ਇਸ ਪਾਕਿ ਨੌਜਵਾਨ ਗੇਂਦਬਾਜ਼ ਨੇ ਤੋੜੇ ਆਪਣੇ ਹੀ ਸਾਬਕਾ ਧਾਕੜ ਗੇਂਦਬਾਜ਼ਾਂ ਦੇ ਰਿਕਾਰਡ
Saturday, Oct 20, 2018 - 12:10 PM (IST)

ਨਵੀਂ ਦਿੱਲੀ : ਆਸਟਰੇਲੀਆ ਨੂੰ ਪਾਕਿਸਤਾਨ ਖਿਲਾਫ ਅਬੂ ਧਾਬੀ ਟੈਸਟ ਵਿਚ 373 ਦੌੜਾਂ ਨਾਲ ਹਾਰ ਦਾ ਸਾਹਮਣਾ ਕਰਨਾ ਪਿਆ। ਇਸ ਤਰ੍ਹਾਂ ਪਾਕਿਸਤਾਨ ਨੇ 2 ਟੈਸਟਾਂ ਦੀ ਸੀਰੀਜ਼ ਨੂੰ 1-0 ਨਾਲ ਆਪਣੇ ਨਾਂ ਕਰ ਲਿਆ। ਪਹਿਲਾਂ ਟੈਸਟ ਡਰਾਅ 'ਤੇ ਖਤਮ ਹੋਇਆ ਸੀ। ਪਾਕਿਸਤਾਨ ਵਲੋਂ ਇਸ ਸੀਰੀਜ਼ ਵਿਚ ਨੌਜਵਾਨ ਤੇਜ਼ ਗੇਂਦਬਾਜ਼ ਮੁਹੰਮਦ ਅੱਬਾਸ ਨੇ ਕੁਲ 17 ਵਿਕਟਾਂ ਲਈਆਂ। ਅੱਬਾਸ ਨੇ ਇਸ ਸੀਰੀਜ਼ ਦੌਰਾਨ ਇਮਰਾਨ ਖਾਨ, ਵਸੀਮ ਅਕਰਮ ਅਤੇ ਵੱਕਾਰ ਯੂਨਿਸ ਵਰਗੇ ਧਾਕੜ ਗੇਂਦਬਾਜ਼ਾਂ ਨੂੰ ਪਿੱਛੇ ਛੱਡ ਦਿੱਤਾ।
ਏਸ਼ੀਆਈ ਤੇਜ਼ ਗੇਂਦਬਾਜ਼ਾਂ ਦੀ ਔਸਤ ਦੇ ਮਾਮਲੇ 'ਚ (ਘੱਟੋਂ-ਘੱਟ 50 ਟੈਸਟ ਵਿਕਟ) ਮੁਹੰਮਦ ਅੱਬਾਸ ਕਈ ਦਿੱਗਜਾਂ ਤੋਂ ਅੱਗੇ ਨਿਕਲ ਗਏ। ਮੁਹੰਮਦ ਅੱਬਾਸ ਦਾ ਮੌਜੂਦਾ ਔਸਤ 15.16 ਦਾ ਹੈ, ਜਦਕਿ ਦੂਜੇ ਨੰਬਰ 'ਤੇ 23.03 ਦੀ ਔਸਤ ਵਾਲੇ ਸ਼ੱਬੀਰ ਅਹਿਮਦ ਹਨ ਅਤੇ ਚੌਥੇ ਨੰਬਰ 'ਤੇ 23.56 ਦੀ ਔਸਤ ਦੇ ਸਾਥ ਵੱਕਾਰ ਯੂਨਿਸ ਹਨ। ਇਸ ਸੂਚੀ 'ਚ 5ਵੇਂ ਨੰਬਰ 'ਤੇ 23.62 ਦੀ ਔਸਤ ਦੇ ਨਾਲ ਸਾਬਕਾ ਕ੍ਰਿਕਟਰ ਵਸੀਮ ਅਕਰਮ ਹਨ। ਜ਼ਿਕਰਯੋਗ ਹੈ ਕਿ ਇਸ ਸੂਚੀ ਵਿਚ ਭਾਰਤ, ਸ਼੍ਰੀਲੰਕਾ ਜਾਂ ਬੰਗਲਾਦੇਸ਼ ਦਾ ਕੋਈ ਵੀ ਤੇਜ਼ ਗੇਂਦਬਾਜ਼ ਨਹੀਂ ਹੈ। ਅੱਬਾਸ ਦੀ ਔਸਤ ਅਜਿਹੀ ਹੈ, ਜਿਸ ਨੂੰ ਪਛਾੜਨਾ ਕਿਸੇ ਵੀ ਗੇਂਦਬਾਜ਼ ਲਈ ਸੌਖਾ ਨਹੀਂ ਹੋਵੇਗਾ।