ਚੀਨ ਦੀ ਲਾਪਤਾ ਟੈਨਿਸ ਸਟਾਰ ਪੇਂਗ ਸ਼ੁਆਈ ਦਾ ਵੀਡੀਓ ਆਨਲਾਈਨ ਕੀਤਾ ਗਿਆ ਪੋਸਟ

Sunday, Nov 21, 2021 - 03:46 PM (IST)

ਚੀਨ ਦੀ ਲਾਪਤਾ ਟੈਨਿਸ ਸਟਾਰ ਪੇਂਗ ਸ਼ੁਆਈ ਦਾ ਵੀਡੀਓ ਆਨਲਾਈਨ ਕੀਤਾ ਗਿਆ ਪੋਸਟ

ਬੀਜਿੰਗ- ਚੀਨ ਦੀ ਸੱਤਾਧਾਰੀ ਕਮਿਊਨਿਸਟ ਪਾਰਟੀ ਦੇ ਅਖ਼ਬਾਰ ਦੇ ਸੰਪਾਦਕ ਨੇ ਇਕ ਵੀਡੀਓ ਆਨਲਾਈਨ ਪੋਸਟ ਕੀਤੀ ਹੈ ਤੇ ਉਨ੍ਹਾਂ ਨੇ ਕਿਹਾ ਕਿ ਇਸ 'ਚ ਲਾਪਤਾ ਟੈਨਿਸ ਸਟਾਰ ਪੇਂਗ ਸ਼ੁਆਈ ਐਤਵਾਰ ਨੂੰ ਇਕ ਮੈਚ ਦੇਖ ਰਹੀ ਹੈ। ਇਸ 'ਤੇ ਸੱਤਾ 'ਤੇ ਕਾਬਜ਼ ਪਾਰਟੀ ਨੇ ਵਿਦੇਸ਼ 'ਚ ਚੀਨ ਦੀ ਇਸ ਚੋਟੀ ਦੀ ਟੈਨਿਸ ਖਿਡਾਰੀ ਨੂੰ ਲੈ ਕੇ ਪੈਦਾ ਹੋਏ ਡਰ ਨੂੰ ਦੂਰ ਕਰਨ ਦੀ ਕੋਸ਼ਿਸ਼ ਕੀਤੀ ਜਿਨ੍ਹਾਂ ਨੇ ਇਕ ਸੀਨੀਅਰ ਨੇਤਾ 'ਤੇ ਜਿਨਸੀ ਸ਼ੋਸ਼ਣ ਦਾ ਦੋਸ਼ ਲਾਇਆ ਸੀ।

'ਗਲੋਬਲ ਟਾਈਮਸ' ਦੇ ਸੰਪਾਦਕ ਹੁ ਜਿਨ ਨੇ ਟਵਿੱਟਰ 'ਤੇ ਇਹ ਵੀਡੀਓ ਪੋਸਟ ਕੀਤੀ ਹੈ ਜਿਸ ਨੂੰ ਚੀਨ 'ਚ ਜ਼ਿਆਦਾਤਰ ਇੰਟਰਨੈਟ ਯੂਜ਼ਰਸ ਨਹੀਂ ਦੇਖ ਸਕਦੇ। ਇਸ ਵੀਡੀਓ 'ਚ ਪੇਂਗ ਪੰਜ ਹੋਰ ਲੋਕਾਂ ਦੇ ਨਾਲ ਹੈ, ਜਿਸ 'ਤੇ ਹੁ ਜਿਨ ਨੇ ਕਿਹਾ ਕਿ ਉਹ ਬੀਜਿੰਗ ਦੀ ਇਕ ਯੁਵਾ ਚੈਂਪੀਅਨ ਹੈ। ਇਸ ਤੋਂ ਪਹਿਲਾਂ ਸ਼ਨੀਵਾਰ ਨੂੰ ਸ਼ੁ ਜਿਨ ਨੇ ਟਵਿੱਟਰ 'ਤੇ ਬਿਆਨ ਦਿੱਤਾ ਸੀ ਕੇ ਪੇਂਗ ਛੇਤੀ ਹੀ ਜਨਤਕ ਤੌਰ 'ਤੇ ਦਿਖਾਈ ਦੇਵੇਗੀ।

ਪੇਂਗ ਦੇ ਗ਼ਾਇਬ ਹੋਣ ਤੇ ਉਸ ਨਾਲ ਸਬੰਧਤ ਸੂਚਨਾ ਦੇ ਜਵਾਬ 'ਚ ਸਰਕਾਰ ਦੀ ਚੁੱਪੀ ਤੋਂ ਫ਼ਰਵਰੀ 'ਚ ਬੀਜਿੰਗ 'ਚ ਹੋਣ ਵਾਲੀਆਂ ਵਿੰਟਰ ਖੇਡਾਂ ਦੇ ਬਾਈਕਾਟ ਦੀਆਂ ਗੱਲਾਂ ਹੋ ਰਹੀਆਂ ਹਨ ਜੋ ਕਿ ਕਮਿਊਨਿਸਟ ਪਾਰਟੀ ਲਈ ਇਕ ਵੱਕਾਰੀ ਟੂਰਨਾਮੈਂਟ ਹੈ। ਮਹਿਲਾਵਾਂ ਦੇ ਪੇਸ਼ੇਵਰ ਟੂਰ ਨੇ ਵੀ ਚੀਨ ਤੋਂ ਟੂਰਨਾਮੈਂਟ ਖੋਹਣ ਦੀ ਧਮਕੀ ਦਿੱਤੀ ਹੈ ਜੇਕਰ ਉਹ ਸਾਬਕਾ ਨੰਬਰ ਇਕ ਡਬਲਜ਼ ਖਿਡਾਰੀ ਦੇ ਸੁਰੱਖਿਅਤ ਹੋਣ ਦਾ ਭਰੋਸਾ ਨਹੀਂ ਦਿੰਦਾ। ਚੀਨ 'ਚ ਪੇਂਗ ਦੇ ਬਾਰੇ 'ਚ ਚਰਚਾ ਨੂੰ ਵੈੱਬਸਾਈਟ ਤੋਂ ਡਿਲੀਟ ਕਰ ਦਿੱਤਾ ਗਿਆ ਹੈ। ਸ਼ੁੱਕਰਵਾਰ ਨੂੰ ਇਕ ਸਰਕਾਰੀ ਬੁਲਾਰੇ ਨੇ ਕਿਹਾ ਸੀ ਕਿ ਉਨ੍ਹਾਂ ਨੂੰ ਪੇਂਗ ਦੇ ਲਾਪਤਾ ਹੋਣ ਬਾਰੇ ਕੁਝ ਨਹੀਂ ਪਤਾ ਹੈ।


author

Tarsem Singh

Content Editor

Related News