ਛੋਟੇ ਉਸਤਾਦ ਪ੍ਰਗਿਆਨੰਦਾ ਨੇ ਦੁਨੀਆ ਨੂੰ ਕੀਤਾ ਰੋਮਾਂਚਿਤ

11/19/2017 3:49:17 AM

ਇਟਲੀ- ਵਿਸ਼ਵ ਜੂਨੀਅਰ ਸ਼ਤਰੰਜ ਚੈਂਪੀਅਨਸ਼ਿਪ-2017 'ਚ ਭਾਰਤ ਦੇ ਛੋਟੇ ਉਸਤਾਦ 12 ਸਾਲਾ ਪ੍ਰਗਿਆਨੰਦਾ ਨੇ ਸ਼ਾਨਦਾਰ ਪ੍ਰਦਰਸ਼ਨ ਕਰਦਿਆਂ ਵਿਸ਼ਵ ਸ਼ਤਰੰਜ 'ਚ ਖਲਬਲੀ ਮਚਾ ਦਿੱਤੀ ਹੈ। 20 ਸਾਲ ਦੀ ਉਮਰ ਦੇ ਧਾਕੜ ਚੋਣਵੇਂ ਪ੍ਰਤਿਭਾਸ਼ਾਲੀ ਖਿਡਾਰੀਆਂ ਵਿਚਾਲੇ ਹੋਣ ਵਾਲੀ ਇਸ ਵਿਸ਼ਵ ਚੈਂਪੀਅਨਸ਼ਿਪ ਨੇ ਦੁਨੀਆ ਨੂੰ ਕਈ ਵਾਰ ਭਵਿੱਖ ਦੇ ਵਿਸ਼ਵ ਚੈਂਪੀਅਨਜ਼ ਦਿੱਤੇ ਹਨ। ਵਿਸ਼ਵਨਾਥਨ ਆਨੰਦ ਵੀ ਇਸੇ ਚੈਂਪੀਅਨਸ਼ਿਪ ਰਾਹੀਂ ਦੁਨੀਆ 'ਤੇ ਛਾਇਆ ਸੀ।
ਜਿਥੇ ਭਾਰਤ ਦੇ ਨੰਨ੍ਹੇ ਸਿਤਾਰੇ ਪ੍ਰਗਿਆਨੰਦਾ  ਨੇ ਪਿਛਲੇ ਰਾਊਂਡ 'ਚ ਟਾਪ ਸੀਡ ਨੀਦਰਲੈਂਡ ਦੇ ਜਾਰਡਨ ਵਾਨ ਫਾਰੇਸਟ ਨੂੰ ਹਰਾ ਕੇ ਸਾਰਿਆਂ ਨੂੰ ਹੈਰਾਨ ਕਰ ਦਿੱਤਾ ਸੀ, ਉਥੇ ਉਸ ਨੇ ਹਮਵਤਨ ਚੋਟੀ ਦੇ ਖਿਡਾਰੀ ਸੁਨੀਲ ਨਾਰਾਇਣਨ ਨੂੰ ਹਰਾ ਕੇ ਸਾਰਿਆਂ ਨੂੰ ਰੋਮਾਂਚਿਤ ਕਰ ਦਿੱਤਾ। ਰਾਏ ਲੋਪੇਜ਼ ਓਪਨਿੰਗ 'ਚ ਹੋਏ ਇਸ ਮੁਕਾਬਲੇ 'ਚ ਪ੍ਰਗਿਆਨੰਦਾ ਕਾਲੇ ਮੋਹਰਿਆਂ ਨਾਲ ਖੇਡ ਰਿਹਾ ਸੀ ਤੇ ਉਸ ਨੇ 52 ਚਾਲਾਂ ਤਕ ਚੱਲੇ ਇਸ ਮੁਕਾਬਲੇ 'ਚ ਸ਼ਾਨਦਾਰ ਜਿੱਤ ਦਰਜ ਕੀਤੀ। ਇਸ ਜਿੱਤ ਦੇ ਨਾਲ ਹੀ ਹੁਣ ਉਹ 4.5 ਅੰਕਾਂ ਨਾਲ ਭਾਰਤੀ ਖਿਡਾਰੀਆਂ 'ਚ ਸਭ ਤੋਂ ਅੱਗੇ ਤੇ ਟੂਰਨਾਮੈਂਟ 'ਚ ਸਾਂਝੇ ਤੌਰ 'ਤੇ ਦੂਜੇ ਸਥਾਨ 'ਤੇ ਪਹੁੰਚ ਗਿਆ ਹੈ।
ਹੋਰਨਾਂ ਖਿਡਾਰੀਆਂ 'ਚ ਅਰਵਿੰਦ ਚਿਦਾਂਬਰਮ ਨੇ ਅੱਜ ਆਪਣੀ ਲਗਾਤਾਰ ਚੌਥੀ ਜਿੱਤ ਦੇ ਨਾਲ 4 ਅੰਕਾਂ ਨਾਲ ਸਾਂਝੇ ਤੌਰ 'ਤੇ ਤੀਜਾ ਸਥਾਨ ਹਾਸਲ ਕਰ ਲਿਆ। ਉਸ ਨੇ ਮੇਜ਼ਬਾਨ ਇਟਲੀ ਦੇ ਪੀਰ ਬਾਸੋ ਨੂੰ ਹਾਰ ਦਾ ਸਵਾਦ ਚਖਾ ਦਿੱਤਾ। ਮੁਰਲੀ ਕਾਰਤੀਕੇਅਨ, ਸ਼ਾਰਦੁਲ ਗਾਗਰੇ 3.5 ਅੰਕਾਂ 'ਤੇ, ਸੁਨੀਲ ਨਾਰਾਇਣਨ, ਵੈਭਵ ਸੂਰੀ, ਸਿਧਾਂਤ ਮੋਹਪਾਤ੍ਰਾ, ਨੂਬੇਰਸ਼ਾਹ, ਕੁਮਾਰ ਗੌਰਵ, ਕ੍ਰਿਸ਼ਣਾ ਤੇਜਾ 3 ਅੰਕਾਂ 'ਤੇ ਖੇਡ ਰਹੇ ਹਨ।


Related News