ਵਿਨੇਸ਼ ਨੇ ਅਨੁਸ਼ਾਸਨ ਤੋੜਿਆ ਤਾਂ ਮੁਅੱਤਲੀ ਸਹੀ : ਮਹਾਵੀਰ ਫੋਗਾਟ
Wednesday, Aug 11, 2021 - 07:04 PM (IST)
ਭਿਵਾਨੀ— ਵਿਨੇਸ਼ ਫੋਗਾਟ ਨੂੰ ਅਸਥਾਈ ਤੌਰ ’ਤੇ ਮੁਅੱਤਲ ਕੀਤੇ ਜਾਣ ’ਤੇ ਉਸ ਦੇ ਪਰਿਵਾਰਕ ਮੈਂਬਰਾਂ ਨੇ ਬੁੱਧਵਾਰ ਨੂੰ ਇੱਥੇ ਕਿਹਾ ਕਿ ਜੇਕਰ ਇਸ ਸਟਾਰ ਪਹਿਲਵਾਨ ਨੇ ਟੋਕੀਓ ਓਲੰਪਿਕ ਦੇ ਦੌਰਾਨ ਅਸਲ ’ਚ ਅਨੁਸ਼ਾਸਨਹੀਨਤਾ ਦਿਖਾਈ ਤਾਂ ਫਿਰ ਭਾਰਤੀ ਕੁਸ਼ਤੀ ਮਹਾਸੰਘ (ਡਬਲਯੂ. ਐੱਫ. ਆਈ.) ਦਾ ਫ਼ੈਸਲਾ ਸਹੀ ਹੈ। ਡਬਲਯੂ. ਐੱਫ. ਆਈ. ਨੇ ਮੰਗਲਵਾਰ ਨੂੰ ਦੱਸਿਆ ਸੀ ਕਿ ਉਸ ਨੇ ਟੋਕੀਓ ਓਲੰਪਿਕ ਖੇਡਾਂ ਦੀ ਮੁਹਿੰਮ ਦੇ ਦੌਰਾਨ ਅਨੁਸ਼ਾਸਨਹੀਨਤਾ ਦੇ ਲਈ ਵਿਨੇਸ਼ ਨੂੰ ‘ਅਸਥਾਈ ਤੌਰ ’ਤੇ ਮੁਅੱਤਲ’ ਕਰ ਦਿੱਤਾ ਹੈ। ਵਿਨੇਸ਼ ਦੇ ਬਚਪਨ ਦੇ ਕੋਚ ਤੇ ਦ੍ਰੋਣਾਚਾਰਿਆ ਪੁਰਸਕਾਰ ਜੇਤੂ ਮਹਾਵੀਰ ਫੋਗਾਟ ਨੇ ਕਿਹਾ ਕਿ ਖੇਡਾਂ ’ਚ ਅਨੁਸ਼ਾਸਨਹੀਨਤਾ ਨੂੰ ਬਰਦਾਸ਼ਤ ਨਹੀਂ ਕੀਤਾ ਜਾਣਾ ਚਾਹੀਦਾ ਹੈ। ਮਹਾਵੀਰ ਵਿਨੇਸ਼ ਦੇ ਤਾਇਆ ਵੀ ਹਨ।
ਉਨ੍ਹਾਂ ਕਿਹਾ, ‘‘ਵਿਨੇਸ਼ ਨੇ ਖੇਡ ਦੇ ਦੌਰਾਨ ਦੂਜੀ ਕੰਪਨੀ ਦੀ ਟੀ-ਸ਼ਰਟ ਪਾਈ ਸੀ, ਜਿਸ ਨੂੰ ਮਹਾਸੰਘ ਨੇ ਅਨੁਸ਼ਾਸਨਹੀਨਤਾ ਮੰਨਿਆ ਹੈ। ਜੇਕਰ ਇਹ ਅਨੁਸ਼ਾਸਨਹੀਨਤਾ ਹੈ ਤਾਂ ਉਸ ਦਾ ਵਿਨੇਸ਼ ਨੂੰ ਸਬਕ ਮਿਲਣਾ ਚਾਹੀਦਾ ਹੈ। ਹੁਣ ਵਿਨੇਸ਼ ਵੀ ਆਪਣਾ ਪੱਖ ਰੱਖੇਗੀ।’’ ਟੋਕੀਓ ਓਲੰਪਿਕ ਦੇ ਕੁਆਰਟਰ ਫ਼ਾਈਨਲ ’ਚ ਹਾਰ ਕੇ ਬਾਹਰ ਹੋਈ ਵਿਨੇਸ਼ ਨੂੰ ਨੋਟਿਸ ਦਾ ਜਵਾਬ ਦੇਣ ਲਈ 16 ਅਗਸਤ ਤਕ ਦਾ ਸਮਾਂ ਦਿੱਤਾ ਗਿਆ ਹ। ਇਸ ’ਚ ਅਨੁਸ਼ਾਸਨਹੀਨਤਾ ਦੇ ਤਿੰਨ ਦੋਸ਼ ਲਾਏ ਗਏ ਹਨ। ਜਵਾਬ ਨਹੀਂ ਦੇਣ ਤਕ ਉਹ ਕਿਸੇ ਰਾਸ਼ਟਰੀ ਜਾਂ ਘਰੇਲੂ ਪ੍ਰਤੀਯੋਗਿਤਾ ’ਚ ਮੁਕਾਬਲੇਬਾਜ਼ੀ ਪੇਸ਼ ਨਹੀਂ ਕਰ ਸਕੇਗੀ ਤੇ ਡਬਲਯੂ. ਐੱਫ. ਆਈ. ਆਖ਼ਰੀ ਫ਼ੈਸਲਾ ਕਰੇਗਾ। ਵਿਨੇਸ਼ ਦੇ ਭਰਾ ਹਰਵਿੰਦਰ ਨੇ ਕਿਹਾ ਕਿ ਵਿਨੇਸ਼ ਨੂੰ ਮੁਅੱਤਲ ਕੀਤੇ ਜਾਣ ਦੀ ਜਾਣਕਾਰੀ ਨਹੀਂ ਹੈ। ਉਨ੍ਹਾਂ ਕਿਹਾ, ‘‘ਮੇਰੀ ਵਿਨੇਸ਼ ਨਾਲ ਵੀ ਗੱਲ ਨਹੀਂ ਹੋਈ ਹੈ ਜੇਕਰ ਮਹਾਸੰਘ ਨੇ ਵਿਨੇਸ਼ ਨੂੰ ਨੋਟਿਸ ਦਿੱਤਾ ਹੈ ਤਾਂ ਉਹ ਉਸ ਦਾ ਜਵਾਬ ਦੇਵੇਗੀ ਤੇ ਵਿਨੇਸ਼ ਭਵਿੱਖ ਚ ਆਪਣਾ ਸਰਵਸ੍ਰੇਸ਼ਠ ਖੇਡ ਦਿਖਾ ਕੇ ਦੇਸ਼ ਲਈ ਤਮਗ਼ਾ ਜਿੱਤੇਗੀ।