈ।’’


author

Aarti dhillon

Content Editor

Related News