ਵਿਰਾਟ ਨੇ 31ਵੇਂ ਜਨਮ ਦਿਨ ''ਤੇ ''ਚੀਕੂ'' ਨੂੰ ਲਿਖਿਆ ਭਾਵੁਕ ਪੱਤਰ
Wednesday, Nov 06, 2019 - 01:49 AM (IST)

ਨਵੀਂ ਦਿੱਲੀ— ਭਾਰਤੀ ਕ੍ਰਿਕਟ ਟੀਮ ਦਾ ਕਪਤਾਨ ਅਤੇ ਧਾਕੜ ਖਿਡਾਰੀ ਵਿਰਾਟ ਕੋਹਲੀ ਮੰਗਲਵਾਰ 31 ਸਾਲ ਦਾ ਹੋ ਗਿਆ ਹੈ। ਇਸ ਖਾਸ ਮੌਕੇ 'ਤੇ ਉਸ ਨੂੰ ਦੁਨੀਆ ਭਰ ਤੋਂ ਵਧਾਈ ਸੰਦੇਸ਼ ਮਿਲੇ ਪਰ ਇਸ ਵਿਚ ਸਭ ਤੋਂ ਖਾਸ ਵਿਰਾਟ ਦਾ ਖੁਦ ਨੂੰ ਲਿਖਿਆ ਪੱਤਰ ਰਿਹਾ, ਜਿਹੜਾ ਉਸ ਦੀਆਂ ਭਾਵਨਾਵਾਂ ਅਤੇ ਸ਼ਖ਼ਸੀਅਤ ਦਾ ਆਇਨਾ (ਸ਼ੀਸ਼ਾ) ਕਿਹਾ ਜਾ ਸਕਦਾ ਹੈ।
ਭਾਰਤੀ ਕਪਤਾਨ ਨੇ ਆਪਣੇ 16 ਸਾਲ ਪਿੱਛੇ ਜਾਂਦੇ ਹੋਏ 15 ਸਾਲਾ ਵਿਰਾਟ ਦੇ ਨਾਂ ਇਹ ਪੱਤਰ ਲਿਖਿਆ, ਜਿਹੜਾ ਅਜੇ ਸਫਲਤਾ ਅਤੇ ਸੁਰਖੀਆਂ ਤੋਂ ਬਹੁਤ ਦੂਰ ਹੈ। ਸੋਸ਼ਲ ਸਾਈਟ 'ਤੇ ਵਿਰਾਟ ਨੇ ਇਸ ਪੱਤਰ ਨੂੰ ਸਾਂਝਾ ਕੀਤਾ, ਜਿਸ ਤੋਂ ਸਾਫ ਝਲਕ ਮਿਲੀ ਕਿ ਉਹ ਇਸ ਵੱਡੀ ਸਫਲਤਾ ਵਿਚਾਲੇ ਕਿਸ ਹੱਦ ਤਕ ਆਪਣੇ ਪੁਰਾਣੇ ਪਲਾਂ ਅਤੇ ਪਰਿਵਾਰ ਨਾਲ ਬਿਤਾਏ ਸਮੇਂ ਨੂੰ ਯਾਦ ਕਰਦਾ ਹੈ।
ਫਿਲਹਾਲ ਭੂਟਾਨ ਵਿਚ ਪਤਨੀ ਅਨੁਸ਼ਕਾ ਨਾਲ ਛੁੱਟੀਆਂ ਬਿਤਾ ਰਿਹਾ ਵਿਰਾਟ ਬੰਗਲਾਦੇਸ਼ ਵਿਰੁੱਧ ਘਰੇਲੂ ਟੀ-20 ਸੀਰੀਜ਼ ਤੋਂ ਅਜੇ ਬਾਹਰ ਹੈ, ਜਿਸ ਵਿਚ ਰੋਹਿਤ ਸ਼ਰਮਾ ਕਾਰਜਕਾਰੀ ਕਪਤਾਨ ਦੀ ਭੂਮਿਕਾ ਨਿਭਾ ਰਿਹਾ ਹੈ।
ਵਿਰਾਟ ਨੇ ਆਪਣੇ ਪੱਤਰ ਦੇ ਨਾਲ ਲਿਖਿਆ, ''ਮੇਰਾ ਸਫਰ ਅਤੇ ਜ਼ਿੰਦਗੀ, ਮੈਂ ਖੁਦ ਦੇ 15 ਸਾਲਾ ਵਿਰਾਟ ਨੂੰ ਸਮਝਾਇਆ ਹੈ। ਮੈਂ ਆਪਣੇ ਵਲੋਂ ਇਸ ਪੱਤਰ ਨੂੰ ਚੰਗਾ ਲਿਖਣ ਦੀ ਕੋਸ਼ਿਸ਼ ਕੀਤੀ ਹੈ, ਤੁਸੀਂ ਇਸ ਨੂੰ ਪੜ੍ਹੋ....
