''ਲੋਕੀਂ ਸਾਨੂੰ ਮਣ-ਮਣ ਦੀਆਂ ਗਾਲ੍ਹਾਂ ਕੱਢਦੇ ਨੇ...'' AAP ਆਗੂ ਨੇ ਘੇਰੀ ਆਪਣੀ ਹੀ ਸਰਕਾਰ (ਵੀਡੀਓ)
Tuesday, Mar 17, 2026 - 06:08 PM (IST)
ਲੁਧਿਆਣਾ (ਵੈੱਬ ਡੈਸਕ): ਆਮ ਆਦਮੀ ਪਾਰਟੀ ਦੇ ਆਗੂ ਸੌਰਵ ਸਾਹਨੀ ਨੇ ਸੜਕਾਂ ਦੀ ਖਸਤਾ ਹਾਲਤ ਨੂੰ ਲੈ ਕੇ ਆਪਣੀ ਹੀ ਸਰਕਾਰ ਨੂੰ ਘੇਰ ਲਿਆ ਹੈ। ਉਨ੍ਹਾਂ ਨੇ ਸੋਸ਼ਲ ਮੀਡੀਆ 'ਤੇ ਲਾਈਵ ਆ ਕੇ ਲੁਧਿਆਣਾ ਤੋਂ ਵਿਧਾਇਕ ਤੇ ਲੋਕਲ ਬਾਡੀ ਮੰਤਰੀ ਸੰਜੀਵ ਅਰੋੜਾ ਨੂੰ ਅਪੀਲ ਕਰਦਿਆਂ ਆਖਿਆ ਹੈ ਕਿ ਉਨ੍ਹਾਂ ਦੇ ਆਪਣੇ ਇਲਾਕੇ ਦੀਆਂ ਸੜਕਾਂ ਦੀ ਹਾਲਤ ਹੀ ਬੜੀ ਖ਼ਰਾਬ ਹੈ, ਜਿਸ ਨਾਲ ਉਨ੍ਹਾਂ ਨੂੰ ਲੋਕਾਂ ਦੀ ਨਾਰਾਜ਼ਗੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਉਨ੍ਹਾਂ ਨੇ ਇੱਥੋਂ ਤਕ ਆਖ ਦਿੱਤਾ ਕਿ 'ਲੋਕੀਂ ਸਾਨੂੰ ਮਣ-ਮਣ ਦੀਆਂ ਗਾਲ੍ਹਾਂ ਕੱਢਦੇ ਹਨ, ਜੇ ਇਹੀ ਹਾਲਾਤ ਰਹੇ ਤਾਂ ਕਿਸੇ ਨੇ ਵੀ ਸਾਨੂੰ ਵੋਟ ਨਹੀਂ ਪਾਉਣੀ।'
ਸੌਰਵ ਸਾਹਨੀ ਨੇ ਆਖਿਆ ਕਿ ਉਹ ਬਹੁਤ ਪ੍ਰੇਸ਼ਾਨ ਹੋ ਕੇ ਲਾਈਵ ਹੋਏ ਹਨ। ਹੈਬੋਵਾਲ ਗੋਲ ਚੌਕ ਤੋਂ ਲੈ ਕੇ ਪੀ. ਏ. ਯੂ. ਤਕ ਦੀ ਸੜਕ ਦੀ ਹਾਲਤ ਬਹੁਤ ਮਾੜੀ ਹੈ। ਉਨ੍ਹਾਂ ਦੋਸ਼ ਲਗਾਇਆ ਕਿ ਸੜਕਾਂ ਨੂੰ ਜਗ੍ਹਾ-ਜਗ੍ਹਾ ਤੋਂ ਤੋੜ ਦਿੱਤਾ ਜਾ ਰਿਹਾ ਹੈ, ਪਰ ਸਮੇਂ ਸਿਰ ਉਨ੍ਹਾਂ ਦੀ ਮੁਰੰਮਤ ਨਹੀਂ ਹੋ ਰਹੀ, ਜਿਸ ਕਾਰਨ ਲੋਕਾਂ ਨੂੰ ਕਾਫ਼ੀ ਪ੍ਰੇਸ਼ਾਨੀ ਆ ਰਹੀ ਹੈ। ਉਨ੍ਹਾਂ ਕਿਹਾ ਕਿ ਲੁਧਿਆਣਾ ਸ਼ਹਿਰ ਵਿਚ ਸੜਕਾਂ ਦਾ ਬਹੁਤ ਬੁਰਾ ਹਾਲ ਹੈ। ਡੀ. ਐੱਮ. ਸੀ. ਤੇ ਚੀਮਾ ਚੌਕ ਜਿਹੇ ਇਲਾਕਿਆਂ ਵਿਚ ਵੀ ਸੜਕਾਂ ਟੁੱਟੀਆਂ ਹੋਈਆਂ ਹਨ।
'ਆਪ' ਵਰਕਰ ਨੇ ਲੀਡਰਸ਼ਿਪ ਨੂੰ ਅਪੀਲ ਕੀਤੀ ਹੈ ਕਿ ਛੇਤੀ ਤੋਂ ਛੇਤੀ ਸੜਕਾਂ ਦੀ ਮੁਰੰਮਤ ਕਰਵਾਈ ਜਾਵੇ, ਜੇਕਰ ਇਹੋ ਹਾਲਾਤ ਰਹੇ ਤਾਂ ਆਉਣ ਵਾਲੀਆਂ ਚੋਣਾਂ ਵਿਚ ਲੋਕਾਂ ਨੇ ਉਨ੍ਹਾਂ ਨੂੰ ਵੋਟ ਨਹੀਂ ਪਾਉਣੀ। ਉਨ੍ਹਾਂ ਕਿਹਾ ਕਿ ਉਹ ਲੋਕਾਂ ਤੋਂ ਹੱਥ ਜੋੜ-ਜੋੜ ਕੇ ਵੋਟਾਂ ਮੰਗਦੇ ਹਨ, ਪਰ ਜੇ ਇਹੋ ਹਾਲ ਰਿਹਾ ਤਾਂ ਵੋਟਾਂ ਨਹੀਂ ਮਿਲਣੀਆਂ। ਉਨ੍ਹਾਂ ਕਿਹਾ ਕਿ ਲੋਕ ਰਾਹ ਵਿਚ ਉਨ੍ਹਾਂ ਦੀ ਗੱਡੀ ਰੋਕ-ਰੋਕ ਕੇ ਆਪਣੇ ਗੁੱਸਾਂ ਜ਼ਾਹਿਰ ਕਰਦੇ ਹਨ ਤੇ ਅੱਜ ਵੀ ਕਿਸੇ ਨੇ ਉਨ੍ਹਾਂ ਨੂੰ ਖਰੀਆਂ-ਖਰੀਆਂ ਸੁਣਾਈਆਂ ਹਨ।
