ਅੰਡਰ-17 ਏਸ਼ੀਆਈ ਕੱਪ : ਕਰੋ ਜਾਂ ਮਰੋ ਦੇ ਮੁਕਾਬਲੇ ’ਚ ਭਾਰਤ ਦਾ ਸਾਹਮਣਾ ਜਾਪਾਨ ਨਾਲ
Friday, Jun 23, 2023 - 11:33 AM (IST)
ਬੈਂਕਾਕ (ਭਾਸ਼ਾ)– ਭਾਰਤੀ ਟੀਮ ਅੰਡਰ-17 ਏਸ਼ੀਆਈ ਕੱਪ ਵਿਚ ‘ਕਰੋ ਜਾਂ ਮਰੋ’ ਦੇ ਆਖ਼ਰੀ ਗਰੁੱਪ ਮੈਚ ਵਿਚ ਸ਼ੁੱਕਰਵਾਰ ਯਾਨੀ ਅੱਜ ਮੌਜੂਦਾ ਚੈਂਪੀਅਨ ਜਾਪਾਨ ਨਾਲ ਭਿੜੇਗੀ ਤਾਂ ਉਸਦਾ ਇਰਾਦਾ ਕੁਆਰਟਰ ਫਾਈਨਲ ’ਚ ਜਗ੍ਹਾ ਬਣਾਉਣ ਦਾ ਹੋਵੇਗਾ। ਗਰੁੱਪ-ਡੀ ਦਾ ਮੈਚ ਰਾਜਾਮੰਗਲਾ ਸਟੇਡੀਅਮ ਵਿਚ ਖੇਡਿਆ ਜਾਵੇਗਾ। ਭਾਰਤ ਦੇ ਮੁੱਖ ਕੋਚ ਬਿਬਿਆਨੋ ਫਰਨਾਂਡਿਸ ਨੂੰ ਜਾਪਾਨ ਦੀ ਮੁਸ਼ਕਿਲ ਚੁਣੌਤੀ ਦਾ ਅਹਿਸਾਸ ਹੈ ਪਰ ਉਸ ਨੇ ਕਿਹਾ ਕਿ ਰਣਨੀਤੀ ’ਤੇ ਅਮਲ ਕਰਨ ’ਤੇ ਉਸਦੀ ਟੀਮ ਇਸ ਅੜਿੱਕੇ ਨੂੰ ਪਾਰ ਕਰਨ ਵਿਚ ਸਮਰੱਥ ਹੈ।
ਫਰਨਾਂਡਿਸ ਨੇ ਕਿਹਾ,‘‘ਸਾਡੇ ਲਈ ਇਹ ਆਸਾਨ ਨਹੀਂ ਹੈ। ਅਸੀਂ ਜਾਪਾਨ ਨੂੰ ਹਰਾਉਣਾ ਹੈ, ਜਿਸ ਨਾਲ ਕੁਆਰਟਰ ਫਾਈਨਲ ’ਚ ਜਗ੍ਹਾ ਬਣਾ ਲਵਾਂਗੇ। ਜਾਪਾਨ ਟੂਰਨਾਮੈਂਟ ਦੀਆਂ ਸਭ ਤੋਂ ਮਜ਼ਬੂਤ ਟੀਮਾਂ ਵਿਚੋਂ ਇਕ ਹੈ। ਇਹ ਮੁਕਾਬਲਾ ਆਸਾਨ ਨਹੀਂ ਹੋਵੇਗਾ ਪਰ ਅਸਵੰਭ ਵੀ ਨਹੀਂ ਹੈ।’’ ਉਸ ਨੇ ਕਿਹਾ,‘‘ਫੁੱਟਬਾਲ ’ਚ ਕੁਝ ਵੀ ਹੋ ਸਕਦਾ ਹੈ। ਜਾਪਾਨ ਦਾ ਪੱਲੜਾ ਭਾਰੀ ਹੈ ਪਰ ਸਾਨੂੰ ਇਕ-ਦੋ ਮੌਕੇ ਮਿਲ ਗਏ ਤਾਂ ਕੁਝ ਵੀ ਹੋ ਸਕਦਾ ਹੈ।’’ ਗਰੁੱਪ-ਡੀ ਵਿਚ ਅਜੇ ਚਾਰ ਟੀਮਾਂ ਕੋਲ ਆਖਰੀ-8 ਵਿਚ ਪਹੁੰਚਣ ਦਾ ਮੌਕਾ ਹੈ। ਭਾਰਤ ਲਈ ਸਮੀਕਰਣ ਮੁਸ਼ਕਿਲ ਹਨ ਕਿਉਂਕਿ ਉਸ ਨੂੰ ਜਾਪਾਨ ਨੂੰ ਹਰਾਉਣ ਤੋਂ ਇਲਾਵਾ ਉਜਬੇਕਿਸਤਾਨ ਤੇ ਵੀਅਤਨਾਮ ਦਾ ਮੈਚ ਘੱਟ ਤੋਂ ਘੱਟ ਡਰਾਅ ’ਤੇ ਰਹਿਣ ਦੀ ਉਮੀਦ ਕਰਨੀ ਪਵੇਗੀ। ਭਾਰਤ ਪਹਿਲੇ ਦੋ ਮੈਚ ਜਿੱਤ ਨਹੀਂ ਸਕਿਆ। ਉਸ ਨੂੰ ਵੀਅਤਨਾਮ ਨੇ 1-1 ਨਾਲ ਡਰਾਅ ’ਤੇ ਰੋਕਿਆ ਜਦਕਿ ਉਜਬੇਕਿਸਤਾਨ ਨੇ 1-0 ਨਾਲ ਹਰਾਇਆ।