31 ਸਾਲਾ ਬੱਲੇਬਾਜ਼ ਨੇ ਖੁਦ ਨੂੰ ਪੱਤਰ ਵਿਚ ਚੀਕੂ ਦੇ ਆਪਣੇ ਨਿਕਨੇਮ (ਉਪ ਨਾਂ) ਨਾਲ ਸੰਬੋਧਿਤ ਕਰਦਿਆਂ ਲਿਖਿਆ, ''ਸਭ ਤੋਂ ਪਹਿਲਾਂ ਤਾਂ ਤੁਹਾਨੂੰ ਜਨਮ ਦਿਨ ਦੀ ਵਧਾਈ। ਮੈਨੂੰ ਪਤਾ ਹੈ ਕਿ ਤੁਹਾਡੇ ਕੋਲ ਆਪਣੇ ਭਵਿੱਖ ਨੂੰ ਲੈ ਕੇ ਬਹੁਤ ਸਾਰੇ ਸਵਾਲ ਹੋਣਗੇ ਪਰ ਮੈਂ ਇਨ੍ਹਾਂ ਵਿਚੋਂ ਕਿਸੇ ਦਾ ਜਵਾਬ ਨਹੀਂ ਦੇਣ ਵਾਲਾ ਹਾਂ... ਕਿਉਂਕਿ ਨਾ ਪਤਾ ਹੋਣ 'ਤੇ ਹੀ ਹਰ ਸਰਪ੍ਰਾਈਜ਼ ਜ਼ਿਆਦਾ ਮਿੱਠਾ, ਹਰ ਚੁਣੌਤੀ ਵੱਧ ਚੁਣੌਤੀਪੂਰਨ ਅਤੇ ਹਰ ਨਿਰਾਸ਼ਾ ਸਿੱਖਣ ਦਾ ਮੌਕਾ ਲੱਗਦੀ ਹੈ। ਇਹ ਤੁਹਾਡੇ ਅਜੇ ਸਮਝ 'ਚ ਨਹੀਂ ਆਵੇਗਾ ਪਰ ਮੰਜ਼ਿਲ ਨਾਲੋਂ ਵੱਧ ਸਫਰ ਦੇ ਮਾਇਨੇ ਹੁੰਦੇ ਹਨ ਅਤੇ ਇਹ ਸਫਰ 'ਸੁਪਰ' ਹੈ।
ਉਸ ਨੇ ਅੱਗੇ ਲਿਖਿਆ, ''ਮੈਂ ਤੁਹਾਨੂੰ ਇਹ ਦੱਸਣਾ ਚਾਹੁੰਦਾ ਹਾਂ ਕਿ ਤੁਹਾਡੇ ਲਈ ਕਈ ਵੱਡੇ ਮੌਕੇ ਆਉਣ ਵਾਲੇ ਹਨ, ਤੁਹਾਨੂੰ ਇਨ੍ਹਾਂ ਨੂੰ ਹਾਸਲ ਕਰਨ ਦੀ ਕੋਸ਼ਿਸ਼ ਕਰਨੀ ਚਾਹੀਦੀ ਹੈ ਪਰ ਕਦੇ ਇਨ੍ਹਾਂ ਨੂੰ ਘੱਟ ਨਹੀਂ ਸਮਝਣਾ ਚਾਹੀਦਾ। ਤੁਸੀਂ ਅਸਫਲ ਹੋਵੋਗੇ ਪਰ ਤਦ ਵੀ ਖੜ੍ਹੇ ਰਹਿਣਾ ਅਤੇ ਜਿੱਤਣ ਦਾ ਜਵਾਬ ਰੱਖਣਾ ਨਹੀ ਭੁੱਲਣਾ। ਤੁਸੀਂ ਕੋਸ਼ਿਸ਼ ਕਰਦੇ ਰਹਿਣਾ। ਕਈ ਲੋਕ ਤੁਹਾਨੂੰ ਪਿਆਰ ਕਰਨਗੇ ਅਤੇ ਕਈ ਜਿਹੜੇ ਨਹੀਂ ਵੀ ਜਾਣਦੇ, ਨਫਰਤ ਕਰਨਗੇ। ਇਸ ਦੀ ਪਰਵਾਹ ਨਾ ਕਰਨਾ, ਖੁਦ 'ਤੇ ਭਰੋਸਾ ਰੱਖਣਾ।''
ਵਿਰਾਟ ਨੇ ਲਿਖਿਆ, ''ਤੁਹਾਨੂੰ ਪਾਪਾ (ਪਿਤਾ) ਨੂੰ ਦੱਸਣਾ ਹੈ ਕਿ ਉਨ੍ਹਾਂ ਨੂੰ ਤੁਸੀਂ ਕਿੰਨਾ ਪਿਆਰ ਕਰਦੇ ਹੋ। ਉਨ੍ਹਾਂ ਨੂੰ ਅੱਜ, ਕੱਲ ਅਤੇ ਜਦੋਂ ਵੀ ਮੌਕਾ ਮਿਲੇ, ਇਹ ਜ਼ਰੂਰ ਦੱਸੋ। ਅੰਤ ਵਿਚ ਆਪਣੇ ਸੁਪਨਿਆਂ ਨੂੰ ਪੂਰਾ ਕਰਨ ਲਈ ਮਿਹਨਤ ਕਰਦੇ ਰਹੋ। ਦੁਨੀਆ ਨੂੰ ਦੱਸ ਦਿਓ ਕਿ ਵੱਡੇ ਸੁਪਨੇ ਦੇਖਣ ਵਾਲੇ ਹੀ ਵੱਡੇ ਬਣਦੇ ਹਨ ਪਰ ਖੁਦ ਨੂੰ ਨਾ ਭੁੱਲੋ।'' ਉਸ ਨੇ ਆਖਿਰ ਵਿਚ ਲਿਖਿਆ, ''ਅਤੇ ਹਾਂ, ਉਨ੍ਹਾਂ ਪਰੌਂਠਿਆਂ ਦਾ ਮਜ਼ਾ ਲੈਣਾ ਨਾ ਭੁੱਲਣਾ... ਆਉਣ ਵਾਲੇ ਸਮੇਂ ਵਿਚ ਉਹ ਬਹੁਤ ਕੀਮਤੀ ਹੋਣਗੇ।'' ਹਰ ਦਿਨ ਸੁਪਰ ਬਣਨਾ...ਵਿਰਾਟ। ਭਾਰਤੀ ਬੱਲੇਬਾਜ਼ ਨੇ ਇਸ ਤੋਂ ਪਹਿਲਾਂ ਆਪਣੀ ਪਤਨੀ ਅਨੁਸ਼ਕਾ ਨਾਲ ਭੂਟਾਨ ਵਿਚ ਛੁੱਟੀਆਂ ਦੀ ਇਕ ਤਸਵੀਰ ਵੀ ਸਾਂਝੀ ਕੀਤੀ। ਵਿਰਾਟ ਦੋ ਟੈਸਟਾਂ ਦੀ ਸੀਰੀਜ਼ ਦੌਰਾਨ ਟੀਮ ਵਿਚ ਵਾਪਸੀ ਕਰੇਗਾ, ਜਿਸ ਦੀ ਸ਼ੁਰੂਆਤ 14 ਨਵੰਬਰ ਤੋਂ ਹੋਣੀ ਹੈ।